500 ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇਕ ਨੌਜਵਾਨ ਕਾਬੂ
Wednesday, Feb 07, 2018 - 06:01 PM (IST)

ਜਲੰਧਰ(ਰਾਣਾ ਭੋਗਪੁਰੀਆ)— ਆਈ. ਪੀ. ਐੱਸ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਲਈ ਪੀ. ਪੀ. ਐੱਸ. ਪੁਲਸ ਕਪਤਾਨ ਬਲਕਾਰ ਸਿੰਘ ਅਤੇ ਪੀ. ਪੀ. ਐੱਸ. ਉੱਪ ਪੁਲਸ ਕਪਤਾਨ ਗੁਰਵਿੰਦਰ ਸਿੰਘ ਸੰਧੂ ਸਬ ਡਿਵੀਜ਼ਨ ਆਦਮਪੁਰ ਦੀ ਅਗਵਾਈ ਹੇਠ ਭੋਗਪੁਰ ਦੀ ਪੁਲਸ ਪਾਰਟੀ ਨੇ ਇਕ ਦੋਸ਼ੀ ਨੂੰ ਡੋਡਿਆਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ।
ਏ. ਐੱਸ. ਆਈ. ਬਲਵਿੰਦਰ ਸਿੰਘ ਥਾਣਾ ਭੋਗਪੁਰ ਨੇ ਦੱਸਿਆ ਕਿ ਬੀਤੇ ਦਿਨ ਗਸ਼ਤ ਦੌਰਾਨ ਉਹ ਆਪਣੇ 3 ਸਾਥੀ ਕਰਮਚਾਰੀਆਂ ਨਾਲ ਕਸਬਾ ਚੋਲਾਂਗ ਸਾਈਡ ਵੱਲੋਂ ਭੋਗਪੁਰ ਆ ਰਹੇ ਸਨ ਕਿ ਕੁਰੇਸ਼ੀਆ ਮੋੜ ਦੇ ਕੋਲ ਇਕ ਨੌਜਵਾਨ ਖੜ੍ਹਾ ਸੀ। ਨੌਜਵਾਨ ਨੇ ਪੁਲਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਏ. ਐੱਸ. ਆਈ. ਨੇ ਤੁਰੰਤ ਪਾਰਟੀ ਸਮੇਤ ਉਸ ਨੂੰ ਦਬੋਚ ਲਿਆ। ਤਲਾਸ਼ੀ ਲੈਣ 'ਤੇ ਉਸ ਕੋਲੋਂ 500 ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕੀਤੇ ਗਏ। ਫੜੇ ਗਏ ਨੌਜਵਾਨ ਦੀ ਪਛਾਣ ਅਰਜਨ (27) ਪੁੱਤਰ ਮਹੇਸ਼ੀ ਵਾਸੀ ਵਾਰਡ ਨੰਬਰ 8 ਟਾਂਡਾ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਭੋਗਪੁਰ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਨੌਜਵਾਨ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਖਿਲਾਫ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਭੋਗਪੁਰ ਥਾਣਾ 'ਚ ਇਕ ਮੁਕੱਦਮਾ ਦਰਜ ਹੈ।