ਝਾਰਖੰਡ ਤੋਂ 8 ਕਿਲੋ ਅਫੀਮ ਲਿਆ ਰਹੇ 4 ਵਿਅਕਤੀ ਗ੍ਰਿਫ਼ਤਾਰ

Wednesday, Nov 01, 2023 - 05:16 PM (IST)

ਪਟਿਆਲਾ (ਬਲਜਿੰਦਰ) : ਪਟਿਆਲਾ ਪੁਲਸ ਨੇ ਨਸ਼ਾ ਸਮੱਗਲਰਾਂ ਖ਼ਿਲਾਫ ਇਕ ਹੋਰ ਕਾਰਵਾਈ ਕਰਦੇ ਹੋਏ 8 ਕਿੱਲੋ ਅਫੀਮ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਮਨਦੀਪ ਸਿੰਘ ਉਰਫ ਮੰਨਾ ਪੁੱਤਰ ਤਜਿੰਦਰਪਾਲ ਸਿੰਘ ਵਾਸੀ ਮੁਹੱਲਾ ਕਸਾਬੀਆਂ ਵਾਲਾ ਸਨੌਰ, ਮਨਜੀਤ ਸਿੰਘ ਉਰਫ ਗੋਲਡੀ ਪੁੱਤਰ ਰਾਮ ਸਿੰਘ ਵਾਸੀ ਮੁਹੱਲਾ ਪਠਾਨਾਵਾਲਾ ਸਨੌਰ, ਰਾਜੂ ਪੁੱਤਰ ਗੁਰਮੀਤ ਸਿੰਘ ਵਾਸੀ ਰਤਨ ਨਗਰ ਸਾਹਮਣੇ ਸੇਂਟ ਮੇਰੀ ਸਕੂਲ ਚੌਰਾ ਰੋਡ ਸਨੌਰ, ਵਰਿੰਦਰ ਸਿੰਘ ਉਰਫ ਕਾਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਮੁਹੱਲਾ ਕਸਾਬੀਆਂ ਵਾਲਾ ਸਨੌਰ ਸ਼ਾਮਲ ਹਨ। ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਐੱਸ. ਪੀ. ਸਿਟੀ ਸਰਫਰਾਜ਼ ਆਲਮ ਅਤੇ ਡੀ. ਐਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਥਾਣਾ ਸਦਰ ਪਟਿਆਲਾ ਦੇ ਐੱਸ. ਐੱਚ. ਓ. ਐੱਸ. ਆਈ. ਹਰਮਿੰਦਰ ਸਿੰਘ, ਬਹਾਦਰਗੜ੍ਹ ਚੌਕੀ ਇੰਚਾਰਜ ਐੱਸ. ਆਈ. ਲਵਦੀਪ ਸਿੰਘ ਅਤੇ ਐੱਸ. ਆਈ. ਕਰਨੈਲ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਉਕਤ ਵਿਅਕਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਡਰੱਗ ਫ੍ਰੀ ਪੰਜਾਬ ਤਹਿਤ ਚਲਾਈ ਗਈ ਮੁਹਿੰਮ ਅਧੀਨ ਰਾਜਪੁਰਾ ਪਟਿਆਲਾ ਰੋਡ ਤੋਂ ਬਹਾਦਰਗੜ੍ਹ ਵਿਖੇ ਗ੍ਰਿਫ਼ਤਾਰ ਕੀਤਾ।

ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਪਾਰਟੀ ਨੇ ਬਹਾਦਰਗੜ੍ਹ ਵਿਖੇ ਨਾਕਾਬੰਦੀ ਕਰਕੇ ਜਦੋਂ ਚੈਕਿੰਗ ਕਰ ਰਹੇ ਸਨ ਤਾਂ ਰਾਜਪੁਰਾ ਸਾਈਡ ਤੋਂ ਇਕ ਕਾਰ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਉਸ ਦੇ ਡਰਾਈਵਰ ਨੇ ਕਾਰ ਹੌਲੀ ਕਰ ਕੇ ਪੁਲਸ ਪਾਰਟੀ ਨੂੰ ਦੇਖ ਕੇ ਇਕਦਮ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਅਚਾਨਕ ਬੰਦ ਹੋ ਗਈ। ਚਾਲਕ ਸਮੇਤ 3 ਹੋਰ ਵਿਅਕਤੀ ਕਾਰ ’ਚੋਂ ਉਤਰ ਕੇ ਭੱਜਣ ਲੱਗੇ ਤਾਂ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਜਦੋਂ ਉਨ੍ਹਾਂ ਦੇ ਨਾਂ ਅਤੇ ਪਛਾਣ ਪੁੱਛੀ ਗਈ ਤਾਂ ਉਕਤ ਵਿਅਕਤੀਆਂ ਵਜੋਂ ਸਾਹਮਣੇ ਆਈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਹ ਸਮੱਗਲਿੰਗ ਕਾਰ ’ਚ ਕੀਤੀ ਜਾ ਰਹੀ ਸੀ, ਜਿਸ ਨੂੰ ਉੱਥੋਂ ਕਾਰ ਦੀ ਸਟਿੱਪਨੀ ’ਚ ਪਾ ਕੇ ਝਾਰਖੰਡ ਤੋਂ ਇਥੇ ਤੱਕ ਇਹ ਵਿਅਕਤੀ ਲਿਆਏ ਸਨ ਅਤੇ ਕਾਲੇ ਬੈਗ ’ਚ ਪਾ ਕੇ ਫਰੰਟ ਸੀਟਾਂ ਦੇ ਵਿਚਕਾਰ ਰੱਖ ਕੇ ਪਟਿਆਲਾ ਲਿਆ ਰਹੇ ਸਨ।

ਪੁਲਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 8 ਕਿੱਲੋ ਅਫੀਮ ਬਰਾਮਦ ਕੀਤੀ, ਜਿਨ੍ਹਾਂ ਖਿਲਾਫ ਥਾਣਾ ਸਦਰ ਪਟਿਆਲਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਨੂੰ ਜਲਦੀ ਹੀ ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਤੋਂ ਅੱਗੇ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰ ਉਹ ਇਹ ਅਫੀਮ ਕਿੱਥੋਂ ਲੈ ਕੇ ਆਏ ਸਨ ਅਤੇ ਅੱਗੇ ਕਿੱਥੇ ਸਪਲਾਈ ਕਰਨੀ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮਾਂ ’ਚੋਂ ਮਨਜੀਤ ਸਿੰਘ ਉਰਫ ਗੋਲਡੀ ਖ਼ਿਲਾਫ ਪਹਿਲਾਂ ਵੀ ਥਾਣਾ ਕੋਤਵਾਲੀ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਤੇ ਥਾਣਾ ਸਦਰ ਵਿਖੇ ਇਰਾਦਾ ਕਤਲ ਦਾ ਕੇਸ ਦਰਜ ਹੈ। ਇਸ ਮੌਕੇ ਐੱਸ. ਪੀ. ਸਿਟੀ ਸਰਫਰਾਜ਼ ਆਲਮ, ਡੀ. ਐੱਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ, ਥਾਣਾ ਸਦਰ ਦੇ ਐੱਸ. ਐੱਚ. ਓ. ਹਰਮਿੰਦਰ ਸਿੰਘ, ਬਹਾਦਰਗੜ੍ਹ ਚੌਕੀ ਦੇ ਇੰਚਾਰਜ ਐੱਸ. ਆਈ. ਲਵਦੀਪ ਸਿੰਘ ਅਤੇ ਐੱਸ. ਆਈ. ਕਰਨੈਲ ਸਿੰਘ ਵੀ ਹਾਜ਼ਰ ਸਨ।


Gurminder Singh

Content Editor

Related News