ਵਡੋਦਰਾ ਦੀ ਤਰਜ਼ ''ਤੇ ਜਲੰਧਰ ਨਿਗਮ ''ਚ ਬਣੇਗਾ ਕੰਟਰੋਲ ਤੇ ਕਮਾਂਡ ਸੈਂਟਰ

01/23/2018 7:32:13 AM

ਜਲੰਧਰ, (ਖੁਰਾਣਾ)— ਗੁਜਰਾਤ ਦੇ ਸ਼ਹਿਰ ਵਡੋਦਰਾ ਦੀ ਤਰਜ਼ 'ਤੇ ਜਲੰਧਰ ਨਗਰ ਨਿਗਮ ਵਿਚ ਆਉਣ ਵਾਲੇ ਸਮੇਂ ਵਿਚ ਕਮਾਂਡ ਐਂਡ ਕੰਟਰੋਲ ਸੈਂਟਰ ਬਣ ਸਕਦਾ ਹੈ। ਇਹ ਪ੍ਰਾਜੈਕਟ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਲਿਆਂਦਾ ਜਾਵੇਗਾ, ਜਿਸ 'ਤੇ ਨਜ਼ਰ ਮਾਰਨ ਲਈ ਬੀਤੇ ਦਿਨੀਂ 5 ਮੈਂਬਰੀ ਟੀਮ ਗੁਜਰਾਤ ਦੇ ਦੋ ਦਿਨਾ ਦੌਰੇ 'ਤੇ ਗਈ।
ਇਸ ਟੀਮ ਵਿਚ ਜਲੰਧਰ ਦੇ ਵਿਧਾਇਕ ਪਰਗਟ ਸਿੰਘ ਅਤੇ ਬਾਵਾ ਹੈਨਰੀ ਤੋਂ ਇਲਾਵਾ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ, ਜਲੰਧਰ ਨਿਗਮ ਦੇ ਕਮਿਸ਼ਨਰ ਡਾ. ਬਸੰਤ ਗਰਗ ਤੇ ਸਮਾਰਟ ਸਿਟੀ ਪ੍ਰਾਜੈਕਟ ਦੇ ਸੀ. ਈ. ਓ. ਗਰੀਸ਼ ਦਿਆਲਨ ਸ਼ਾਮਲ ਸਨ। ਇਹ ਟੀਮ ਜਲਦੀ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੇਗੀ। 
ਜ਼ਿਕਰਯੋਗ ਹੈ ਕਿ ਕਮਾਂਡ ਐਂਡ ਕੰਟਰੋਲ ਸੈਂਟਰ ਜਿਥੇ ਟ੍ਰੈਫਿਕ ਵਿਵਸਥਾ ਨੂੰ ਪੁਖਤਾ ਕਰਨ ਦਾ ਕੰਮ ਕਰੇਗਾ, ਉਥੇ  ਇਸ ਨਾਲ ਜਲੰਧਰ ਨਗਰ ਨਿਗਮ ਦੇ ਕਈ ਕੰਮ ਵੀ ਸੌਖਿਆਂ ਹੀ ਅਪਰੇਟ ਹੋਣਗੇ। ਪਤਾ ਲੱਗਾ ਹੈ ਕਿ ਇਸ ਸੈਂਟਰ ਰਾਹੀਂ ਸ਼ਹਿਰ ਦੀ ਵਾਟਰ ਸਪਲਾਈ ਤੇ ਸੀਵਰੇਜ ਵਿਵਸਥਾ ਨੂੰ ਜੋੜਿਆ ਜਾਵੇਗਾ। ਵੇਖਿਆ ਜਾਵੇਗਾ ਕਿ ਧਰਤੀ ਹੇਠੋਂ ਕਿੰਨਾ ਪਾਣੀ ਕੱਢਿਆ ਜਾ ਰਿਹਾ ਹੈ ਤੇ ਥਾਂ-ਥਾਂ ਲੱਗੇ ਬਲਕ ਮੀਟਰਾਂ ਦੇ ਹਿਸਾਬ ਨਾਲ ਵੇਖਿਆ ਜਾਵੇਗਾ ਕਿ ਕਿਸ ਇਲਾਕੇ ਵਿਚ ਕਿੰਨਾ ਪਾਣੀ ਸਪਲਾਈ ਹੋ ਰਿਹਾ ਹੈ। ਉਸ ਪਾਣੀ ਦੇ ਬਦਲੇ ਕਿੰਨਾ ਮਾਲੀਆ ਨਿਗਮ ਨੂੰ ਮਿਲ ਰਿਹਾ ਹੈ। ਇਸੇ ਤਰ੍ਹਾਂ ਸੀਵਰੇਜ ਵਿਵਸਥਾ 'ਤੇ ਵੀ ਨਜ਼ਰ ਰਹੇਗੀ। ਇਸ ਤੋਂ ਇਲਾਵਾ ਪਬਲਿਕ ਟਰਾਂਸਪੋਰਟ ਸਿਸਟਮ ਨੂੰ ਵੀ ਸਫਲਤਾ ਨਾਲ ਚਲਾਉਣ ਵਿਚ ਵੀ ਕਮਾਂਡ ਸੈਂਟਰ ਆਪਣਾ ਰੋਲ ਅਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਟ੍ਰੈਫਿਕ ਸਿੰਗਲ, ਓਵਰਸਪੀਡ ਅਤੇ ਚਲਾਨ ਆਦਿ ਦੇ ਮਾਮਲਿਆਂ ਵਿਚ ਕਮਾਂਡ ਸੈਂਟਰ ਪੁਲਸ-ਪ੍ਰਸ਼ਾਸਨ ਦੀ ਮਦਦ ਕਰੇਗਾ।
ਜੇਕਰ ਇਹ ਪ੍ਰਾਜੈਕਟ ਫਾਈਨਲ ਹੋ ਜਾਂਦਾ ਹੈ ਤਾਂ ਇਸਦੇ ਲਈ ਇਕ ਵੱਡਾ ਕਮਾਂਡ ਸੈਂਟਰ ਨਿਗਮ ਵਲੋਂ ਬਣਾਇਆ ਜਾਵੇਗਾ, ਜਿਥੋਂ ਸਾਰੇ ਸਿਸਟਮ 'ਤੇ ਨਜ਼ਰ ਰੱਖੀ ਜਾਵੇਗੀ।
ਸਟੇਡੀਅਮ ਹੋ ਸਕਦੈ ਆਮਦਨ ਦਾ ਵਸੀਲਾ
ਪੀ. ਪੀ. ਪੀ. ਰੋਡ 'ਤੇ ਅਹਿਮਦਾਬਾਦ ਵਿਚ ਬਣੇ ਕਨਵਰਟੇਬਲ ਸਟੇਡੀਅਮ ਦੇਖ ਕੇ ਪਰਤੀ ਟੀਮ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਜਲੰਧਰ ਵਿਚ ਵੀ ਅਜਿਹਾ ਸਟੇਡੀਅਮ ਬਣ ਸਕਦਾ ਹੈ, ਜੋ ਨਾ-ਸਿਰਫ ਆਮਦਨ ਦਾ ਮੁੱਖ ਵਸੀਲਾ ਹੋਵੇਗਾ, ਸਗੋਂ ਵੱਡੇ ਇਲਾਕੇ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਏਗਾ।


Related News