ਕਾਰ-ਟਰੱਕ ਦੀ ਟੱਕਰ ''ਚ ਇਕ ਦੀ ਮੌਤ, 1 ਜ਼ਖ਼ਮੀ

12/25/2017 2:21:51 AM

ਹਾਜੀਪੁਰ, (ਜੋਸ਼ੀ)- ਹਾਜੀਪੁਰ-ਮੁਕੇਰੀਆਂ ਸੜਕ 'ਤੇ ਪੋਲਟਰੀ ਫਾਰਮ ਦੇ ਨਜ਼ਦੀਕ ਇਕ ਕਾਰ ਤੇ ਟਰੱਕ ਵਿਚਕਾਰ ਹੋਈ ਜ਼ਬਰਦਸਤ ਟੱਕਰ 'ਚ ਇਕ ਵਿਅਕਤੀ ਦੀ ਮੌਤ ਤੇ ਇਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਹਾਜੀਪੁਰ ਤੋਂ ਮੁਕੇਰੀਆਂ ਵੱਲ ਜਾ ਰਹੀ ਇਕ ਕਾਰ ਦੀ ਪੋਲਟਰੀ ਫਾਰਮ ਦੇ ਕੋਲ ਮੁਕੇਰੀਆਂ ਵੱਲੋਂ ਆ ਰਹੇ ਟਰੱਕ ਨੰ. ਪੀ. ਬੀ. 08-ਏ. ਆਰ-6977 ਨਾਲ ਜ਼ਬਰਦਸਤ ਟੱਕਰ ਹੋ ਗਈ। ਜਿਸਦੇ ਸਿੱਟੇ ਵਜੋਂ ਕਾਰ ਸਵਾਰ ਮਨਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗੇਰਾ ਅਤੇ ਜਸਵੀਰ ਸਿੰਘ ਜਸਵੰਤ ਸਿੰਘ ਵਾਸੀ ਅੰਮ੍ਰਿਤਸਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। 
ਜਿਨ੍ਹਾਂ ਨੂੰ 108 ਨੰਬਰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਮੁਕੇਰੀਆਂ ਲਿਜਾਇਆ ਗਿਆ, ਜਿਥੇ ਮਨਿੰਦਰ ਸਿੰਘ ਦੀ ਹਾਲਤ ਗੰਭੀਰ ਦੇਖਦਿਆਂ ਪਠਾਨਕੋਟ ਰੈਫਰ ਕਰ ਦਿੱਤਾ ਗਿਆ, ਪ੍ਰੰਤੂ ਉਸਦੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਰਸਤੇ ਵਿਚ ਹੀ ਮੌਤ ਹੋ ਗਈ। 
ਇਸ ਸਬੰਧ 'ਚ ਥਾਣਾ ਹਾਜੀਪੁਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਜੇ. ਸੀ. ਬੀ. ਦੀ ਸਹਾਇਤਾ ਨਾਲ ਇਕ ਪਾਸੇ ਕਰਵਾ ਕੇ ਆਵਾਜਾਈ ਚਾਲੂ ਕਰਵਾਉਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News