ਚੰਡੀਗੜ੍ਹ 'ਚ ਮੁੱਖ ਸੈਰ-ਸਪਾਟਾ ਥਾਵਾਂ ਲਈ ਹੁਣ ਆਨਲਾਈਨ ਕਰੋ ਬੁਕਿੰਗ, ਪਲੇਅ ਸਟੋਰ 'ਤੇ ਮੁਹੱਈਆ ਹੋਈ ਐਪ

Sunday, Feb 27, 2022 - 01:39 PM (IST)

ਚੰਡੀਗੜ੍ਹ 'ਚ ਮੁੱਖ ਸੈਰ-ਸਪਾਟਾ ਥਾਵਾਂ ਲਈ ਹੁਣ ਆਨਲਾਈਨ ਕਰੋ ਬੁਕਿੰਗ, ਪਲੇਅ ਸਟੋਰ 'ਤੇ ਮੁਹੱਈਆ ਹੋਈ ਐਪ

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਿਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੈਰ-ਸਪਾਟਾ ਮਹਿਕਮੇ ਨੇ ਇਕ ਮੋਬਾਇਲ ਐਪ ਬਣਾਈ ਸੀ, ਜਿਸ ਨੂੰ ਹੁਣ ਪਲੇਅ ਸਟੋਰ ’ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਐਪ ਵਿਚ ਸ਼ਹਿਰ ਦੀਆਂ 6 ਮੁੱਖ ਸੈਰ-ਸਪਾਟਾ ਥਾਵਾਂ ਲਈ ਟਿਕਟ ਬੁੱਕ ਕਰਨ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਸੁਖਨਾ ਵਿਚ ਬੋਟਿੰਗ, ਰਾਕ ਗਾਰਡਨ ਅਤੇ ਆਰਕੀਟੈਕਟ ਮਿਊਜ਼ੀਅਮ ਲਈ ਲੋਕਾਂ ਨੂੰ ਪੈਸੇ ਅਦਾ ਕਰਨੇ ਪੈਣਗੇ ਅਤੇ ਹੋਰ ਤਿੰਨ ਥਾਵਾਂ ਲਈ ਟਿਕਟ ਮੁਫ਼ਤ ਰੱਖੀ ਗਈ ਹੈ। ਪਲੇਅ ਸਟੋਰ ’ਤੇ ਚੰਡੀਗੜ੍ਹ ਟੂਰਿਜ਼ਮ ਦੇ ਨਾਂ ’ਤੇ ਇਸ ਐਪ ਨੂੰ ਸਰਚ ਕਰ ਕੇ ਡਾਊਨਲੋਡ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ 'ਚੰਡੀਗੜ੍ਹ' ਤੇ ਜ਼ਿਲ੍ਹਾ 'ਮੋਹਾਲੀ' ਨਾਲ ਸਬੰਧਿਤ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ

PunjabKesari

10 ਫਰਵਰੀ ਨੂੰ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਸ ਮੋਬਾਇਲ ਐਪ ਨੂੰ ਲਾਂਚ ਕੀਤਾ ਸੀ। ਇਸ ਐਪ ਨੂੰ ਸੈਰ-ਸਪਾਟਾ ਮਹਿਕਮੇ ਵੱਲੋਂ ਸੋਸਾਇਟੀ ਫਾਰ ਪ੍ਰਮੋਸ਼ਨ ਆਫ਼ ਆਈ. ਟੀ. ਇਨ ਚੰਡੀਗੜ੍ਹ (ਸਪਿਕ) ਨਾਲ ਮਿਲ ਕੇ ਬਣਾਇਆ ਗਿਆ ਹੈ। ਇਹ ਐਂਡਰਾਇਡ ਅਤੇ ਆਈ. ਓ. ਐੱਸ. ਸਿਸਟਮ ’ਤੇ ਕੰਮ ਕਰੇਗੀ। ਗ੍ਰਹਿ ਅਤੇ ਸੈਰ-ਸਪਾਟਾ ਮਹਿਕਮੇ ਦੇ ਸਕੱਤਰ ਨਿਤਿਨ ਯਾਦਵ ਅਨੁਸਾਰ ਹੁਣ ਤੱਕ ਰਾਕ ਗਾਰਡਨ, ਬਰਡ ਪਾਰਕ ਅਤੇ ਸੁਖਨਾ ਝੀਲ ਵਿਚ ਬੋਟਿੰਗ ਅਤੇ ਹੋਰ ਥਾਵਾਂ ਦੀਆਂ ਟਿਕਟ ਲਈ ਲੋਕਾਂ ਨੂੰ ਲਾਈਨ ਵਿਚ ਲੱਗਣਾ ਪੈਂਦਾ ਸੀ। ਕਈ ਜਗ੍ਹਾ ਕਾਊਂਟਰ ਘੱਟ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਸਮਾਂ ਇੰਤਜ਼ਾਰ ਵੀ ਕਰਨਾ ਪੈਂਦਾ ਸੀ। ਇਸ ਸਮੱਸਿਆ ਨੂੰ ਦੂਰ ਕਰਨ ਲਈ ਹੀ ਇਹ ਐਪ ਬਣਾਈ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅਫ਼ੀਮ ਸਪਲਾਈ ਕਰਨ ਵਾਲਾ ਨੌਜਵਾਨ ਪ੍ਰੇਮਿਕਾ ਸਣੇ ਗ੍ਰਿਫ਼ਤਾਰ, 2 ਸਾਲਾਂ ਤੋਂ ਕਰ ਰਹੇ ਸੀ ਇਹ ਧੰਦਾ

ਮੋਬਾਇਲ ਐਪ ਰਾਹੀਂ ਸ਼ਹਿਰ ਦੀਆਂ ਲਗਭਗ ਸਾਰੀਆਂ ਸੈਰ-ਸਪਾਟਾ ਥਾਵਾਂ, ਜਿਨ੍ਹਾਂ ਵਿਚ ਸੁਖਨਾ ਝੀਲ ’ਤੇ ਬੋਟਿੰਗ, ਰਾਕ ਗਾਰਡਨ ਅਤੇ ਹੋਰ ਥਾਵਾਂ ਸ਼ਾਮਲ ਹਨ, ਦੀ ਟਿਕਟ ਆਨਲਾਈਨ ਖਰੀਦ ਸਕੋਗੇ। ਐਪ ’ਤੇ ਸੈਰ-ਸਪਾਟਾ ਥਾਵਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਸਮੇਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਥਾਵਾਂ ਤੱਕ ਪੁੱਜਣ ਲਈ ਮੈਪ ਦਾ ਲਿੰਕ ਵੀ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News