PGI ’ਚ ਮਰੀਜ਼ਾਂ ਨੂੰ ਲੰਬੀਆਂ ਕਤਾਰਾਂ ਤੋਂ ਬਚਾਉਣ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ
Saturday, Jun 29, 2024 - 03:50 AM (IST)
ਚੰਡੀਗੜ੍ਹ (ਪਾਲ) : ਪੀ.ਜੀ.ਆਈ. ਨੇ ਮਰੀਜ਼ਾਂ ਨੂੰ ਲੰਬੀਆਂ ਲਾਈਨਾਂ ਤੋਂ ਬਚਾਉਣ ਲਈ ਅਡਵਾਂਸ ਆਈ ਸੈਂਟਰ ’ਚ ਆਨਲਾਈਨ ਰਜਿਸਟ੍ਰੇਸ਼ਨ ਸਹੂਲਤ ਸ਼ੁਰੂ ਕਰ ਦਿੱਤੀ ਹੈ। ਪਾਇਲਟ ਪ੍ਰੋਜੈਕਟ ਤਹਿਤ ਹਾਲੇ ਇਸ ਨੂੰ ਸਿਰਫ਼ ਆਈ ਸੈਂਟਰ ’ਚ ਸ਼ੁਰੂ ਕੀਤਾ ਗਿਆ ਹੈ। ਆਨਲਾਈਨ ਰਜਿਸਟ੍ਰੇਸ਼ਨ ਦੀ ਮਦਦ ਨਾਲ ਮਰੀਜ਼ ਕਿਸੇ ਵੀ ਸ਼ਹਿਰ ਤੋਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ, ਜਿਸ ’ਚ ਮਰੀਜ਼ ਨੂੰ ਉਸ ਦੇ ਮੁਤਾਬਕ ਇਕ ਖ਼ਾਸ ਦਿਨ ਤੇ ਤਾਰੀਖ ਮਿਲ ਸਕੇਗੀ। ਇਸ ਦਾ ਲਾਭ ਇਹ ਹੋਵੇਗਾ ਕਿ ਉਸ ਨੂੰ ਲਾਈਨ ’ਚ ਖੜ੍ਹਾ ਨਹੀਂ ਹੋਣਾ ਪਵੇਗਾ। ਆਨਲਾਈਨ ਰਜਿਸਟ੍ਰੇਸ਼ਨ ਕਰਨ ਵਾਲਿਆਂ ਲਈ ਇਕ ਵੱਖਰੀ ਕਤਾਰ ਹੈ। ਇਸ ਨਵੀਂ ਪਹਿਲ ’ਚ ਇਕ ਥਰਮਲ ਸਕੈਨਰ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿੱਥੇ ਨਾਂ ਤੇ ਉਮਰ ਦਰਜ ਕਰਨ ਤੋਂ ਬਾਅਦ ਇਹ ਮਰੀਜ਼ ਨੂੰ ਦਾਖ਼ਲ ਹੋਣ ਸਮੇਂ ਪਰਚੀ ਦਾ ਪ੍ਰਿੰਟਆਊਟ ਦਿੰਦੀ ਹੈ। ਇਹ ਪਰਚੀ ਲੈ ਕੇ ਮਰੀਜ਼ ਸਿੱਧਾ ਡਾਕਟਰ ਕੋਲ ਜਾ ਸਕੇਗਾ। ਫ਼ਿਲਹਾਲ 200 ਮਰੀਜ਼ਾਂ ਦੀ ਇਸ ’ਚ ਕੈਪਿੰਗ ਕੀਤੀ ਗਈ ਹੈ। ਹਾਲ ਹੀ ’ਚ ਇਸ ਨੂੰ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਮਰੀਜ਼ਾਂ ਨੂੰ ਲਾਈਨ ’ਚ ਖੜ੍ਹੇ ਹੋਣ ਲਈ ਸਵੇਰੇ ਜਲਦੀ ਨਹੀਂ ਆਉਣਾ ਪਵੇਗਾ। ਡਾਕਟਰਾਂ ਕੋਲ ਉਨ੍ਹਾਂ ਮਰੀਜ਼ਾਂ ਦੀ ਇਕ ਸੂਚੀ ਹੋਵੇਗੀ, ਜਿਨ੍ਹਾਂ ਨੇ ਆਨਾਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ ਤੇ ਇਸ ਨਾਲ ਪਾਰਦਰਸ਼ਿਤਾ ਬਣੀ ਰਹੇਗੀ। ਇਹ ਬੇਹੱਦ ਅਡਵਾਂਸ ਸਿਸਟਮ ਹੈ।
ਇਹ ਵੀ ਪੜ੍ਹੋ- ਦੁਖਦਾਈ ਖ਼ਬਰ: ਕੈਨੇਡਾ 'ਚ ਸੜਕ ਹਾਦਸੇ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ
ਪੀ.ਜੀ.ਆਈ. ਡਿਪਟੀ ਡਾਇਰੈਕਟਰ ਪੰਕਜ ਰਾਏ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਸਾਰੀਆਂ ਓ.ਪੀ.ਡੀ. ’ਚ ਇਸ ਨੂੰ ਸ਼ੁਰੂ ਕੀਤਾ ਜਾਵੇ। ਇਸ ਦੀ ਮਦਦ ਨਾਲ ਪਾਰਕਿੰਗ ਦੀ ਸਮੱਸਿਆ ਤੇ ਭੀੜ ਨੂੰ ਸਹੀ ਤਰੀਕੇ ਨਾਲ ਮੈਨੇਜ ਕੀਤਾ ਜਾ ਸਕੇਗਾ।
ਓ.ਪੀ.ਡੀ. ’ਚ ਕਾਰਡ ਬਣਾਉਣ ਲਈ ਲੱਗਦੀਆਂ ਨੇ 8-9 ਲਾਈਨਾਂ
ਪੀ.ਜੀ.ਆਈ. ’ਚ ਰੋਜ਼ਾਨਾ 8 ਤੋਂ 10 ਹਜ਼ਾਰ ਮਰੀਜ਼ ਓ.ਪੀ.ਡੀ. ’ਚ ਆਉਂਦੇ ਹਨ ਤੇ ਲੰਬੀਆਂ ਕਤਾਰਾਂ ’ਚ ਲੱਗ ਕੇ ਕਾਰਡ ਬਣਵਾਉਂਦੇ ਹਨ। 11 ਵਜੇ ਤੱਕ ਹੀ ਰਜਿਸਟ੍ਰੇਸ਼ਨ ਕਾਊਂਟਰ ਖੁੱਲ੍ਹਿਆ ਰਹਿੰਦਾ ਹੈ, ਜਿਸ ਕਾਰਨ ਕਈ ਵਾਰ ਥੋੜ੍ਹਾ ਜਿਹਾ ਲੇਟ ਹੋ ਜਾਣ ਜਾਂ ਵਕਤ ਪੂਰਾ ਹੋ ਜਾਣ ਕਾਰਨ ਮਰੀਜ਼ ਕਾਰਡ ਨਹੀਂ ਬਣਵਾ ਸਕਦਾ। ਮਰੀਜ਼ਾਂ ਨੂੰ ਇਨ੍ਹਾਂ ਲੰਬੀਆਂ ਕਤਾਰਾਂ ਤੋਂ ਬਚਾਉਣ ਲਈ ਪੀ.ਜੀ.ਆਈ. ਇਸ ਟੈਕਨੋਲੋਜੀ ਦੀ ਮਦਦ ਲੈਣ ਜਾ ਰਿਹਾ ਹੈ। ਮੌਜੂਦਾ ਸਮੇਂ ਓ.ਪੀ.ਡੀ. ’ਚ 8 ਤੋਂ 9 ਲਾਈਨਾਂ ਰਹਿੰਦੀਆਂ ਹਨ, ਜਿੱਥੇ ਕਾਰਡ ਬਣਾਏ ਜਾਂਦੇ ਹਨ। ਇਸ ਤਰ੍ਹਾਂ ਮਰੀਜ਼ਾਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ। ਫ਼ਿਲਹਾਲ ਸਾਰੇ ਵਿਭਾਗਾਂ ’ਚ ਇਸ ਨੂੰ ਸ਼ੁਰੂ ਕਰਨਾ ਥੋੜ੍ਹਾ ਮੁਸ਼ਕਲ ਹੈ ਪਰ ਪੀ.ਜੀ.ਆਈ. ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ- ਮਾਪਿਆਂ ਦੀ ਅਣਗਿਹਲੀ ਕਾਰਨ ਗਈ 11 ਮਹੀਨੇ ਦੀ ਬੱਚੀ ਦੀ ਜਾਨ, ਪਾਣੀ ਨਾਲ ਭਰੀ ਬਾਲਟੀ 'ਚ ਡਿੱਗੀ
ਆਨਲਾਈਨ ਹੀ ਕਾਰਡ ਦੀ ਪੇਮੈਂਟ
ਓ.ਪੀ.ਡੀ. ’ਚ ਵਧਦੀ ਮਰੀਜ਼ਾਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਆਨਲਾਈਨ ਰਜਿਸਟ੍ਰੇਸ਼ਨ ’ਚ ਮਰੀਜ਼ ਆਪਣੀ ਜਾਣਕਾਰੀ ਪਾ ਕੇ ਖ਼ੁਦ ਦੀ ਰਜਿਸਟ੍ਰੇਸ਼ਨ ਕਰੇਗਾ। ਆਨਲਾਈਨ ਹੀ ਕਾਰਡ ਦੀ ਪੇਮੈਂਟ ਹੋਵੇਗੀ। ਇਸ ਤੋਂ ਬਾਅਦ ਮਰੀਜ਼ ਨੂੰ ਕਾਰਡ ਨੰਬਰ ਜਨਰੇਟ ਹੋਵੇਗਾ। ਪ੍ਰਿੰਟਆਊਟ ਰਜਿਸਟ੍ਰੇਸ਼ਨ ਦਾ ਪਰੂਫ ਹੋਵੇਗਾ। ਪੀ.ਜੀ.ਆਈ. ’ਚ ਕਾਰਡ ਬਣਾਉਣ ਵਾਲੇ ਕਾਊਂਟਰ ’ਤੇ ਮਰੀਜ਼ ਨੂੰ ਜਾਣ ਦੀ ਲੋੜ ਨਹੀਂ ਹੋਵੇਗੀ।
ਇਹ ਵੀ ਪੜ੍ਹੋ- ਏਅਰਪੋਰਟ ਹਾਦਸਾ: ਕੇਂਦਰੀ ਮੰਤਰੀ ਦਾ ਐਲਾਨ, ਰੱਦ ਹੋਈਆਂ ਉਡਾਣਾਂ ਦੇ ਸਾਰੇ ਪੈਸੇ ਯਾਤਰੀਆਂ ਨੂੰ ਮਿਲਣਗੇ ਵਾਪਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e