ਪੰਜਾਬ ਭਰ ’ਚ ਓ. ਪੀ. ਡੀ. ਸੇਵਾਵਾਂ ਠੱਪ, ਰਾਜਿੰਦਰਾ ਹਸਪਤਾਲ ਵੀ ਪੂਰੀ ਤਰ੍ਹਾਂ ਬੰਦ
Friday, Aug 16, 2024 - 01:12 PM (IST)
ਪਟਿਆਲਾ (ਪਰਮੀਤ) : ਪਟਿਆਲਾ ਜ਼ਿਲ੍ਹੇ ਸਮੇਤ ਪੰਜਾਬ ਭਰ ਵਿਚ ਪ੍ਰਮੁੱਖ ਸਿਹਤ ਸੰਸਥਾਵਾਂ ਵਿਚ ਓ. ਪੀ. ਡੀ. ਸੇਵਾਵਾਂ ਠੱਪ ਰਹੀਆਂ। ਜ਼ਿਲ੍ਹੇ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ, ਜ਼ਿਲ੍ਹਾ ਪੱਧਰੀ ਮਾਤਾ ਕੌਸ਼ਲਿਆ ਹਸਪਤਾਲ, ਆਮ ਆਦਮੀ ਕਲੀਨਿਕਾਂ, ਡਿਸਪੈਂਸਰੀਆਂ, ਕਮਿਊਨਿਟੀ ਹੈਲਥ ਸੈਂਟਰਾਂ, ਪ੍ਰਾਇਮਰੀ ਹੈਲਥ ਸੈਂਟਰਾਂ ਆਦਿ ਵਿਚ ਓ. ਪੀ. ਡੀ. ਸੇਵਾਵਾਂ ਅੱਜ ਮੁਕੰਮਲ ਤੌਰ ’ਤੇ ਠੱਪ ਰਹੀਆਂ ਜਿਸ ਨਾਲ ਆਮ ਮਰੀਜ਼ਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ. ਸੀ. ਐੱਮ. ਐੱਸ. ਏ) ਨੇ ਦੋ ਦਿਨ ਪਹਿਲਾਂ ਹੀ ਐਲਾਨ ਕੀਤਾ ਸੀ ਕਿ 16 ਅਗਸਤ ਨੂੰ ਓ. ਪੀ. ਡੀ. ਸੇਵਾਵਾਂ ਮੁਕੰਮਲ ਠੱਪ ਕੀਤੀਆਂ ਜਾਣਗੀਆਂ ਤੇ ਆਮ ਆਦਮੀ ਕਲੀਨਿਕ ਸਮੇਤ ਸਮੁੱਚੇ ਸਿਹਤ ਕੇਂਦਰਾਂ ਵਿਚ ਇਹ ਸੇਵਾਵਾਂ ਬੰਦ ਰਹਿਣਗੀਆਂ।
ਦੂਜੇ ਪਾਸੇ ਰੈਜ਼ੀਡੈਂਟ ਡਾਕਟਰਾਂ ਦੀ ਕੌਮੀ ਪੱਧਰ ਦੀ ਜਥੇਬੰਦੀ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਐੱਫ. ਓ. ਆਰ. ਡੀ. ਏ) ਜਿਸ ਨੇ ਪਹਿਲਾਂ ਕੇਂਦਰੀ ਸਿਹਤ ਮੰਤਰੀ ਜੇ . ਪੀ. ਨੱਢਾ ਨਾਲ ਮੀਟਿੰਗ ਮਗਰੋਂ ਹੜਤਾਲ ਵਾਪਸ ਲੈ ਲਈ ਸੀ, ਨੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਦਿਆਂ ਹੜਤਾਲ ਜਾਰੀ ਰੱਖਣ ਤੇ ਓ. ਪੀ. ਡੀ. ਸੇਵਾਵਾਂ ਮੁੜ ਠੱਪ ਕਰਨ ਦਾ ਐਲਾਨ ਬੀਤੀ ਰਾਤ ਕਰ ਦਿੱਤਾ ਸੀ। ਇਸ ਕਾਰਨ ਰਾਜਿੰਦਰਾ ਹਸਪਤਾਲ ਅਤੇ ਮਾਤਾ ਕੌਸ਼ਲਿਆ ਹਸਪਤਾਲ ਵਿਚ ਓ. ਪੀ. ਡੀ. ਸੇਵਾਵਾਂ ਪ੍ਰਭਾਵਤ ਹੋਈਆਂ।