ਚੌਂਤੇ ''ਚੋਂ ਇਕ ਸਮੱਗਲਰ ਹੈਰੋਇਨ ਸਣੇ ਕਾਬੂ
Monday, Feb 05, 2018 - 07:09 AM (IST)

ਸਾਹਨੇਵਾਲ, (ਜਗਰੂਪ)- ਬੀਤੇ ਦਿਨੀਂ 'ਜਗ ਬਾਣੀ' ਵਲੋਂ ਪਿੰਡ ਚੌਂਤਾ 'ਚ ਵਿਕਣ ਵਾਲੇ ਚਿੱਟੇ ਨੂੰ ਲੈ ਕੇ ਪ੍ਰਮੁੱਖਤਾ ਨਾਲ ਛਾਪੀ ਗਈ ਖ਼ਬਰ ਦਾ ਅਸਰ ਉਦੋਂ ਦੇਖਣ ਨੂੰ ਮਿਲਿਆ, ਜਦੋਂ ਥਾਣਾ ਕੂੰਮਕਲਾਂ ਪੁਲਸ ਨੇ ਅਜਿਹੇ ਸਮੱਗਲਰਾਂ ਖਿਲਾਫ ਕਾਰਵਾਈ ਸ਼ੁਰੂ ਕਰਦੇ ਹੋਏ ਗੁਪਤ ਸੂਚਨਾ ਤੋਂ ਬਾਅਦ ਪਿੰਡ ਚੌਂਤਾ 'ਚੋਂ ਇਕ ਹੈਰੋਇਨ ਸਮੱਗਲਰ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ, ਜਿਸ ਪਾਸੋਂ ਪੁਲਸ ਨੇ ਹੈਰੋਇਨ ਵੀ ਬਰਾਮਦ ਕੀਤੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਥਾਣੇਦਾਰ ਸੋਹਣ ਸਿੰਘ ਦੀ ਪੁਲਸ ਪਾਰਟੀ ਪਿੰਡ ਚੌਂਤਾ 'ਚ ਮੌਜੂਦ ਸੀ। ਇਸ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਵਿਅਕਤੀ ਹੈਰੋਇਨ ਦੀ ਕਥਿਤ ਸਪਲਾਈ ਦੇਣ ਲਈ ਜਾ ਰਿਹਾ ਹੈ, ਜਿਸ 'ਤੇ ਥਾਣਾ ਪੁਲਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਲਈ ਤਲਾਸ਼ੀ ਦੌਰਾਨ ਉਸ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣੇਦਾਰ ਸੋਹਣ ਸਿੰਘ ਅਨੁਸਾਰ ਉਕਤ ਸਮੱਗਲਰ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਚੌਂਤਾ ਦੇ ਰੂਪ 'ਚ ਹੋਈ ਹੈ। ਪੁਲਸ ਅਨੁਸਾਰ ਉਕਤ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਹੈਰੋਇਨ ਦੀ ਸਮੱਗਲਿੰਗ ਕਰਦਾ ਆ ਰਿਹਾ ਸੀ, ਜਿਸ ਨੂੰ ਅੱਜ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪੁਲਸ ਵੱਲੋਂ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।