ਕੋਵਿਡ ਨੂੰ ਲੈ ਕੇ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਸਿਆਸੀ ਪਾਰਟੀਆਂ ਨੂੰ ਕੀਤੀ ਇਹ ਅਪੀਲ
Monday, Jan 17, 2022 - 11:24 AM (IST)
ਜਲੰਧਰ (ਧਵਨ)- ਉੱਪ ਮੁੱਖ ਮੰਤਰੀ ਓ. ਪੀ. ਸੋਨੀ, ਜਿਨ੍ਹਾਂ ਕੋਲ ਸਿਹਤ ਮਹਿਕਮਾ ਵੀ ਹੈ, ਨੇ ਕਿਹਾ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਕੋਵਿਡ ਸਬੰਧੀ ਲਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਪੂਰੀ ਤਰ੍ਹਾਂ ਨਾਲ ਕਰਨ ਅਤੇ ਚੋਣ ਕਮਿਸ਼ਨ ਨੇ ਜੋ ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਉਨ੍ਹਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਰੇ ਉਮੀਦਵਾਰ ਕੋਵਿਡ ਸਬੰਧੀ ਨਿਯਮਾਂ ਅਤੇ ਪ੍ਰੋਟੋਕੋਲ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਇਕ ਖ਼ਤਰਨਾਕ ਬੀਮਾਰੀ ਹੈ ਅਤੇ ਸੂਬੇ ’ਚ ਹੁਣ ਵੀ ਜਿਸ ਤਰ੍ਹਾਂ ਨਾਲ ਕੋਵਿਡ ਦੇ ਕੇਸ ਵਧ ਰਹੇ ਹਨ, ਉਸ ਨੂੰ ਵੇਖਦਿਆਂ ਲੋਕਾਂ ਨੂੰ ਵੀ ਚੌਕਸ ਰਹਿਣਾ ਚਾਹੀਦਾ ਹੈ ਅਤੇ ਕੋਵਿਡ ਸਬੰਧੀ ਪ੍ਰੋਟੋਕੋਲ ਜਿਵੇਂ, ਮਾਸਕ ਲਾਉਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਆਦਿ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਚੋਣ ਜ਼ਾਬਤੇ ਦੌਰਾਨ ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਮਨੀ ਐਕਸਚੇਂਜਰ ਤੋਂ ਲੁੱਟੀ ਲੱਖਾਂ ਦੀ ਨਕਦੀ
ਸੋਨੀ ਨੇ ਕਿਹਾ ਕਿ ਸਿਹਤ ਮਹਿਕਮਾ ਲਗਾਤਾਰ ਕੋਵਿਡ ਸਬੰਧੀ ਸਮੀਖਿਆ ਕਰ ਰਿਹਾ ਹੈ ਅਤੇ ਕੋਵਿਡ ਸਬੰਧੀ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਹੋਰ ਸਥਾਨਾਂ ’ਤੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਸਰਕਾਰੀ ਹਸਪਤਾਲਾਂ ’ਚ ਪੂਰੀ ਤਰ੍ਹਾਂ ਨਾਲ ਬੁਨਿਆਦੀ ਢਾਂਚਾ ਤਿਆਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਾ ਕੇਵਲ ਪੰਜਾਬ ਸਗੋਂ ਪੂਰੇ ਦੇਸ਼ ’ਚ ਸਾਰੇ ਸੂਬਿਆਂ ਅੰਦਰ ਕੋਵਿਡ ਕੇਸਾਂ ’ਚ ਵਾਧਾ ਵੇਖਿਆ ਗਿਆ ਹੈ ਪਰ ਫਿਰ ਵੀ ਪੰਜਾਬ ਦੀ ਹਾਲਤ ਹੋਰ ਸੂਬਿਆਂ ਦੀ ਤੁਲਨਾ ’ਚ ਕਾਫ਼ੀ ਬਿਹਤਰ ਹੈ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਿਸ਼ੇਸ਼ ਰੂਪ ਨਾਲ ਸਲਾਹ ਦਿੱਤੀ ਕਿ ਉਹ ਆਪਣੀ ਸਟੇਟ ਦੀ ਫਿਕਰ ਕਰਨ। ਕੇਜਰੀਵਾਲ ਨੂੰ ਪੰਜਾਬ ਦੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਪੰਜਾਬ ਨੂੰ ਸੰਭਾਲਣ ਲਈ ਅਸੀਂ ਸਭ ਹਾਂ।
ਇਹ ਵੀ ਪੜ੍ਹੋ: ਜਲੰਧਰ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈਕਮਾਨ ਨੇ ਇਨ੍ਹਾਂ ਵਿਧਾਇਕਾਂ ’ਚ ਵਿਖਾਇਆ ਵਿਸ਼ਵਾਸ
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਦਾਅਵਿਆਂ ’ਚ ਵੀ ਕੋਈ ਦਮ ਨਹੀਂ ਹੈ ਕਿ ਦਿੱਲੀ ’ਚ ਸਿਹਤ ਸਬੰਧੀ ਬੁਨਿਆਦੀ ਢਾਂਚਾ ਪੰਜਾਬ ਦੀ ਤੁਲਨਾ ’ਚ ਬਿਹਤਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਅੰਦਰ ਜੋ ਬੁਨਿਆਦੀ ਢਾਂਚਾ ਅਤੇ ਸਿਹਤ ਸਹੂਲਤਾਂ ਮੌਜੂਦ ਹਨ, ਉਹ ਦਿੱਲੀ ਦੀ ਤੁਲਨਾ ’ਚ ਕਿਤੇ ਬਿਹਤਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਸਿਹਤ ਸੇਵਾਵਾਂ ਦੇ ਖੇਤਰ ’ਚ ਵੀ ਬਜਟ ’ਚ ਭਾਰੀ ਵਾਧਾ ਕੀਤਾ ਸੀ। ਕੋਵਿਡ ਦੌਰਾਨ ਵੀ ਸਰਕਾਰ ਦੀ ਮੁੱਖ ਪਹਿਲ ਸਿਹਤ ਮਹਿਕਮਾ ਹੀ ਰਿਹਾ ਅਤੇ ਸੂਬਾ ਸਰਕਾਰ ਨੇ ਸਿਹਤ ਮਹਿਕਮੇ ਲਈ ਬਜਟ ’ਚ ਵੀ ਭਾਰੀ ਵਾਧਾ ਕੀਤਾ ਸੀ।
ਇਹ ਵੀ ਪੜ੍ਹੋ: ਨਵਾਂਸ਼ਹਿਰ ਵਿਖੇ ਵਾਪਰੇ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਨਨਾਣ-ਭਰਜਾਈ ਦੀ ਹੋਈ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ