50 ਫੀਸਦੀ ਅਧਿਆਪਕਾਂ ਨੂੰ ਹੀ ਬੁਲਾਇਆ ਜਾਵੇ ਸਕੂਲ : ਡਿਪਟੀ ਕਮਿਸ਼ਨਰ
Wednesday, May 12, 2021 - 02:03 AM (IST)
ਜਲੰਧਰ, (ਚੋਪੜਾ)– ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨੂੰ ਰੋਕਣ ਲਈ ਲੜੀ ਜਾ ਰਹੀ ਲੜਾਈ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ, ਸਾਰੇ ਮਾਨਤਾ ਪ੍ਰਾਪਤ ਸਕੂਲਾਂ, ਪੰਜਾਬ ਸਰਕਾਰ ਤੋਂ ਸਹਾਇਤਾ ਪ੍ਰਾਪਤ (ਏਡਿਡ) ਅਤੇ ਗੈਰ-ਸਹਾਇਤਾ ਪ੍ਰਾਪਤ (ਅਨਏਡਿਡ) ਸਕੂਲਾਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਹੜੇ ਸਕੂਲਾਂ ਵਿਚ ਸਟਾਫ ਤੇ ਅਧਿਆਪਕਾਂ ਨੂੰ ਮਿਲਾ ਕੇ 10 ਤੋਂ ਵੱਧ ਲੋਕ ਸ਼ਾਮਲ ਹੋਣ, ਉਥੇ ਸਿਰਫ 50 ਫੀਸਦੀ ਸਟਾਫ ਅਤੇ ਅਧਿਆਪਕਾਂ ਨੂੰ ਹੀ ਸਕੂਲ ਬੁਲਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 50 ਫੀਸਦੀ ਸਟਾਫ ਨੂੰ ਵੀ ਰੋਟੇਸ਼ਨ ਦੇ ਆਧਾਰ ’ਤੇ ਹੀ ਬੁਲਾਇਆ ਜਾਵੇ। ਇਸ ਤੋਂ ਇਲਾਵਾ ਕੋਵਿਡ-19 ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਾ ਯਕੀਨੀ ਬਣਾਇਆ ਜਾਵੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ-ਕਾਲਜਾਂ ਨੂੰ ਬੱਚਿਆਂ ਲਈ ਬੰਦ ਕਰਨ ਦੇ ਹੁਕਮ ਪਹਿਲਾਂ ਤੋਂ ਹੀ ਜਾਰੀ ਕੀਤੇ ਹੋਏ ਹਨ। ਇਸ ਸਮਾਂ-ਹੱਦ ਵਿਚ ਸਰਕਾਰ ਨੂੰ ਸਿੱਖਿਆ ਸੰਸਥਾਵਾਂ ਦੇ ਸਿਰਫ ਸਟਾਫ ਅਤੇ ਅਧਿਆਪਕਾਂ ਨੂੰ ਹੀ ਬੁਲਾਉਣ ਦੀ ਮਨਜ਼ੂਰੀ ਦਿੱਤੀ ਹੋਈ ਹੈ।