ਕੇਜਰੀਵਾਲ ਦੀ ਪੰਜਾਬ ਦੇ ਅਫ਼ਸਰਾਂ ਨਾਲ ਬੈਠਕ 'ਤੇ ਘਿਰੀ 'ਆਪ', ਕਾਂਗਰਸ ਨੇ ਚੁੱਕੇ ਸਵਾਲ
Tuesday, Apr 12, 2022 - 01:30 PM (IST)

ਨਵੀਂ ਦਿੱਲੀ/ਜਲੰਧਰ : ਜਲੰਧਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੀ ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾਰੀ , ਪੀ.ਐੱਸ.ਪੀ.ਸੀ.ਐੱਲ. ਚੇਅਰਮੈਨ ਬਲਦੇਵ ਸਿੰਘ ਸਰਾਂ ਅਤੇ ਮੁੱਖ ਸਕੱਤਰ ਪਾਵਰ ਦਿਲੀਪ ਕੁਮਾਰ ਨਾਲ ਬੀਤੇ ਦਿਨ ਹੋਈ ਮੀਟਿੰਗ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਸਵਾਲ ਚੁੱਕੇ ਹਨ। ਪੰਜਾਬ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਮਾਨ ਨੂੰ ਆਪਣੇ ਆਪਣੇ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਮੁੱਖ ਮੰਤਰੀ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਗ਼ੈਰ-ਹਾਜ਼ਰੀ 'ਚ ਹੋਈ ਇਸ ਬੈਠਕ 'ਚ ਦਿੱਲੀ ਦੇ ਮੰਤਰੀਆਂ ਦੀ ਸ਼ਮੂਲੀਅਤ ਨੂੰ ਪੰਜਾਬ ਦੀ ਅਸਹਿਮਤੀ ਦਾ ਨਾਮ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇਸਦਾ ਹਵਾਲਾ ਦਿੰਦਿਆਂ ਵੜਿੰਗ ਨੇ ਮਾਨ ਸਰਕਾਰ 'ਤੇ ਸਵਾਲ ਚੁੱਕੇ ਅਤੇ ਪੁੱਛਿਆ ਕਿ ਇਹ ਸਪੱਸ਼ਟ ਕੀਤਾ ਜਾਵੇ ਕਿ ਕੇਜਰੀਵਾਲ ਨੇ ਕਿਸ ਮੁੱਦੇ 'ਤੇ ਅਤੇ ਕਿਸ ਹੱਕ ਨਾਲ ਪੰਜਾਬ ਦੇ ਅਧਿਕਾਰੀਆਂ ਨਾਲ ਇਹ ਬੈਠਕ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਮਾਨ 'ਤੇ ਟਿਪਣੀ ਕਰਦੇ ਹੋਏ ਕਿਹਾ ਕਿ ਸਿਰ ਤਾਂ ਝੁਕਾ ਹੀ ਦਿੱਤਾ ਸੀ ਕੀ ਹੁਣ ਮੱਥਾ ਵੀ ਟੇਕ ਦਿੱਤਾ ਹੈ ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਘਰਵਾਲੀ ਹਸਪਤਾਲ ’ਚ ਦਾਖ਼ਲ, ਅੱਜ ਹੋਵੇਗਾ ਆਪ੍ਰੇਸ਼ਨ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਇਸ ਮਸਲੇ 'ਤੇ ਮੁੱਖ ਮੰਤਰੀ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ 300 ਯੂਨਿਟ ਮੁਫ਼ਤ ਬਿਜਲੀ 'ਤੇ ਵਿਚਾਰ ਲਈ ਅਫ਼ਸਰਾਂ ਨੂੰ ਬਿਨਾ CM ਗੁਪਤ ਤੌਰ 'ਤੇ ਦਿੱਲੀ ਸੱਦਣ ਦਾ ਮਤਲਬ ਕੀ ਇਹ ਹੈ ਕਿ ਕੇਜਰੀਵਾਲ ਭਗਵੰਤ ਨੂੰ ਕਰੈਡਿਟ ਨਹੀਂ ਦੇਣਾ ਚਾਹੁੰਦੇ। ਕੀ ਭਗਵੰਤ ਮਾਨ ਦੀ ਲੋੜ ਸਿਰਫ਼ ਹਿਮਾਚਲ ਤੇ ਗੁਜਰਾਤ ਦੇ ਪ੍ਰਚਾਰ ਲਈ ਹੀ ਹੈ। ਫ਼ੈਸਲਿਆਂ ਦੀ ਵਾਹੋ-ਵਾਹੀ ਸਿਰਫ਼ ਕੇਜਰੀਵਾਲ ਲੁੱਟਣਾ ਚਾਹੁੰਦੇ ਨੇ। ਭਗੰਵਤ ਮਾਨ ਸੰਵਿਧਾਨ ਦੀ ਸਹੁੰ ਚੁੱਕ ਕੇ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਨੂੰ ਨਾ ਸੱਦ ਕੇ ਅਫਸਰਾਂ ਨੂੰ ਸੱਦਣਾ ਸੰਵਿਧਾਨ ਦੀ ਤੌਹੀਨ ਹੈ। ਕੇਜਰੀਵਾਲ ਦੀ ਇਸ ਰਾਵਾਈ ਤੋਂ ਇਹ ਸਾਫ਼ ਹੋ ਗਿਆ ਹੈ ਉਹ ਭਗਵੰਤ ਮਾਨ ਨੂੰ ਸਿਰਫ਼ ਨਾਂ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। ਭਗਵੰਤ ਮਾਨ ਨੂੰ ਹਿੰਮਤ ਦਿਖਾਉਣੀ ਚਾਹੀਦੀ ਹੈ ਤਾਂ ਕਿ ਭਵਿੱਖ 'ਚ ਦੋਬਾਰਾ ਅਜਿਹਾ ਨਾ ਹੋਵੇ। ਅਸੀਂ ਸਾਰੇ ਪੰਜਾਬੀ ਭਗਵੰਤ ਮਾਨ ਦੇ ਨਾਲ ਹਾਂ।
ਮੁੱਖ ਮੰਤਰੀ ਸਥਿਤੀ ਸਪੱਸ਼ਟ ਕਰਨ-ਧਰਮਵੀਰ ਗਾਂਧੀ
ਆਮ ਆਦਮੀ ਪਾਰਟੀ ਦੇ ਸਾਬਕਾ ਸਾਂਸਦ ਡਾ.ਧਰਮਵੀਰ ਗਾਂਧੀ ਨੇ ਕਿਹਾ ਕਿ ਇਹ ਸੂਬੇ ਦੀ ਖੁਦਮੁਖਤਿਆਰੀ 'ਤੇ ਹਮਲਾ ਹੈ। ਕੋਈ ਦੂਸਰੇ ਸੂਬੇ ਦਾ ਮੁੱਖ ਮੰਤਰੀ ਭਲਾ ਪੰਜਾਬ ਦੇ ਅਧਿਕਾਰੀਆਂ ਨੂੰ ਬੈਠਕ ਲਈ ਕਿਸ ਤਰ੍ਹਾਂ ਬੁਲਾ ਸਕਦਾ ਹੈ। ਉਨ੍ਹਾਂ ਮਾਨ ਸਰਕਾਰ ਨੂੰ ਇਸ ਗੱਲ ਨੂੰ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਅੱਜ ਤੱਕ ਤਾਂ ਪ੍ਰਧਾਨ ਮੰਤਰੀ ਨੇ ਵੀ ਕਿਸੇ ਹੋਰ ਸੂਬੇ ਦੇ ਅਫ਼ਸਰਾਂ ਨੂੰ ਮੀਟਿੰਗ ਲਈ ਕਦੀ ਨਹੀਂ ਸੱਦਾ ਦਿੱਤਾ ਫਿਰ ਇਸ ਵਾਰ ਇਹ ਕਿਉਂ ਹੋਇਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ