ਬਿੱਟ ਕੁਆਇਨ ਨਾਲ ਫਿਰੌਤੀ ਦੇ ਦੋਸ਼ੀ ਇਕ ਦਿਨਾ ਪੁਲਸ ਰਿਮਾਂਡ ''ਤੇ

07/04/2017 7:28:11 AM

ਮੋਹਾਲੀ,  (ਕੁਲਦੀਪ)-  ਜ਼ਿਲਾ ਪਟਿਆਲਾ ਦੇ ਕਸਬਾ ਬਨੂੰੜ ਦੇ ਆੜ੍ਹਤੀ ਆਸ਼ੂ ਜੈਨ ਨੂੰ ਅਗਵਾ ਕਰਕੇ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਵਾਲੇ ਸਾਰੇ ਮੁਲਜ਼ਮਾਂ ਨੂੰ ਅੱਜ ਚਾਰ ਦਿਨਾ ਪੁਲਸ ਰਿਮਾਂਡ ਉਪਰੰਤ ਫਿਰ ਅਦਾਲਤ ਵਿਚ ਪੇਸ਼ ਕੀਤਾ ਗਿਆ।  ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨਾ ਹੋਰ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਅਦਾਲਤ ਵਿਚ ਪੇਸ਼ ਕੀਤੇ ਜਾਣ ਵਾਲੇ ਮੁਲਜ਼ਮਾਂ ਵਿਚ ਦੀਪਕ ਸ਼ਰਮਾ ਅੰਮ੍ਰਿਤਸਰ, ਮਨਦੀਪ ਸਿੰਘ ਮੋਂਟੂ, ਬਲਰਾਜ ਸਿੰਘ ਬੌਬੀ, ਸੁਖਦੇਵ ਸਿੰਘ ਲੱਡੂ ਨਿਵਾਸੀ ਸਿਧਵਾਂ ਭੱਟੀ ਤਰਨਤਾਰਨ, ਮਲਕੀਤ ਸਿੰਘ ਜੰਡਿਆਲਾ ਗੁਰੂ (ਤਰਨਤਾਰਨ) ਅਤੇ ਅੰਮ੍ਰਿਤ ਸਿੰਘ ਦੇ ਨਾਮ ਸ਼ਾਮਲ ਹਨ। 
ਅੱਜ ਅਦਾਲਤ ਵਿਚ ਪੁਲਸ ਨੇ ਸਾਰੇ ਮੁਲਜ਼ਮਾਂ ਦਾ ਪੁਲਸ ਰਿਮਾਂਡ ਮੰਗਦੇ ਹੋਏ ਦਲੀਲ ਦਿੱਤੀ ਕਿ ਉਨ੍ਹਾਂ ਵਿਚੋਂ ਮੁਲਜ਼ਮਾਂ ਮਨਦੀਪ ਸਿੰਘ ਮੋਂਟੂ ਅਤੇ ਦੀਪਕ ਸ਼ਰਮਾ ਦੀ ਆਵਾਜ਼ ਦੀ ਲੈਬ ਜਾਂਚ ਕਰਵਾਈ ਹੈ। ਇਹ ਵੀ ਦਲੀਲ ਦਿੱਤੀ ਕਿ ਮੁਲਜ਼ਮਾਂ ਨੇ ਆੜ੍ਹਤੀ ਨੂੰ ਅਗਵਾ ਕਰਨ ਮੌਕੇ ਨਵਾਂਸ਼ਹਿਰ ਤੋਂ ਇਕ ਪ੍ਰਵਾਸੀ ਮਜ਼ਦੂਰ ਤੋਂ ਮੋਬਾਇਲ ਫੋਨ ਵੀ ਖੋਹਿਆ ਸੀ, ਜੋ ਕਿ ਪੁਲਸ ਨੇ ਹਾਲੇ ਬਰਾਮਦ ਕਰਨਾ ਹੈ। ਅਦਾਲਤ ਵਿਚ ਪੁਲਸ ਨੇ ਆੜ੍ਹਤੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਮੋਬਾਇਲ ਫੋਨ 'ਤੇ ਹੋਈ ਗੱਲਬਾਤ ਵੀ ਲਿਖਤੀ ਰੂਪ ਵਿਚ ਪੇਸ਼ ਕੀਤੀ। ਮਾਣਯੋਗ ਅਦਾਲਤ ਨੇ ਪੁਲਸ ਦੀ ਡਿਮਾਂਡ 'ਤੇ ਮੁਲਜ਼ਮਾਂ ਨੂੰ ਇਕ ਦਿਨ ਦੇ ਹੋਰ ਪੁਲਸ ਰਿਮਾਂਡ 'ਤੇ ਭੇਜ ਦਿੱਤਾ। 
ਇਹ ਹੈ ਮਾਮਲਾ : ਜ਼ਿਕਰਯੋਗ ਹੈ ਕਿ 30 ਮਈ ਨੂੰ ਬਨੂੰੜ ਦੀ ਅਨਾਜ ਮੰਡੀ ਵਿਚੋਂ ਆੜ੍ਹਤੀ ਆਸ਼ੂ ਜੈਨ ਨੂੰ ਉਕਤ ਮੁਲਜ਼ਮ ਪਿਸਤੌਲ ਦੀ ਨੋਕ 'ਤੇ ਅਗਵਾ ਕਰਕੇ ਲੈ ਗਏ ਸਨ। ਅਗਵਾਕਾਰਾਂ ਨੇ ਆੜ੍ਹਤੀ ਨੂੰ ਜ਼ਿਲਾ ਤਰਨਤਾਰਨ ਦੇ ਸ਼ਹਿਰ ਜੰਡਿਆਲਾ ਗੁਰੂ ਦੀ ਇਕ ਕਾਲੋਨੀ ਵਿਚ ਕਿਰਾਏ ਦੇ ਮਕਾਨ ਵਿਚ ਰੱਖਿਆ ਹੋਇਆ ਸੀ, ਜਿਥੋਂ ਆਸ਼ੂ ਜੈਨ 15 ਅਤੇ 16 ਜੂਨ ਨੂੰ ਅਗਵਾਕਾਰਾਂ ਤੋਂ ਅੱਖ ਬਚਾ ਕੇ ਨਿਕਲ ਆਇਆ ਸੀ। ਪੁਲਸ ਨੇ ਬਨੂੰੜ ਪੁਲਸ ਸਟੇਸ਼ਨ ਵਿਚ ਕੇਸ ਦਰਜ ਕਰਕੇ ਦੀਪਕ ਸ਼ਰਮਾ ਅੰਮ੍ਰਿਤਸਰ, ਮਨਦੀਪ ਸਿੰਘ ਮੋਂਟੂ, ਬਲਰਾਜ ਸਿੰਘ ਬੌਬੀ, ਸੁਖਦੇਵ ਸਿੰਘ ਲੱਡੂ ਨਿਵਾਸੀ ਸਿਧਵਾਂ ਭੱਟੀ ਤਰਨਤਾਰਨ, ਮਲਕੀਤ ਸਿੰਘ ਜੰਡਿਆਲਾ ਗੁਰੂ (ਤਰਨਤਾਰਨ) ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਸੀ, ਜੋ ਕਿ ਪੁਲਸ ਰਿਮਾਂਡ 'ਤੇ ਚੱਲ ਰਹੇ ਸਨ। ਸਾਰੇ ਮੁਲਜ਼ਮ ਜ਼ਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲਿਆਂ ਨਾਲ ਸਬੰਧਿਤ ਹਨ। ਇਹ ਮੁਲਜ਼ਮ ਆੜ੍ਹਤੀ ਦੇ ਪਰਿਵਾਰ ਨਾਲ ਬਿੱਟ ਕੁਆਇਨ ਰਾਹੀਂ ਲੱਖਾਂ ਰੁਪਏ ਦੀ ਫਿਰੌਤੀ ਮੰਗ ਰਹੇ ਸਨ। 


Related News