ਸਿਰਫ਼ ਅਰਵਿੰਦ ਕੇਜਰੀਵਾਲ ਹੀ ਪੀ. ਐੱਮ. ਮੋਦੀ ਨੂੰ ਚੋਣ ਜੰਗ ’ਚ ਹਰਾ ਸਕਦੇ ਹਨ : ਰਾਘਵ ਚੱਢਾ
Monday, Feb 27, 2023 - 01:26 PM (IST)

ਜਲੰਧਰ (ਧਵਨ) : ਪੂਰਾ ਦੇਸ਼ ਇਹ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਦੇਸ਼ ’ਚ ਸਿਰਫ਼ ਅਰਵਿੰਦ ਕੇਜਰੀਵਾਲ ਹੀ ਹਨ, ਜੋ ਪੀ. ਐੱਮ. ਮੋਦੀ ਨੂੰ ਚੋਣ ਜੰਗ ’ਚ ਹਰਾ ਸਕਦੇ ਹਨ। ਇਸੇ ਲਈ ਪੀ. ਐਮ. ਮੋਦੀ ਨੂੰ ਰਾਹੁਲ ਗਾਂਧੀ ਤੋਂ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਤੋਂ ਡਰ ਲੱਗਦਾ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਚੋਣ ਜੰਗ ’ਚ ਉਨ੍ਹਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ। ਜਿਵੇਂ-ਜਿਵੇਂ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਵਧੇਗੀ, ਇਹ ਸੀ. ਬੀ. ਆਈ.-ਈ. ਡੀ. ਰਾਹੀਂ ‘ਆਪ’ ਆਗੂਆਂ ’ਤੇ ਹਮਲੇ ਕਰਦੇ ਰਹਿਣਗੇ। ਇਹ ਗੱਲਾਂ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਹੀਆਂ। ਉਨ੍ਹਾਂ ਕਿਹਾ, ਪੀ. ਐੱਮ. ਮੋਦੀ ਵੀ ਅਰਵਿੰਦ ਕੇਜਰੀਵਾਲ ਨਾਲ ਈਰਖਾ ਕਰਦੇ ਹਨ, ਕਿਉਂਕਿ ਉਨ੍ਹਾਂ ਦੇ ਮੰਤਰੀ ਮੰਡਲ ’ਚ ਮਨੀਸ਼ ਸਿਸੋਦੀਆ ਵਰਗਾ ਕੰਮ ਕਰਨ ਵਾਲਾ ਕੋਈ ਨਹੀਂ ਹੈ। ਮਨੀਸ਼ ਸਿਸੋਦੀਆ ’ਤੇ ਲਗਾਏ ਗਏ ਸਾਰੇ ਦੋਸ਼ ਮਨਘੜਤ ਹਨ। ਭਾਜਪਾ ਦਾ ਮਕਸਦ ਸਿਰਫ਼ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨਾ ਹੈ। ਮਨੀਸ਼ ਸਿਸੋਦੀਆ ਦਾ ਇਕੋ-ਇਕ ਗੁਨਾਹ ਹੈ ਕਿ ਉਨ੍ਹਾਂ ਨੇ ਸਰਕਾਰੀ ਸਕੂਲਾਂ ’ਚ ਪੜ੍ਹਦੇ 18 ਲੱਖ ਬੱਚਿਆਂ ਦਾ ਭਵਿੱਖ ਬਦਲਣ ਦਾ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਅੰਦੋਲਨ ਦੇ ਗਰਭ ’ਚੋਂ ਪੈਦਾ ਹੋਈ ਪਾਰਟੀ ਹੈ।
ਇਹ ਵੀ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਕੇ ਹਿੰਸਕ ਧਰਨੇ ਦੇਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ : ਹਰਪਾਲ ਚੀਮਾ
ਅਸੀਂ ਇਨ੍ਹਾਂ ਤੋਂ ਨਹੀਂ ਡਰਦੇ ਹਾਂ। ਰਾਘਵ ਚੱਢਾ ਨੇ ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ 18 ਲੱਖ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਦੇ ਜੇਲ ਜਾਣ ’ਤੇ ਅਫ਼ਸੋਸ ਨਹੀਂ, ਮਾਣ ਕਰੋ। ਇਹ ਅਫਸੋਸ ਦੀ ਗੱਲ ਨਹੀਂ, ਸਗੋਂ ਮਾਣ ਵਾਲੀ ਗੱਲ ਹੈ। ਕਿਉਂਕਿ ਜਦੋਂ ਵੀ ਜ਼ਾਲਮ ਜ਼ੁਲਮ ਕਰਦਾ ਹੈ, ਉਸ ਜ਼ੁਲਮ ਨਾਲ ਲੋਹਾ ਲੈਣ ਲਈ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੂੰ ਇਨਕਲਾਬ ਦਾ ਨਾਅਰਾ ਬੁਲੰਦ ਕਰਦੇ ਹੋਏ ਜੇਲ ਜਾਣਾ ਪੈਂਦਾ ਹੈ। ਰਾਘਵ ਚੱਢਾ ਨੇ ਭਾਜਪਾ ਨੂੰ ਪੁੱਛਿਆ ਕਿ ਭਾਜਪਾ ਲਗਾਤਾਰ ਦੋਸ਼ ਲਾ ਰਹੀ ਹੈ ਕਿ ਮਨੀਸ਼ ਸਿਸੋਦੀਆ ਨੇ 10,000 ਕਰੋੜ ਦਾ ਘਪਲਾ ਕੀਤਾ ਹੈ। ਕੀ ਭਾਜਪਾ ਨੂੰ ਇਹ ਪਤਾ ਹੈ ਕਿ 10,000 ਕਰੋੜ ਰੁਪਏ ’ਚ ਕਿੰਨੇ ਜ਼ੀਰੋ ਲੱਗਦੇ ਹਨ। 10,000 ਕਰੋੜ ਰੁਪਏ ਕਿੱਥੇ ਗਏ? ਈ. ਡੀ.-ਸੀ. ਬੀ. ਆਈ. ਨੇ ਮਨੀਸ਼ ਸਿਸੋਦੀਆ ਦੇ ਘਰ, ਜੱਦੀ ਪਿੰਡ, ਬੈਂਕ ਲਾਕਰ ਅਤੇ ਉਨ੍ਹਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਸਾਰੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਪਰ ਭਾਜਪਾ ਦੀਆਂ ਜਾਂਚ ਏਜੰਸੀਆਂ ਨੂੰ ਇਕ ਪੈਸਾ ਵੀ ਨਹੀਂ ਮਿਲਿਆ, ਕਿਉਂਕਿ ਇਹ ਸਾਰੇ ਦੋਸ਼ ਪੂਰੀ ਤਰ੍ਹਾਂ ਫਰਜ਼ੀ ਅਤੇ ਮਨਘੜਤ ਹਨ। ਭਾਜਪਾ ਕੁਝ ਵੀ ਕਰ ਕੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਲਈ ਭਾਜਪਾ ਅਰਵਿੰਦ ਕੇਜਰੀਵਾਲ ਦੇ ਲੋਕਾਂ ਨੂੰ ਇਕ-ਇਕ ਕਰ ਕੇ ਜੇਲਾ ’ਚ ਡੱਕਣਾ ਚਾਹੁੰਦੀ ਹੈ। ਕੋਈ ਘਪਲਾ ਨਹੀਂ ਹੋਇਆ ਹੈ। ਭਾਜਪਾ ਸਿਰਫ ਆਮ ਆਦਮੀ ਪਾਰਟੀ ਤੋਂ ਹੀ ਡਰਦੀ ਹੈ। ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਅਸੀਂ ਸਾਰੇ ਲੋਕ ਭਾਜਪਾ ਦੇ ਵੱਡੇ-ਵੱਡੇ ਨੇਤਾਵਾਂ ਦੇ ਸੁਪਨਿਆਂ ’ਚ ਭੂਤ ਬਣ ਕੇ ਆਉਂਦੇ ਹਾਂ ਅਤੇ ਉਹ ਡਰ ਕੇ ਉੱਠ ਜਾਂਦੇ ਹਨ। ਭਾਜਪਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਿਰਫ਼ ਅਰਵਿੰਦ ਕੇਜਰੀਵਾਲ ਹੀ ਹੈ, ਜੋ ਚੋਣ ਮੈਦਾਨ ’ਚ ਲੋਹਾ ਲੈ ਕੇ ਭਾਜਪਾ ਨੂੰ ਹਰਾ ਸਕਦੇ ਹਨ। ਪ੍ਰਧਾਨ ਮੰਤਰੀ ਰਾਹੁਲ ਗਾਂਧੀ ਅਤੇ ਕਾਂਗਰਸ ਤੋਂ ਨਹੀਂ ਡਰਦੇ ਹਨ ਪਰ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਤੋਂ ਜ਼ਰੂਰ ਡਰਦੇ ਹਨ।
ਇਹ ਵੀ ਪੜ੍ਹੋ : ਸੂਬੇ ’ਚ ਅਮਨ ਸ਼ਾਂਤੀ ਨੂੰ ਕਾਇਮ ਕਰਨ ਲਈ ‘ਆਪ’ ਸਰਕਾਰ ਬੁਰੀ ਤਰ੍ਹਾਂ ਫੇਲ : ਵਿਧਾਇਕ ਤ੍ਰਿਪਤ ਬਾਜਵਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ