ਆਨਲਾਈਨ ਠੱਗੀ ਦਾ ਪਰਦਾਫਾਸ਼, ਜਲੰਧਰ ਤੋਂ ਝਾਰਖੰਡ-ਬਿਹਾਰ ਤੱਕ ਜੁੜੀਆਂ ਸਨ ਤਾਰਾਂ

Friday, Aug 14, 2020 - 03:50 PM (IST)

ਆਨਲਾਈਨ ਠੱਗੀ ਦਾ ਪਰਦਾਫਾਸ਼, ਜਲੰਧਰ ਤੋਂ ਝਾਰਖੰਡ-ਬਿਹਾਰ ਤੱਕ ਜੁੜੀਆਂ ਸਨ ਤਾਰਾਂ

ਲੁਧਿਆਣਾ (ਗੌਤਮ) : ਲੋਕਾਂ ਦੇ ਖਾਤੇ ਹੈਕ ਕਰਕੇ ਰਕਮ ਚੋਰੀ ਕਰਨ ਅਤੇ ਫਿਰ ਬਿਜਲੀ ਦੇ ਬਿੱਲ ਭਰ ਕੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਸਬੰਧੀ ਫਰੀਦਾਬਾਦ ਪੁਲਸ ਨੇ ਪਰਦਾਫਾਸ਼ ਕੀਤਾ ਹੈ ਕਿ ਇਸ ਗਿਰੋਹ ਦੇ ਮੁੱਖ ਸਰਗਣਾ ਝਾਰਖੰਡ ਅਤੇ ਬਿਹਾਰ 'ਚ ਸਰਗਰਮ ਹਨ, ਜੋ ਉੱਥੇ ਬੈਠ ਕੇ ਗਿਰੋਹ ਚਲਾ ਰਹੇ ਹਨ। ਇਸ ਕੇਸ ਦਾ ਖੁਲਾਸਾ ਉਦੋਂ ਹੋਇਆ, ਜਦੋਂ ਗਿਰੋਹ ਦੇ ਲੋਕਾਂ ਨੇ ਇਕ ਐੱਮ. ਐੱਲ. ਏ. ਦੇ ਰਿਸ਼ਤੇਦਾਰ ਦੇ ਖਾਤੇ 'ਚੋਂ ਵੀ ਰਕਮ ਉਡਾਈ। ਜਾਂਚ ਦੌਰਾਨ ਫਰੀਦਾਬਾਦ ਪੁਲਸ ਲੁਧਿਆਣਾ ਅਤੇ ਜਲੰਧਰ ਪੁੱਜੀ ਤਾਂ ਲੋਕਾਂ ਨੂੰ ਇਸ ਗਿਰੋਹ ਸਬੰਧੀ ਪਤਾ ਲੱਗਾ। ਪੁਲਸ ਦਾ ਦਾਅਵਾ ਹੈ ਕਿ ਇਸ ਗਿਰੋਹ ਤੋਂ ਕਰੋੜਾਂ ਰੁਪਏ ਦੀ ਠੱਗੀ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ।
ਜਾਣਕਾਰੀ ਮੁਤਾਬਕ ਲੁਧਿਆਣਾ ਅਤੇ ਜਲੰਧਰ 'ਚ ਬਿਜਲੀ ਅਤੇ ਹੋਰ ਮਹਿਕਮਿਆਂ ਦੇ ਬਿੱਲ ਭਰਨ ਲਈ ਦਫ਼ਤਰ ਖੋਲ੍ਹੇ ਹੋਏ ਸਨ। ਲੋਕਾਂ ਦਾ ਕਹਿਣਾ ਸੀ ਕਿ ਦਫ਼ਤਰ ਚਲਾਉਣ ਵਾਲਾ ਨੌਜਵਾਨ ਉਨ੍ਹਾਂ ਨੂੰ ਕਹਿੰਦਾ ਸੀ ਕਿ ਉਨ੍ਹਾਂ ਨੇ ਪੰਜਾਬ ਬਿਜਲੀ ਬੋਰਡ ਦੇ ਬਿਜਲੀ ਬਿੱਲ ਭਰਨ ਦੀ ਏਜੰਸੀ ਲਈ ਹੋਈ ਹੈ ਅਤੇ ਪਹਿਲਾਂ ਹੀ ਮਹਿਕਮੇ 'ਚ ਉਨ੍ਹਾਂ ਦੇ ਪੈਸੇ ਜਮ੍ਹਾ ਹਨ। ਇਸ ’ਤੇ ਉਨ੍ਹਾਂ ਨੂੰ 5 ਫ਼ੀਸਦੀ ਕਮਿਸ਼ਨ ਮਿਲਦਾ ਹੈ। ਉਹ ਆਪਣੇ ਗਾਹਕ ਨੂੰ ਘਰ ਬੈਠਿਆਂ ਹੀ ਬਿੱਲ ਜਮ੍ਹਾਂ ਕਰਵਾਉਣ ਅਤੇ ਉਨ੍ਹਾਂ ਨੂੰ 1 ਤੋਂ 2 ਫ਼ੀਸਦੀ ਕਮਿਸ਼ਨ ਦੇਣ ਦਾ ਲਾਲਚ ਦਿੰਦੇ ਸਨ। ਸਹੂਲਤ ਨੂੰ ਦੇਖਦੇ ਹੋਏ ਲੋਕ ਉਨ੍ਹਾਂ ਨੂੰ ਬਿੱਲ ਭਰਨ ਲਈ ਦੇ ਦਿੰਦੇ ਸਨ।
ਸਿੰਮ ਕਾਰਡ ਬਦਲਣ ਦਾ ਝਾਂਸਾ ਦੇ ਕੇ ਕਰਦੇ ਸਨ ਗੱਲ
ਸੂਤਰਾਂ ਮੁਤਾਬਕ ਗਿਰੋਹ ਦੇ ਮੈਂਬਰ ਲੋਕਾਂ ਨੂੰ ਕਾਲ ਕਰਕੇ ਉਨ੍ਹਾਂ ਦੇ ਸਿੰਮ ਕਾਰਡ ਨੂੰ 3ਜੀ ਤੋਂ 4ਜੀ 'ਚ ਬਦਲਣ ਦਾ ਝਾਂਸਾ ਦਿੰਦੇ ਸਨ। ਇਸ ਦੌਰਾਨ ਉਹ ਉਨ੍ਹਾਂ ਦੀ ਪੂਰੀ ਡਿਟੇਲ ਲੈ ਕੇ ਉਨ੍ਹਾਂ ਦੇ ਖਾਤੇ 'ਚੋਂ ਰਕਮ ਉਡਾ ਲੈਂਦੇ ਸਨ। ਇਸ ਰਕਮ ਨੂੰ ਉਹ ਆਪਣੇ ਵੱਖ-ਵੱਖ ਖਾਤਿਆਂ 'ਚ ਜਮ੍ਹਾਂ ਕਰ ਲੈਂਦੇ ਸਨ ਅਤੇ ਚੋਰੀ ਕੀਤੀ ਰਕਮ ਨੂੰ ਵੱਖ-ਵੱਖ ਮਹਿਕਮਿਆਂ ਦੇ ਬਿੱਲ ਜਮ੍ਹਾਂ ਕਰਨ ਲਈ ਵਰਤਦੇ ਸਨ।
ਕਿਵੇਂ ਕਰਦੇ ਸਨ ਕੰਮ
ਪੰਜਾਬ ਰਾਜ ਬਿਜਲੀ ਬੋਰਡ ਦੇ ਖਪਤਕਾਰਾਂ ਦੇ ਖਾਤੇ 'ਚ ਪੈਸੇ ਜਮ੍ਹਾਂ ਕਰਵਾਉਣ ਲਈ ਇਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਬਿੱਲ ਭਰਨ ਦਾ ਕੰਮ ਕਰਨ ਵਾਲੇ ਲੋਕਾਂ ਨਾਲ ਸੰਪਰਕ ਕੀਤਾ ਹੋਇਆ ਸੀ, ਜਿਨ੍ਹਾਂ ਨੂੰ ਉਹ ਜ਼ਿਆਦਾ ਕਮਿਸ਼ਨ ਦਾ ਲਾਲਚ ਦੇ ਕੇ ਵੱਧ ਤੋਂ ਵੱਧ ਗਾਹਕ ਜੋੜਨ ਲਈ ਕਹਿੰਦੇ ਸਨ। ਕਮਿਸ਼ਨ ਏਜੰਟ ਬਿੱਲ ਭਰਨ ਵਾਲੇ ਆਪਣੇ ਗਾਹਕਾਂ ਨੂੰ ਵਟਸਐਪ ’ਤੇ ਹੀ ਬਿਜਲੀ ਬੋਰਡ ਵੱਲੋਂ ਆਏ ਹੋਏ ਬਿੱਲ ਭੇਜਣ ਲਈ ਕਹਿੰਦੇ ਸਨ। ਬਿੱਲ ਅਦਾ ਕਰਨ ਤੋਂ ਬਾਅਦ ਉਹ ਆਪਣੇ ਗਾਹਕ ਨੂੰ ਬਿਜਲੀ ਬੋਰਡ ਦੀ ਰਸੀਦ ਭੇਜ ਕੇ ਉਨ੍ਹਾਂ ਤੋਂ ਆਪਣੇ ਨਾਂ ਦਾ ਚੈੱਕ ਜਾਂ ਕੈਸ਼ ਮੰਗਵਾ ਲੈਂਦੇ ਸਨ ਅਤੇ ਇਕੱਠਾ ਕੀਤਾ ਪੈਸਾ ਗਿਰੋਹ ਦੇ ਲੋਕ ਉਨ੍ਹਾਂ ਤੋਂ ਆ ਕੇ ਲੈ ਜਾਂਦੇ ਸਨ। ਇਹ ਲੋਕ ਵੱਡੀਆਂ-ਵੱਡੀਆਂ ਫੈਕਟਰੀਆਂ ਨੂੰ ਆਪਣੇ ਜਾਲ 'ਚ ਫਸਾਉਂਦੇ ਸਨ, ਜਦੋਂ ਕਿ ਫੜ੍ਹੇ ਗਏ ਨੌਜਵਾਨਾਂ ਨੇ ਖੁਦ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਧੰਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹ ਤਾਂ ਸਿਰਫ ਕਮਿਸ਼ਨ ਦੇ ਲਾਲਚ 'ਚ ਹੀ ਕੰਮ ਕਰ ਰਹੇ ਸਨ।
ਕਿਵੇਂ ਹੋਇਆ ਖੁਲਾਸਾ
ਫਰੀਦਾਬਾਦ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਕਿਸੇ ਨੇ ਉਸ ਦੇ ਆਈ. ਸੀ. ਆਈ. ਸੀ. ਆਈ. ਬੈਂਕ ਵਿਚਲੇ ਸੇਵਿੰਗ ਖਾਤੇ ਅਤੇ ਕ੍ਰੈਡਿਟ ਕਾਰਡ ਤੋਂ ਆਨਲਾਈਨ ਪੈਸੇ ਕੱਢਵਾ ਕੇ ਵੱਖ-ਵੱਖ ਐਪਸ ਰਾਹੀਂ ਅੱਗੇ ਭੇਜੇ ਗਏ ਹਨ, ਜਦੋਂ ਕਿ ਉਸ ਨੇ ਖੁਦ ਕੋਈ ਵੀ ਟ੍ਰਾਂਜ਼ੈਕਸ਼ਨ ਨਹੀਂ ਕੀਤੀ ਹੈ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਇਹ ਪੈਸੇ ਜਿਹੜੀਆਂ ਐਪਸ 'ਚ ਭੇਜੇ ਗਏ ਸਨ, ਉਨ੍ਹਾਂ ਨਾਲ ਲੁਧਿਆਣਾ 'ਚ ਪੰਜਾਬ ਰਾਜ ਬਿਜਲੀ ਬੋਰਡ ਦੇ ਬਿੱਲ ਦਾ ਭੁਗਤਾਨ ਕੀਤਾ ਗਿਆ ਹੈ। ਜਾਂਚ 'ਚ ਹੀ ਪੁਲਸ ਨੂੰ ਉਨ੍ਹਾਂ ਵਿਅਕਤੀਆਂ ਦਾ ਪਤਾ ਲੱਗਾ, ਜਿਨ੍ਹਾਂ ਦੇ ਬਿੱਲ ਭਰੇ ਗਏ ਸਨ। ਉਨ੍ਹਾਂ ਲੋਕਾਂ ਤੱਕ ਪਹੁੰਚ ਕਰਨ ਤੋਂ ਬਾਅਦ ਪੁਲਸ ਨੂੰ ਕਮਿਸ਼ਨ ਏਜੰਟਾਂ ਬਾਰੇ ਪਤਾ ਲੱਗਾ ਤਾਂ ਸਾਰੇ ਗਿਰੋਹ ਦਾ ਭਾਂਡਾ ਭੱਜਾ।


author

Babita

Content Editor

Related News