ਭਾਜਪਾ ''ਚ ਹੀ ਸਿਰਫ਼ ਇਕ ਵਰਕਰ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦੈ : ਦੁਸ਼ਯੰਤ ਗੌਤਮ
Monday, Jun 21, 2021 - 11:26 PM (IST)
ਚੰਡੀਗੜ੍ਹ(ਸ਼ਰਮਾ)- ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਮਜਬੂਤ ਜਨਾਧਾਰ ਦੇ ਮੱਦੇਨਜ਼ਰ ਕਈ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਲੋਕ ਖੁਦ ਭਾਜਪਾ ਵਿਚ ਸ਼ਾਮਲ ਹੋਣ ਲਈ ਅੱਗੇ ਆ ਰਹੇ ਹਨ। ਇਸ ਕੜੀ ਵਿਚ ਅੱਜ ਸਿੱਖ ਅਤੇ ਦਲਿਤ ਸਮਾਜ ਦੇ ਕਈ ਦਿੱਗਜ ਨੇਤਾਵਾਂ ਨੇ ਆਪਣੇ ਸਾਥੀਆਂ ਅਤੇ ਵਰਕਰਾਂ ਸਮੇਤ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਸੂਬਾ ਭਾਜਪਾ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਭਾਜਪਾ ਪਰਿਵਾਰ ਦੀ ਮੈਂਬਰਸ਼ਿਪ ਲਈ। ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਸੂਬਾ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਭਾਜਪਾ ਦੇ ਕੌਮੀ ਸਕੱਤਰ ਅਤੇ ਸੂਬਾ ਸਹਿ ਇੰਚਾਰਜ ਡਾ. ਨਰਿੰਦਰ ਸਿੰਘ, ਸੂਬਾ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਭਾਸ ਸਰਮਾ, ਹਰਜੀਤ ਸਿੰਘ ਗਰੇਵਾਲ ਆਦਿ ਵੀ ਮੌਜੂਦ ਸਨ।
ਦੁਸ਼ਯੰਤ ਗੌਤਮ ਨੇ ਕਿਹਾ ਕਿ ਸੂਬੇ ਵਿਚ ਅਗਲੀਆਂ ਚੋਣਾਂ ਇਹ ਦਰਸਾਉਣਗੀਆਂ ਕਿ ਪੰਜਾਬੀ ਅਮਨ, ਖੁਸ਼ਹਾਲੀ ਅਤੇ ਨਸ਼ਾਮੁਕਤ ਪੰਜਾਬ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵੰਸ਼ ਆਧਾਰਤ ਹਨ, ਜਦੋਂਕਿ ਭਾਜਪਾ ਵਿਚ ਹੀ ਸਿਰਫ਼ ਇਕ ਵਰਕਰ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਨਵੇਂ ਸ਼ਾਮਲ ਕੀਤੇ ਅਨੁਸੂਚਿਤ ਜਾਤੀ ਦੇ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ’ਤੇ ਸਵਾਗਤ ਕਰਦਿਆਂ ਗੌਤਮ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਅਤੇ ਘੱਟਗਿਣਤੀ ਸਮਾਜ ਨਾਲ ਸਬੰਧਤ ਲੋਕਾਂ ਦਾ ਭਾਜਪਾ ਵਿਚ ਹੀ ਸਤਿਕਾਰ ਕੀਤਾ ਜਾਂਦਾ ਹੈ।
ਇਸ ਮੌਕੇ ਅਸ਼ਵਨੀ ਸ਼ਰਮਾ ਨੇ ਨਵੇਂ ਸਾਮਲ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਭਾਜਪਾ ਹਮੇਸ਼ਾ ਪੰਜਾਬ ਵਿਚ ਸਦਭਾਵਨਾ ਅਤੇ ਸ਼ਾਂਤੀ ਲਈ ਆਵਾਜ਼ ਬੁਲੰਦ ਕਰਦੀ ਰਹੀ ਹੈ। ਅਸੀਂ ਅਗਲੀਆਂ ਚੋਣਾਂ ਨਿਸ਼ਚਿਤ ਤੌਰ ’ਤੇ ਜਿੱਤਾਂਗੇ ਕਿਉਂਕਿ ਕਾਂਗਰਸ ਲੋਕਾਂ ਨਾਲ ਕੀਤੇ ਆਪਣੇ ਚੋਣ ਵਾਅਦਿਆਂ ਵਿਚੋਂ ਇਕ ਵੀ ਪੂਰਾ ਕਰਨ ਵਿਚ ਅਸਫ਼ਲ ਰਹੀ ਹੈ।
ਜੀਵਨ ਗੁਪਤਾ ਨੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਵਧਾਈ ਦਿੱਤੀ। ਭਾਜਪਾ ਵਿਚ ਸ਼ਾਮਲ ਹੋਣ ਵਾਲੇ ਨੇਤਾਵਾਂ ਵਿਚ ਰਾਸ਼ਟਰੀ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਨੌਜਵਾਨ ਲੋਕ ਸ਼ਕਤੀ ਪਾਰਟੀ ਪ੍ਰੇਮ ਸਿੰਘ ਸਫਰੀ (ਫਰੀਦਕੋਟ), ਸੇਵਾਮੁਕਤ ਡਿਪਟੀ ਰਿਹਾਇਸ਼ੀ ਕਮਿਸ਼ਨਰ, 2012 ਵਿਚ ਕਾਂਗਰਸ ਪਾਰਟੀ ਬੱਲੂਆਣਾ ਤੋਂ ਚੋਣ ਲੜਨ ਵਾਲੇ ਅਤੇ ਸਾਬਕਾ ਮੰਤਰੀ ਕੇ ਚੌਧਰੀ ਸਵੀ ਚੰਦ ਦੇ ਪੁੱਤਰ ਗਿਰੀ ਰਾਜ ਰਾਜੋਰਾ (ਬੱਲੂਆਣਾ), ਸੇਵਾਮੁਕਤ ਐਕਸੀਅਨ ਪੀ.ਐੱਸ.ਪੀ.ਸੀ.ਐੱਲ., ਸਾਬਕਾ ਸੀਨੀਅਰ ਮੀਤ ਪ੍ਰਧਾਨ, ਪੰਜਾਬ ਬਹੁਜਨ ਮੁਕਤ ਪਾਰਟੀ ਅਤੇ ਆਲ ਇੰਡੀਆ ਕਿਸਾਨ ਕਰਮਚਾਰੀ ਯੂਨੀਅਨ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ (ਫਿਰੋਜ਼ਪੁਰ), ਧੰਨ ਧੰਨ ਬਾਬਾ ਜੀਵਨ ਸਿੰਘ ਸੰਸਥਾ (ਮੋਗਾ) ਦੇ ਪ੍ਰਧਾਨ ਅੰਗਰੇਜ਼ ਸਿੰਘ (ਬੁੱਧ ਸਿੰਘ ਵਾਲਾ), ਸਮਾਜ ਸੇਵਕ ਸਿਕੰਦਰ ਸਿੰਘ ਭਾਮਰੀ (ਸ੍ਰੀ ਹਰਗੋਬਿੰਦਪੁਰ), ਸਿਕੰਦਰ ਸਿੰਘ ਸਮਾਲਸਰ (ਮੋਗਾ), ਗੁਰਚਰਨ ਸਿੰਘ ਰਾਜੂ (ਪੱਤੋ ਹੀਰਾ ਸਿੰਘ), ਅਵਤਾਰ ਸਿੰਘ (ਜਲੰਧਰ), ਰਾਜਵਿੰਦਰ ਸਿੰਘ (ਜੀਰਾ), ਭਾਈ ਜੈਤਾ ਜੀ ਫਾਊਂਡੇਸ਼ਨ ਅੰਮ੍ਰਿਤਸਰ ਦੇ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਰੰਗਰੇਟਾ, ਬਾਬਾ ਹਰਪ੍ਰੀਤ ਸਿੰਘ ਕਾਰਸੇਵਾ ਅੰਮ੍ਰਿਤਸਰ ਦੇ ਸੂਬਾ ਪ੍ਰਧਾਨ ਬਾਬਾ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਹਨ।