ਕੋਰੋਨਾ ਦਾ ਅਸਰ, ਡਿਜੀਟਲ ਹੋ ਰਹੀਆਂ ਲੁਧਿਆਣਾ ਦੀਆਂ ਕੰਪਨੀਆਂ
Wednesday, Sep 30, 2020 - 04:29 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਵਪਾਰੀ ਹੁਣ ਕੋਰੋਨਾ ਕਾਲ ਦੇ ਦੌਰਾਨ ਭਾਰੀ ਮੰਦੀ ਦਾ ਸਾਹਮਣਾ ਕਰਨ ਕਰਕੇ ਡਿਜੀਟਲ ਪਲੇਟਫਾਰਮ 'ਤੇ ਆ ਰਹੇ ਹਨ। ਜ਼ਿਲ੍ਹੇ 'ਚ ਲਗਾਤਾਰ ਆਨਲਾਈਨ ਵੈੱਬਸਾਈਟਾਂ ਬਣ ਰਹੀਆਂ ਹਨ ਅਤੇ ਛੋਟੇ ਤੋਂ ਲੈ ਕੇ ਵੱਡੇ ਵਪਾਰੀ ਹੁਣ ਆਪਣੇ ਵਪਾਰ ਨੂੰ ਡਿਜੀਟਲ ਕਰ ਰਹੇ ਹਨ, ਜਿਸ ਕਰਕੇ ਉਨ੍ਹਾਂ ਦਾ ਪ੍ਰੋਡਕਟ ਨਾ ਸਿਰਫ ਪੰਜਾਬ, ਸਗੋਂ ਦੇਸ਼ ਭਰ 'ਚ ਜਾ ਰਿਹਾਹੈ। ਲੁਧਿਆਣਾ 'ਚ ਵੈਬਸਾਈਟਾਂ ਬਣਾਉਣ ਵਾਲੇ ਅਤੇ ਬਣਵਾਉਣ ਵਾਲੇ ਹੁਣ ਪੂਰੀ ਤਰਾਂ ਮਸਰੂਫ ਹਨ।
ਆਨਲਾਈਨ ਸਾਈਟਸ ਬਣਾਉਣ ਵਾਲਿਆਂ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਹੀ ਉਨ੍ਹਾਂ ਨੇ ਸੈਂਕੜੇ ਨਵੀਆਂ ਆਨਲਾਈਨ ਸਾਈਟਾਂ ਬਣਾਈਆਂ ਹਨ, ਜਿਨ੍ਹਾਂ ਦਾ ਚੰਗਾ ਰਿਸਪਾਂਸ ਮਿਲ ਰਿਹਾ ਹੈ। ਆਨਲਾਈਨ ਵਪਾਰ ਕਰਨ ਵਾਲੇ ਵਪਾਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਹੌਜ਼ਰੀ ਦਾ ਕੰਮ ਹੈ ਅਤੇ ਕਰਫਿਊ ਦੇ ਦੌਰਾਨ ਕੰਮਕਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ। ਉਨਾਂ ਕੋਲ ਜ਼ਿਆਦਾਤਰ ਵਪਾਰੀ ਬਾਹਰਲੇ ਸੂਬਿਆਂ ਤੋਂ ਆਏ ਸਨ ਪਰ ਵੱਡੀ ਚੁਣੌਤੀ ਸੀ ਕਿ ਆਖ਼ਰਕਾਰ ਕਿਵੇਂ ਆਪਣਾ ਸਮਾਨ ਵੇਚਿਆ ਜਾਵੇ ਅਤੇ ਫਿਰ ਉਨ੍ਹਾਂ ਨੇ ਆਨਲਾਈਨ ਆਪਣਾ ਵਪਾਰ ਸ਼ੁਰੂ ਕੀਤਾ, ਜਿਸ ਦਾ ਉਨ੍ਹਾਂ ਨੂੰ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੁਣ ਵਪਾਰ ਚੱਲਣ ਲੱਗਾ ਹੈ ਅਤੇ ਉਨ੍ਹਾਂ ਦੇ ਖਰਚੇ ਨਿਕਲਣ ਲੱਗੇ ਹਨ। ਉਧਰ ਦੂਜੇ ਪਾਸੇ ਆਨਲਾਈਨ ਸਾਈਟਾਂ ਬਣਾਉਣ ਵਾਲਿਆਂ ਨੇ ਕਿਹਾ ਕਿ ਕਿਵੇਂ ਉਨ੍ਹਾਂ ਨੇ ਬੰਦ ਹੋਏ ਵਪਾਰ ਨੂੰ ਮੁੜ ਸੁਰਜੀਤ ਕਰਨ ਦਾ ਬੀੜਾ ਚੁੱਕਿਆ ਅਤੇ ਫਿਰ ਕੋਰੋਨਾ ਕਾਲ ਦੌਰਾਨ ਨਾ ਸਿਰਫ ਨਵੀਆਂ ਵੈੱਬਸਾਈਟਾਂ ਬਣਾਈਆਂ, ਸਗੋਂ ਪੁਰਾਣੀਆਂ ਨੂੰ ਅਪਡੇਟ ਵੀ ਕੀਤਾ। ਉਨ੍ਹਾਂ ਕਿਹਾ ਕਿ 60 ਦੇ ਕਰੀਬ ਨਵੀਆਂ ਆਨਲਾਈਨ ਸੇਲਿੰਗ ਸਾਈਟਾਂ ਜਦੋਂ ਕਿ 40 ਤੋਂ ਵੱਧ ਅਪਡੇਟ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਪਾਰ ਡਿਜੀਟਲ ਹੋ ਰਹੇ ਹਨ ਅਤੇ ਜੋ ਕੰਮ ਠਪ ਹੋ ਗਏ ਸਨ, ਉਹ ਮੁੜ ਤੋਂ ਖੜ੍ਹੇ ਹੋ ਰਹੇ ਹਨ