10ਵੇਂ ''ਜੱਟ ਐਕਸਪੋ'' ਦਾ ਆਗਾਜ਼, ਪਿੰਡ ਝੋਕ ਹਰੀ ਹਰ ''ਚ ਲੱਗੀਆਂ ਰੌਣਕਾਂ

Friday, Feb 14, 2020 - 10:33 PM (IST)

ਫਿਰੋਜ਼ਪੁਰ (ਅਮਰੀਕ ਸਿੰਘ ਟੁਰਨਾ)- ਖੇਤੀ ਪੰਜਾਬ ਦਾ ਮੁੱਖ ਧੰਦਾ ਹੈ। ਸਮੇਂ-ਸਮੇਂ 'ਤੇ ਆਈਆਂ ਖੇਤੀ ਦੀਆਂ ਤਕਨੀਕਾਂ ਜਾਂ ਮਸ਼ੀਨਰੀ ਖੇਤੀ ਨੂੰ ਹੋਰ ਸੌਖਾਲਾ ਬਣਾ ਦਿੱਤਾ ਹੈ ਅਤੇ ਹੋਰ ਸੁਖਾਲਾ ਕਰ ਵੀ ਰਿਹਾ ਹੈ। ਕਿਸਾਨ ਮੇਲਿਆਂ ਦੀ ਬਦੌਲਤ ਨਵੀਂ ਤਕਨੀਕਾਂ ਅਤੇ ਸੰਦਾਂ ਬਾਰੇ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਜਾ ਰਹੀ ਹੈ। ਇਸੇ ਤਰ੍ਹਾਂ ਦਾ ਇਕ ਤਹੱਈਆ ਫਿਰੋਜ਼ਪੁਰ ਦੇ ਪਿੰਡ ਝੋਕ ਹਰੀ ਹਰ ਵਿਖੇ ਕੀਤਾ ਜਾ ਰਿਹਾ ਹੈ, ਜਿੱਥੇ  14 ਤੋਂ 16 ਫਰਵਰੀ ਤੱਕ 'ਜੱਟ ਐਕਸਪੋ 2020' ਮੇਲਾ ਕਰਵਾਇਆ ਜਾ ਰਿਹਾ ਹੈ।

PunjabKesari

ਇਸ ਮੇਲੇ ਦਾ ਆਗਾਜ਼ ਹੋ ਚੁੱਕਾ ਹੈ। ਖੇਤੀ ਅਤੇ ਡੇਅਰੀ ਫਾਰਮਿੰਗ ਨਾਲ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਅਤੇ ਮਸ਼ੀਨਰੀ ਇਸ ਮੇਲੇ 'ਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਕਿਸਾਨ ਉਤਸ਼ਾਹ ਨਾਲ ਇਸ ਮੇਲੇ ਵਿਚ ਪਹੁੰਚ ਕੇ ਨਵੀਆਂ ਚੀਜਾਂ ਬਾਰੇ ਜਾਣਕਾਰੀ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਅਪਣਾ ਵੀ ਰਹੇ ਹਨ। ਇਸ ਮੇਲੇ ਵਿਚ ਪੰਜਾਬ ਤੋਂ ਇਲਾਵਾ ਵਿਦੇਸ਼ੀ ਮਸ਼ੀਨਰੀ ਵੀ ਪ੍ਰਦਰਸ਼ਨੀ ਵਿਚ ਲੱਗੀ ਹੋਈ ਹੈ, ਜਿਸ ਵਿਚ ਕਿਸਾਨ ਕਾਫੀ ਦਿਲਚਸਪੀ ਵਿਖਾ ਰਹੇ ਹਨ।

ਡੇਅਰੀ ਫਾਰਮਿੰਗ ਲਈ ਦਵਾਈਆਂ ਅਤੇ ਵੱਖ-ਵੱਖ ਤਰ੍ਹਾਂ ਦੀ ਫੀਡ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਇਸ ਕਿੱਤੇ ਵਿਚ ਹੋਰ ਮੁਨਾਫਾ ਕਮਾ ਸਕਣ ਅਤੇ ਡੰਗਰਾਂ ਦੀ ਸਿਹਤ ਦਾ ਧਿਆਨ ਰੱਖ ਸਕਣ। ਇਸ ਤੋਂ ਇਲਾਵਾ ਮੇਲੇ ਵਿਚ ਰੰਗ ਬੰਨ੍ਹਣ ਲਈ ਕੰਵਰ ਗਰੇਵਾਲ ਅਤੇ ਸੁਖਵਿੰਦਰ ਸੁੱਖੀ ਦਾ ਅਖਾੜਾ ਵੀ ਲਗਾਇਆ ਜਾਵੇਗਾ। ਮੇਲੇ ਵਿਚ ਪਹੁੰਚਣ ਵਾਲੇ ਕਿਸਾਨ ਵੀਰਾਂ ਦੇ ਕੂਪਨ ਪਾਏ ਜਾਣਗੇ ਅਤੇ ਲੱਕੀ ਡਰਾਅ ਕੱਢੇ ਜਾਣਗੇ, ਜਿਸ ਵਿਚ ਟ੍ਰੈਕਟਰ ਅਤੇ ਹੋਰ ਸੰਦ ਇਨਾਮ ਵਜੋਂ ਦਿੱਤੇ ਜਾਣਗੇ।


Sunny Mehra

Content Editor

Related News