ਅੱਜ ਅਦਾਲਤ 'ਚ ਪੇਸ਼ ਹੋ ਸਕਦੇ ਨੇ ਓ. ਪੀ. ਸੋਨੀ, ਨਿੱਜੀ ਹਸਪਤਾਲ ਵਿਚ ਹਨ ਦਾਖ਼ਲ

Thursday, Jul 13, 2023 - 10:50 AM (IST)

ਅੱਜ ਅਦਾਲਤ 'ਚ ਪੇਸ਼ ਹੋ ਸਕਦੇ ਨੇ ਓ. ਪੀ. ਸੋਨੀ, ਨਿੱਜੀ ਹਸਪਤਾਲ ਵਿਚ ਹਨ ਦਾਖ਼ਲ

ਅੰਮ੍ਰਿਤਸਰ (ਇੰਦਰਜੀਤ/ਜਸ਼ਨ)- ਵਿਜੀਲੈਂਸ ਦੀ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਤਬੀਅਤ ਖ਼ਰਾਬ ਹੋਣ ਕਾਰਨ ਬੁੱਧਵਾਰ ਨੂੰ ਅਦਾਲਤ ਵਿਚ ਨਹੀਂ ਪਹੁੰਚ ਸਕੇ। ਅਦਾਲਤ ਨੇ ਉਨ੍ਹਾਂ ਨੂੰ ਅੱਜ ਵੀਰਵਾਰ ਪੇਸ਼ ਹੋਣ ਲਈ ਇਕ ਦਿਨ ਦੇ ਰਿਮਾਂਡ ਵਿਚ ਵਾਧਾ ਕੀਤਾ। ਓ. ਪੀ. ਸੋਨੀ ਫਿਲਹਾਲ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਦਾਖ਼ਲ ਹਨ।

ਇਹ ਵੀ ਪੜ੍ਹੋ-  ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੀਂਹ ਤੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਜਾਣਕਾਰੀ ਅਨੁਸਾਰ 9 ਜੁਲਾਈ ਨੂੰ ਵਿਜੀਲੈਂਸ ਬਿਊਰੋ ਨੇ ਕਾਂਗਰਸ ਸਰਕਾਰ ਵਿਚ ਉਪ ਮੁੱਖ ਮੰਤਰੀ ਰਹੇ ਓ. ਪੀ. ਸੋਨੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਸੀ। 10 ਜੁਲਾਈ ਨੂੰ ਸੈਸ਼ਨ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨਾਂ ਦਾ ਰਿਮਾਂਡ ਲਿਆ ਗਿਆ ਸੀ, ਜਿਵੇਂ ਹੀ ਓ. ਪੀ. ਸੋਨੀ ਅਦਾਲਤ ਤੋਂ ਬਾਹਰ ਆਏ ਤਾਂ ਗੱਡੀ ਵਿਚ ਬੈਠਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਅਨੁਸਾਰ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਦੱਸਿਆ ਗਿਆ ਸੀ ਅਤੇ ਦਿਲ ਦੀ ਧੜਕਣ ਵੀ ਨਾਰਮਲ ਨਹੀਂ ਸੀ। ਬੀਤੇ  ਦਿਨ ਜਦੋਂ ਉਨ੍ਹਾਂ ਨੂੰ ਹਸਪਤਾਲ ਵਿਚ ਦੋ ਦਿਨਾਂ ਦੇ ਰਿਮਾਂਡ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ ਤਾਂ ਸਿਹਤ ਖ਼ਰਾਬ ਹੋਣ ਕਾਰਨ ਉਹ ਨਹੀਂ ਪਹੁੰਚ ਸਕੇ। ਉਨ੍ਹਾਂ ਵਲੋਂ ਆਏ ਵਕੀਲ ਜਦੋਂ ਅਦਾਲਤ ਵਿੱਚ ਪੁੱਜੇ ਤਾਂ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨ ਦਾ ਹੋਰ ਸਮਾਂ ਦੇ ਦਿੱਤਾ।

ਸੂਤਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਅਦਾਲਤ ਨੇ ਦੋ ਦਿਨਾਂ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਇਕ ਦਿਨ ਦਾ ਹੋਰ ਵਾਧਾ ਕਰ ਦਿੱਤਾ ਹੈ, ਜਦਕਿ ਓ. ਪੀ. ਸੋਨੀ ਦੀ ਸਿਹਤ ਅਜੇ ਠੀਕ ਨਹੀਂ ਹੈ, ਇਸ ਲਈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਠੀਕ ਹੋਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਪਤਾ ਲੱਗਾ ਹੈ ਕਿ ਇਸ ਵਿਚ ਆਨਲਾਈਨ ਸਿਸਟਮ ਰਾਹੀਂ ਪੇਸ਼ੀ ਦੀ ਵੀ ਸਹੂਲਤ ਲਈ ਜਾ ਸਕਦੀ ਹੈ।

ਇਹ ਵੀ ਪੜ੍ਹੋ-  ਖੁਸ਼ੀਆਂ ਦੀ ਮਿੰਨੀ ਹੌਜ਼ਰੀ: ਅਕਾਲਗੜ੍ਹ 'ਚ 150 ਔਰਤਾਂ ਨੂੰ ਬਣਾਇਆ ਆਤਮ ਨਿਰਭਰ

ਵਿਜੀਲੈਂਸ ਨੇ ਨਿਯੁਕਤ ਕੀਤੀ ਮੈਡੀਕਲ ਜਾਂਚ ਟੀਮ 

ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਵਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਲਾਜ ਦੌਰਾਨ ਹਸਪਤਾਲ ’ਚ ਭਰਤੀ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਦੀ ਅਚਾਨਕ ਬੀਮਾਰ ਹੋਣ ਅਤੇ ਉਸ ਤੋਂ ਬਾਅਦ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੋਣ ਬਾਰੇ ਅਦਾਲਤ ਵਿਚ ਖ਼ਦਸ਼ਾ ਪ੍ਰਗਟਾਇਆ ਗਿਆ ਸੀ ਕਿ ਉਨ੍ਹਾਂ ਦੀ ਅਚਾਨਕ ਬੀਮਾਰੀ ਸਾਡੀ ਜਾਂਚ ਨੂੰ ਪ੍ਰਭਾਵਿਤ ਕਰ ਰਹੀ ਹੈ। ਅਦਾਲਤ ਨੇ ਉਸ ਦੀ ਮੈਡੀਕਲ ਜਾਂਚ ਦੇ ਹੁਕਮ ਦਿੱਤੇ ਹਨ। ਅਧਿਕਾਰੀ ਨੇ ਦੱਸਿਆ ਕਿ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਬਿਊਰੋ ਨੇ ਤਿੰਨ ਮੈਂਬਰੀ ਮੈਡੀਕਲ ਜਾਂਚ ਟੀਮ ਦਾ ਗਠਨ ਕੀਤਾ ਹੈ, ਜੋ ਇਸ ਗੱਲ ਦੀ ਜਾਂਚ ਕਰੇਗੀ ਕਿ ਉਨ੍ਹਾਂ ਨੂੰ ਕਿਸ ਇਲਾਜ ਲਈ ਦਾਖ਼ਲ ਕੀਤਾ ਗਿਆ ਹੈ। ਅੱਜ ਵੀਰਵਾਰ ਨੂੰ ਇਸ ਟੀਮ ਵੱਲੋਂ ਕੀਤੀ ਗਈ ਮੈਡੀਕਲ ਜਾਂਚ ਦੀ ਰਿਪੋਰਟ ਅਦਾਲਤ 'ਚ ਪੇਸ਼ ਕੀਤੀ ਜਾਵੇਗੀ।

 ਇਹ ਵੀ ਪੜ੍ਹੋ- 3 ਦਿਨਾਂ ਤੋਂ ਲਾਪਤਾ 14 ਸਾਲਾ ਬੱਚੇ ਦੀ ਛੱਪੜ 'ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਵਿਜੀਲੈਂਸ ਨੇ ਇਨ੍ਹਾਂ ਦੋ ਦਿਨਾਂ ਦੇ ਮਿਆਦ ਦੌਰਾਨ ਇਲਾਜ ਕਰ ਰਹੀਆਂ ਮੈਡੀਕਲ ਟੀਮਾਂ ਤੋਂ ਇਲਾਵਾ ਕਿਸੇ ਵੀ ਬਾਹਰੀ ਵਿਅਕਤੀ ਨੂੰ ਮਿਲਣ ਨਹੀਂ ਦਿੱਤਾ। ਇੱਥੋਂ ਤੱਕ ਕਿ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਕਾਂਗਰਸੀ ਆਗੂ ਅਤੇ ਪੰਜਾਬ ਐਗਰੋ ਦੇ ਸਾਬਕਾ ਵਾਈਸ ਚੇਅਰਮੈਨ ਸੰਜੀਵ ਅਰੋੜਾ ਬੱਬੀ ਵੀ ਉਨ੍ਹਾਂ ਨੂੰ ਮਿਲ ਨਹੀਂ ਸਕੇ। ਇਨ੍ਹਾਂ ਕਾਂਗਰਸੀਆਂ ਆਗੂਆਂ ਨੇ ਓ. ਪੀ. ਸੋਨੀ ਨੂੰ ਬੇਕਸੂਰ ਦੱਸਦਿਆਂ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਪ੍ਰਗਟਾਉਂਦਿਆਂ ਸਰਕਾਰ ’ਤੇ ਨਿਸ਼ਾਨਾ ਸਾਧਿਆ ਕਿ ਇਹ ਸਰਾਸਰ ਬੇਇਨਸਾਫ਼ੀ ਹੈ ਅਤੇ ਸਭ ਕੁਝ ਗਲਤ ਹੋ ਰਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News