ਆਨਲਾਈਨ ਮੰਗਵਾਈ ਸਾੜ੍ਹੀ ਨਿਕਲੀ ਹੋਰ ਹੀ, ਰਾਸ਼ੀ ਰੀਫੰਡ ਨਾ ਕਰਨ ''ਤੇ 8 ਹਜ਼ਾਰ ਰੁਪਏ ਹਰਜਾਨਾ

Monday, May 27, 2019 - 02:41 PM (IST)

ਆਨਲਾਈਨ ਮੰਗਵਾਈ ਸਾੜ੍ਹੀ ਨਿਕਲੀ ਹੋਰ ਹੀ, ਰਾਸ਼ੀ ਰੀਫੰਡ ਨਾ ਕਰਨ ''ਤੇ 8 ਹਜ਼ਾਰ ਰੁਪਏ ਹਰਜਾਨਾ

ਚੰਡੀਗੜ੍ਹ (ਰਾਜਿੰਦਰ) : ਆਨਲਾਈਨ ਵੇਖ ਕੇ ਸਾੜ੍ਹੀ ਮੰਗਵਾਈ ਪਰ ਡਲਿਵਰ ਕੀਤੀ ਗਈ ਸਾੜ੍ਹੀ ਵੱਖਰੀ ਨਿਕਲੀ, ਜਿਸ ਕਾਰਨ ਖਪਤਕਾਰ ਫੋਰਮ ਨੇ ਆਪੋਜ਼ਿਟ ਪਾਰਟੀ ਨੂੰ ਸੇਵਾ 'ਚ ਕੁਤਾਹੀ ਦਾ ਦੋਸ਼ੀ ਕਰਾਰ ਦਿੱਤਾ ਹੈ।  ਫੋਰਮ ਨੇ ਨਿਰਦੇਸ਼ ਦਿੱਤੇ ਹਨ ਕਿ ਸ਼ਿਕਾਇਤਕਰਤਾ ਨੂੰ 6 ਹਜ਼ਾਰ ਰੁਪਏ ਦੀ ਰਾਸ਼ੀ ਰੀਫੰਡ ਕੀਤੀ ਜਾਵੇ, ਨਾਲ ਹੀ ਮਾਨਸਿਕ ਪ੍ਰੇਸ਼ਾਨੀ ਕਾਰਨ ਮੁਆਵਜ਼ਾ ਅਤੇ ਮੁਕੱਦਮਾ ਖਰਚ ਦੇ ਰੂਪ 'ਚ 8 ਹਜ਼ਾਰ ਰੁਪਏ ਵੀ ਦੇਣ ਦੇ ਨਿਰਦੇਸ਼ ਦਿੱਤੇ ਹਨ। ਹੁਕਮ ਦੀ ਪਾਲਣਾ 30 ਦਿਨਾਂ ਦੇ ਅੰਦਰ ਕਰਨੀ ਹੋਵੇਗੀ। ਹਾਲਾਂਕਿ ਸ਼ਿਕਾਇਤਕਰਤਾ ਨੂੰ ਉਕਤ ਰਾਸ਼ੀ ਮਿਲਣ ਤੋਂ ਬਾਅਦ ਸਾੜ੍ਹੀ ਵਾਪਸ ਕਰਨੀ ਹੋਵੇਗੀ। ਇਹ ਹੁਕਮ ਜ਼ਿਲਾ ਖਪਤਕਾਰ ਫੋਰਮ-2 ਨੇ ਸੁਣਵਾਈ ਦੇ ਦੌਰਾਨ ਜਾਰੀ ਕੀਤੇ।

ਸੈਕਟਰ-18ਸੀ ਚੰਡੀਗੜ੍ਹ ਨਿਵਾਸੀ ਨੰਦਿਨੀ ਮਹਾਜਨ ਨੇ ਫੋਰਮ 'ਚ ਸਿਮਰਨ ਬੱਤਰਾ, ਮਹੇਸ਼ ਨਗਰ, ਇੰਦੌਰ ਖਿਲਾਫ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ 'ਚ ਦੱਸਿਆ ਸੀ ਕਿ ਆਪੋਜ਼ਿਟ ਪਾਰਟੀ ਸਿਮਰਨ ਬੱਤਰਾ ਵਲੋਂ ਇੰਸਟਾਗ੍ਰਾਮ 'ਤੇ ਚਲਾਏ ਜਾ ਰਹੇ ਇਕ ਅਕਾਊਂਟ ਤੋਂ 27 ਨਵੰਬਰ 2018 ਨੂੰ ਉਨ੍ਹਾਂ ਨੇ ਸਾੜ੍ਹੀ ਮੰਗਵਾਈ ਅਤੇ ਪੇਟੀਐੱਮ ਐਪ ਜ਼ਰੀਏ ਤਿੰਨ ਹਜ਼ਾਰ ਰੁਪਏ ਦੀ ਪੇਮੈਂਟ ਵੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਾੜ੍ਹੀ ਦੀ ਫੋਟੋ ਵਟਸਐਪ ਦੇ ਜ਼ਰੀਏ ਉਨ੍ਹਾਂ ਨੂੰ ਭੇਜੀ ਗਈ, ਜਿਸ 'ਚ ਸਾੜ੍ਹੀ ਵਧੀਆ ਲਗ ਰਹੀ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਬਾਕੀ ਰਹਿੰਦੇ ਤਿੰਨ ਹਜ਼ਾਰ ਦੀ ਪੇਮੈਂਟ ਵੀ ਪੇਟੀਐੱਮ ਜ਼ਰੀਏ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪ੍ਰੋਡਕਟ ਮਿਲਿਆ ਤਾਂ ਉਸ ਪ੍ਰੋਡਕਟ ਤੋਂ ਪੂਰੀ ਤਰ੍ਹਾਂ ਵੱਖਰਾ ਹੀ ਨਿਕਲਿਆ, ਜੋ ਉਨ੍ਹਾਂ ਨੇ ਆਰਡਰ ਕੀਤਾ ਸੀ।

ਪ੍ਰੋਡਕਟ ਦੀ ਕੁਆਲਿਟੀ ਕਾਫ਼ੀ ਘਟੀਆ ਸੀ ਅਤੇ ਇਸਦੀ ਠੀਕ ਰੂਪ ਨਾਲ ਸਿਲਾਈ ਨਹੀਂ ਹੋਈ ਸੀ, ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਪਾਰਟੀ ਨਾਲ ਗੱਲ ਕੀਤੀ ਅਤੇ ਪ੍ਰੋਡਕਟ ਨੂੰ ਰਿਪਲੇਸਮੈਂਟ ਲਈ ਵਾਪਸ ਕਰ ਦਿੱਤਾ। 15 ਦਿਨਾਂ ਬਾਅਦ ਸ਼ਿਕਾਇਤਕਰਤਾ ਨੇ ਜਦੋਂ ਦੁਬਾਰਾ ਪ੍ਰੋਡਕਟ ਰਿਸੀਵ ਕੀਤਾ ਤਾਂ ਉਹ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਸੇਮ ਪ੍ਰੋਡਕਟ ਹੀ ਦੁਬਾਰਾ ਉਨ੍ਹਾਂ ਨੂੰ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਪਾਰਟੀ ਤੋਂ ਰਾਸ਼ੀ ਰਿਫੰਡ ਕਰਨ ਦੀ ਮੰਗ ਕੀਤੀ ਅਤੇ ਲੀਗਲ ਨੋਟਿਸ ਵੀ ਭੇਜਿਆ ਪਰ ਕੋਈ ਫਾਇਦਾ ਨਹੀਂ ਹੋਇਆ। ਸ਼ਿਕਾਇਤਕਰਤਾ ਦਾ ਨੋਟਿਸ ਆਪੋਜ਼ਿਟ ਪਾਰਟੀ ਨੂੰ ਭੇਜਿਆ ਗਿਆ ਪਰ ਉਸ ਵੱਲੋਂ ਕੋਈ ਪੇਸ਼ ਨਹੀਂ ਹੋਇਆ, ਜਿਸ ਕਾਰਨ ਉਸ ਨੂੰ ਐਕਸਪਾਰਟੀ (ਇਕਤਰਫਾ) ਕਰਾਰ ਦਿੱਤਾ ਗਿਆ।


author

Anuradha

Content Editor

Related News