OP ਸੋਨੀ ਬੋਲੇ, ਵਪਾਰੀਆਂ ਦੇ ਸਾਰੇ ਮਸਲੇ ਚੰਨੀ ਸਰਕਾਰ ਨੇ ਹੱਲ ਕੀਤੇ, ਕੇਜਰੀਵਾਲ ਲਈ ਕੁਝ ਵੀ ਨਹੀਂ ਬਚਿਆ

Thursday, Feb 17, 2022 - 11:09 AM (IST)

OP ਸੋਨੀ ਬੋਲੇ, ਵਪਾਰੀਆਂ ਦੇ ਸਾਰੇ ਮਸਲੇ ਚੰਨੀ ਸਰਕਾਰ ਨੇ ਹੱਲ ਕੀਤੇ, ਕੇਜਰੀਵਾਲ ਲਈ ਕੁਝ ਵੀ ਨਹੀਂ ਬਚਿਆ

ਜਲੰਧਰ (ਧਵਨ)– ਪੰਜਾਬ ਦੇ ਉੱਪ-ਮੁੱਖ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਚੋਣਾਂ ਤੋਂ ਬਾਅਦ ਬਣਨ ਵਾਲੀ ਨਵੀਂ ਕਾਂਗਰਸ ਸਰਕਾਰ ਵੱਲੋਂ ਪਹਿਲੇ ਹੀ ਸਾਲ ਸਰਕਾਰੀ ਅਹੁਦਿਆਂ ’ਤੇ ਲੱਖਾਂ ਭਰਤੀਆਂ ਕੀਤੀਆਂ ਜਾਣਗੀਆਂ। ਬੀਤੇ ਦਿਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ, ਮਹਾਮੰਤਰੀ ਸਮੀਰ ਜੈਨ, ਖਜ਼ਾਨਚੀ ਐੱਸ. ਕੇ. ਵਧਵਾ, ਅੰਮ੍ਰਿਤਸਰ ਵਪਾਰ ਮੰਡਲ ਦੇ ਪ੍ਰਧਾਨ ਸੁਰਿੰਦਰ ਦੁੱਗਲ, ਰਾਕੇਸ਼ ਠੁਕਰਾਲ ਆਦਿ ਨੇ ਉੱਪ-ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਵਪਾਰ ਅਤੇ ਉਦਯੋਗਾਂ ਦੀ ਉੱਨਤੀ ਲਈ ਚੁੱਕੇ ਗਏ ਕਦਮਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਛੱਤੀਸਗੜ ਦੇ CM ਭੁਪੇਸ਼ ਬਘੇਲ ਦੇ ਵਿਰੋਧੀਆਂ ’ਤੇ ਰਗੜੇ, PM ਮੋਦੀ ਨੂੰ ਕੀਤੇ ਤਿੱਖੇ ਸਵਾਲ

ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਵਪਾਰੀਆਂ ਦੇ ਸਾਰੇ ਮਸਲੇ ਹੱਲ ਕਰ ਦਿੱਤੇ ਹਨ ਅਤੇ ਹੁਣ ਕੇਜਰੀਵਾਲ ਲਈ ਕੋਈ ਵੀ ਮਸਲਾ ਬਾਕੀ ਨਹੀਂ ਬਚਿਆ। ਸੋਨੀ ਨੇ ਇਸ ਮੌਕੇ ਦੱਸਿਆ ਕਿ ਇਨਵੈਸਟ ਪੰਜਾਬ ਦੇ ਮਾਧਿਅਮ ਨਾਲ 2661 ਪ੍ਰਾਜੈਕਟਾਂ ਵਿਚ 86819 ਕਰੋੜ ਰੁਪਏ ਪੰਜਾਬ ਵਿਚ ਨਿਵੇਸ਼ ਕੀਤੇ ਜਾਣ ਵਾਲੇ ਹਨ ਜਿਸ ਨਾਲ ਪੰਜਾਬ ਵਿਚ ਪ੍ਰਤੱਖ ਤੌਰ ’ਤੇ 3,23,260 ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫੂਡ ਪ੍ਰੋਸੈਸਿੰਗ, ਇੰਡਸਟਰੀ, ਸਰਵਿਸ ਸੈਕਟਰ, ਸੈਰ-ਸਪਾਟੇ ਤੇ ਵਪਾਰ ਦੀ ਉੱਨਤੀ ਲਈ ਸੂਬੇ ਦੀ ਜੀ. ਡੀ. ਪੀ. ਨੂੰ ਅਗਲੇ 2 ਸਾਲਾਂ ਵਿਚ 8 ਲੱਖ ਕਰੋਡ਼ ਰੁਪਏ ਤਕ ਲਿਜਾਣ ਲਈ ਸਰਕਾਰ ਯਤਨਸ਼ੀਲ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਪਾਰੀਆਂ ਦੀ ਸਭ ਤੋਂ ਵੱਡੀ ਮੰਗ ਵੈਟ ਕੇਸਾਂ ਨੂੰ ਹੱਲ ਕੀਤਾ ਹੈ। 2014-15, 2015-16, 2016-17 ਦੇ 40 ਹਜ਼ਾਰ ਵੈਟ ਕੇਸਾਂ ਨੂੰ ਰੱਦ ਕੀਤਾ ਗਿਆ ਹੈ। ਬਾਕੀ ਬਚੇ 8,000 ਕੇਸਾਂ ਦਾ ਨਿਬੇੜਾ 30 ਫ਼ੀਸਦੀ ਟੈਕਸ ਲੈ ਕੇ ਕੀਤਾ ਜਾਵੇਗਾ। ਉਸ ਟੈਕਸ ਦਾ 20 ਫ਼ੀਸਦੀ ਤਕ ਤਤਕਾਲੀਨ ਅਤੇ 80 ਫ਼ੀਸਦੀ ਅਗਲੇ ਵਿੱਤ ਸਾਲ ਤਕ ਜਮ੍ਹਾ ਕਰਵਾਉਣਾ ਪਵੇਗਾ। ਪੱਟੀ-ਮੱਖੂ ਰੇਲ ਲਿੰਕ ਲਈ ਜ਼ਮੀਨ ਐਕਵਾਇਰ ਕਰਕੇ ਰੇਲਵੇ ਨੂੰ ਜ਼ਮੀਨ ਤੁਰੰਤ ਸੌਂਪੀ ਜਾਵੇਗੀ ਜਿਸ ਨਾਲ ਅੰਮ੍ਰਿਤਸਰ ਤੋਂ ਮੁੰਬਈ ਦਾ ਸਫਰ 240 ਕਿ. ਮੀ. ਘੱਟ ਹੋਵੇਗਾ। ਪੰਜਾਬ ਵਿਚ ਮਾਝਾ ਅਤੇ ਮਾਲਵਾ ਦਰਮਿਆਨ ਸਿੱਧਾ ਸੰਪਰਕ ਬਣੇਗਾ।

ਇਹ ਵੀ ਪੜ੍ਹੋ: ਆਰ. ਪੀ. ਸਿੰਘ ਦਾ ਵੱਡਾ ਦਾਅਵਾ, ਕੇਜਰੀਵਾਲ ਆਪਣੀ ਪਤਨੀ ਨੂੰ ਬਣਾਉਣਾ ਚਾਹੁੰਦੇ ਨੇ ਪੰਜਾਬ ਦੀ ਮੁੱਖ ਮੰਤਰੀ

ਉਨ੍ਹਾਂ ਕਿਹਾ ਕਿ ਉਦਯੋਗਾਂ ਲਈ ਬਿਜਲੀ ਦੇ ਫਿਕਸ ਚਾਰਜਿਜ਼ 50 ਫ਼ੀਸਦੀ ਘੱਟ ਕੀਤੇ ਗਏ ਹਨ। ਅੰਮ੍ਰਿਤਸਰ ’ਚ ਐਗਜ਼ੀਬਿਸ਼ਨ ਸੈਂਟਰ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਦਯੋਗਾਂ ਲਈ ਫੋਕਲ ਪੁਆਇੰਟਾਂ ’ਤੇ 150 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਸੰਸਥਾਗਤ ਟੈਕਸ ਨੂੰ ਸਰਕਾਰ ਪਹਿਲਾਂ ਹੀ ਖਤਮ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਜੋ ਮੰਗਾਂ ਬਾਕੀ ਰਹਿ ਗਈਆਂ ਹਨ ਉਨ੍ਹਾਂ ਨੂੰ ਵੀ ਜਲਦ ਹੀ ਪੂਰਾ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News