ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ 'ਤੇ ਵਾਪਰਿਆ ਹਾਦਸਾ, ਕਾਰ 'ਚ ਫਸਿਆ ਰਿਹਾ ਚਾਲਕ, ਹੋਈ ਮੌਤ
Saturday, Dec 10, 2022 - 05:57 PM (IST)
ਨੂਰਪੁਰਬੇਦੀ (ਭੰਡਾਰੀ)- ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਬਸ ਅੱਡਾ ਕਲਵਾਂ ਨੇੜੇ ਇਕ ਗਲਤ ਸਾਈਡ ਤੋਂ ਕਰਾਸ ਕਰਦੀ ਸੇਲੇਰਿਓ ਕਾਰ ਦੇ ਚਾਲਕ ਵੱਲੋਂ ਫੇਟ ਮਾਰਨ ’ਤੇ ਸਵਿੱਫਟ ਕਾਰ ਦਰੱਖ਼ਤ ਨਾਲ ਟਕਰਾ ਗਈ, ਜਿਸ ’ਤੇ ਉਸ ’ਚ ਸਵਾਰ ਨੌਜਵਾਨ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਸਾਬਕਾ ਫ਼ੌਜੀ ਭਾਗ ਸਿੰਘ ਪੁੱਤਰ ਭਗਤ ਸਿੰਘ ਨਿਵਾਸੀ ਪਿੰਡ ਭਨੂੰਹਾਂ, ਥਾਣਾ ਨੂਰਪੁਰਬੇਦੀ ਨੇ ਦੱਸਿਆ ਕਿ ਉਹ ਆਪਣਾ ਨਿਜੀ ਕੰਮ ਕਰਕੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਝੱਜ ਚੌਂਕ ਤੋਂ ਆਪਣੇ ਪਿੰਡ ਨੂੰ ਜਾ ਵਾਪਸ ਰਿਹਾ ਸੀ। ਜਦੋਂ ਉਹ ਬੱਸ ਸਟੈਂਡ ਕਲਵਾਂ ਲਾਗੇ ਪਹੁੰਚਿਆਂ ਤਾਂ ਉਸ ਦੇ ਪਿੱਛੇ ਇਕ ਸਵਿੱਫਟ ਕਾਰ ਨੰਬਰ ਪੀ. ਬੀ.-32ਟੀ 2532 ਆ ਰਹੀ ਸੀ, ਜਿਸ ਦੇ ਪਿੱਛੇ ਇਕ ਹੋਰ ਕਾਰ ਆ ਰਹੀ ਸੀ।
ਇਹ ਵੀ ਪੜ੍ਹੋ : ਤਰਨਤਾਰਨ ਦੇ ਪੁਲਸ ਥਾਣੇ 'ਤੇ ਹੋਏ ਰਾਕੇਟ ਲਾਂਚਰ ਹਮਲੇ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ
ਉਸ ਨੇ ਬਿਆਨਾਂ ’ਚ ਅੱਗੇ ਦੱਸਿਆ ਕਿ ਮੇਰੇ ਵੇਖਦੇ ਹੀ ਵੇਖਦੇ ਲਾਪਰਵਾਹੀ ਨਾਲ ਚਲਾ ਰਹੇ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਅਣਗਹਿਲੀ ਨਾਲ ਗਲਤ ਸਾਈਡ ਤੋਂ ਕਰਾਸ ਕਰਦੇ ਸਮੇਂ ਸਵਿੱਫਟ ਕਾਰ ਨੂੰ ਫੇਟ ਮਾਰੀ, ਜਿਸ ਨਾਲ ਕਾਰ ਉਕਤ ਦੂਜੀ ਸਾਈਡ ਖੜ੍ਹੇ ਦਰੱਖ਼ਤ ਨਾਲ ਟਕਰਾ ਗਈ। ਇਸ ਦੌਰਾਨ ਕਾਰ ਦਾ ਭਾਰੀ ਨੁਕਸਾਨ ਹੋਇਆ ਅਤੇ ਉਸ ਦਾ ਚਾਲਕ ਵੀ ਕਾਰ ’ਚ ਫਸ ਗਿਆ। ਇਸ ਦੌਰਾਨ ਫੇਟ ਮਾਰਨ ਵਾਲੇ ਉਕਤ ਕਾਰ ਦੇ ਚਾਲਕ ਨੇ ਵੀ ਬਰੇਕ ਲਗਾਈ ਅਤੇ ਗੱਡੀ ਤੋਂ ਥੱਲੇ ਉਤਰ ਆਇਆ। ਜਦੋਂ ਹਾਦਸੇ ਦਾ ਪਤਾ ਚੱਲਣ ’ਤੇ ਲੋਕ ਇਕੱਠੇ ਹੋਣ ਲੱਗ ਪਏ ਤਾਂ ਸੇਲੇਰਿਓ ਕਾਰ ਨੰਬਰ ਪੀ. ਬੀ.-16ਜੀ 2663 ਦਾ ਚਾਲਕ ਆਪਣੀ ਕਾਰ ਭਜਾ ਕੇ ਲੈ ਗਿਆ, ਜਿਸ ਨੂੰ ਸਾਹਮਣੇ ਆਉਣ ’ਤੇ ਉਹ ਪਛਾਣ ਸਕਦਾ ਹੈ। ਉਸ ਨੇ ਦੱਸਿਆ ਕਿ ਭਾਵੇਂ ਤੁਰੰਤ ਲੋਕਾਂ ਦੀ ਸਹਾਇਤਾ ਨਾਲ ਕਾਰ ’ਚ ਫਸੇ ਚਾਲਕ ਨੂੰ ਬਾਹਰ ਕੱਢਿਆ ਗਿਆ ਪਰ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ।
ਚੌਂਕੀ ਇੰਚਾਰਜ ਕਲਵਾਂ ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਦੀਪ ਸਿੰਘ ਉਰਫ਼ ਲਾਡੀ ਪੁੱਤਰ ਮਹਿੰਦਰ ਸਿੰਘ ਨਿਵਾਸੀ ਪਿੰਡ ਸੈਦਪੁਰ, ਥਾਣਾ ਨੂਰਪੁਰਬੇਦੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਬਿਆਨਾਂ ’ਤੇ ਸੇਲੇਰਿਓ ਕਾਰ ਦੇ ਨਾਮਲੂਮ ਚਾਲਕ ਖ਼ਿਲਾਫ਼ ਧਾਰਾ 279 ਅਤੇ 304-ਏ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਪਸਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਕਾਲੀ ਦਲ 'ਚੋਂ ਫਾਰਗ ਕੀਤੇ ਗਏ ਬੀਬੀ ਜਗੀਰ ਕੌਰ ਨਾਲ ਖ਼ਾਸ ਗੱਲਬਾਤ, ਕਰ ਸਕਦੇ ਨੇ ਵੱਡਾ ਸਿਆਸੀ ਧਮਾਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ