ਕਰੋੜਾਂ ਦੀ ਠੱਗੀ ਕਰਨ ਵਾਲੇ OLS ਵ੍ਹਿਜ਼ ਪਾਵਰ ਕੰਪਨੀ ਦੇ ਮਾਲਕਾਂ ਬਾਰੇ ਹੌਲੀ-ਹੌਲੀ ਖੁੱਲ੍ਹ ਰਹੇ ਨੇ ਕਈ ਰਾਜ਼
Wednesday, Aug 05, 2020 - 11:15 AM (IST)
ਜਲੰਧਰ (ਵਰੁਣ)— ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦਾ ਮਾਲਕ ਰਣਜੀਤ ਸਿੰਘ ਰੋਜ਼ਾਨਾ ਨਿਵੇਸ਼ਕਾਂ ਦਾ ਕੈਸ਼ ਆਪਣੇ ਘਰ ਪਹੁੰਚਾਉਂਦਾ ਹੁੰਦਾ ਸੀ। ਰਣਜੀਤ ਸਿੰਘ ਦਾ ਡਰਾਈਵਰ ਅਤੇ ਸਰਵਿਸ ਬੁਆਏ ਗੱਡੀ 'ਚ ਰੋਜ਼ਾਨਾ 2-2 ਘੰਟੇ ਬਾਅਦ ਕੈਸ਼ ਘਰ ਪਹੁੰਚਾਉਂਦੇ ਸਨ। ਸਾਫ ਹੈ ਕਿ ਕੰਪਨੀ ਵਿਚ ਰੋਜ਼ਾਨਾ ਲੱਖਾਂ ਦੇ ਹਿਸਾਬ ਨਾਲ ਕੈਸ਼ ਜਮ੍ਹਾ ਹੁੰਦਾ ਹੋਵੇਗਾ। ਰੋਜ਼ਾਨਾ ਨਿਵੇਸ਼ਕਾਂ ਦੇ ਕੈਸ਼ ਨੂੰ ਰਿਸੀਵ ਕਰਨ ਵਾਲੇ ਰਣਜੀਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰਾਂ ਬਾਰੇ ਡਰਾਈਵਰ ਕੋਲੋਂ ਪੁੱਛਗਿੱਛ ਕੀਤੀ ਜਾਵੇ ਤਾਂ ਉਕਤ ਰਿਸ਼ਤੇਦਾਰਾਂ ਦੇ ਨਾਂ ਸਾਹਮਣੇ ਆ ਸਕਦੇ ਹਨ। ਜੇਕਰ ਉਨ੍ਹਾਂ ਦੇ ਨਾਂ ਸਾਹਮਣੇ ਆ ਜਾਣ ਤਾਂ ਨਿਵੇਸ਼ਕਾਂ ਦਾ ਪੈਸਾ ਰਿਕਵਰ ਹੋਣ ਦੀ ਕਾਫੀ ਜ਼ਿਆਦਾ ਉਮੀਦ ਵਧ ਸਕਦੀ ਹੈ।
ਪੁਲਸ ਨੇ ਗਗਨਦੀਪ ਸਿੰਘ ਅਤੇ ਰਣਜੀਤ ਸਿੰਘ ਦੋਵਾਂ ਦੀਆਂ ਪਤਨੀਆਂ ਦੇ ਬੈਂਕ ਅਕਾਊਂਟ ਦੀ ਡਿਟੇਲ ਜਾਣਨ ਲਈ ਅਰਜ਼ੀ ਦਾਇਰ ਕੀਤੀ ਹੋਈ ਹੈ, ਜਿਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਪੁਲਸ ਮੁੱਖ ਦੋਸ਼ੀਆਂ ਦੇ ਬੈਂਕ ਖਾਤਿਆਂ ਦੀ ਡਿਟੇਲ ਵੀ ਕਢਵਾ ਚੁੱਕੀ ਹੈ, ਜਿਨ੍ਹਾਂ 'ਚ ਕੁਝ ਹੀ ਪੈਸੇ ਸਨ। ਦੂਜੇ ਪਾਸੇ ਦਫਤਰ 'ਚੋਂ ਜ਼ਬਤ ਕੀਤਾ ਲੈਪਟਾਪ ਸਾਈਬਰ ਕ੍ਰਾਈਮ ਸੈੱਲ ਨੂੰ ਭੇਜਣ ਦੇ ਇੰਨੇ ੇਦਿਨਾਂ ਬਾਅਦ ਵੀ ਪੁਲਸ ਹੱਥ ਕੋਈ ਸੁਰਾਗ ਨਹੀਂ ਲੱਗਾ। ਕੰਪਨੀ ਦਾ ਸਾਫਟਵੇਅਰ ਸਿਸਟਮ ਗਗਨਦੀਪ ਸਿੰਘ ਚਲਾਉਂਦਾ ਸੀ ਅਤੇ ਉਸ ਦਾ ਤਿੰਨ ਵਾਰ ਰਿਮਾਂਡ ਲੈਣ ਦੇ ਬਾਵਜੂਦ ਪੁਲਸ ਉਸ ਕੋਲੋਂ ਕੋਈ ਜਾਣਕਾਰੀ ਹਾਸਲ ਨਹੀਂ ਕਰ ਸਕੀ। ਇਹ ਉਹੀ ਸਾਫਟਵੇਅਰ ਸਿਸਟਮ ਹੈ, ਜਿਸ 'ਚੋਂ ਦੋਸ਼ੀਆਂ ਦਾ ਸਾਰਾ ਡਾਟਾ ਡਿਲੀਟ ਕਰ ਦਿੱਤਾ ਗਿਆ ਸੀ ਪਰ ਕੁਝ ਦਿਨਾਂ ਬਾਅਦ ਦੋਬਾਰਾ ਸਾਫਟਵੇਅਰ ਨੂੰ ਅਪਡੇਟ ਕਰ ਦਿੱਤਾ ਗਿਆ ਸੀ। 3 ਵਾਰ ਰਿਮਾਂਡ ਲੈਣ 'ਤੇ ਵੀ ਪੁਲਸ ਵੱਲੋਂ ਗਗਨਦੀਪ ਕੋਲੋਂ ਕੁਝ ਵੀ ਜਾਣਕਾਰੀ ਨਾ ਹਾਸਲ ਕਰ ਸਕਣਾ ਉਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ।
ਪੁਲਸ 'ਤੇ ਨਿਵੇਸ਼ਕਾਂ ਨੇ ਵੀ ਕੰਪਨੀ ਮਾਲਕਾਂ ਖਿਲਾਫ ਢਿੱਲੀ ਕਾਰਵਾਈ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲੇ ਦਿਨ ਤੋਂ ਪੁਲਸ ਸਹੀ ਤਰੀਕੇ ਨਾਲ ਕੰਮ ਕਰਦੀ ਤਾਂ ਉਨ੍ਹਾਂ ਦੇ ਪੈਸੇ ਠੱਗਣ ਵਾਲੀ ਕੰਪਨੀ ਦੇ ਮਾਲਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਉਂਦੀ। ਉਨ੍ਹਾਂ ਇਹ ਵੀ ਹਵਾਲਾ ਦਿੱਤਾ ਕਿ ਕੰਪਨੀ ਬੰਦ ਹੋਣ ਤੋਂ ਇਕ ਦਿਨ ਪਹਿਲਾਂ ਕੰਪਨੀ ਦੇ ਦਫਤਰ ਵਿਚ ਹੰਗਾਮਾ ਵੀ ਹੋਇਆ ਸੀ, ਿਜਥੇ ਥਾਣਾ ਨੰਬਰ 7 ਦੀ ਪੁਲਸ ਪਹੁੰਚੀ ਸੀ, ਜਿਸ ਨੇ ਬਿਨਾਂ ਸੱਚਾਈ ਜਾਣੇ ਕੰਪਨੀ ਦੇ ਮਾਲਕ ਰਣਜੀਤ ਸਿੰਘ ਨੂੰ ਜਾਣ ਦਿੱਤਾ ਅਤੇ ਰਣਜੀਤ ਸਿੰਘ ਨੂੰ ਕੰਪਨੀ ਦੀ ਮਾਰਕੀਟਿੰਗ ਅਤੇ ਪ੍ਰਮੋਸ਼ਨ ਤੋਂ ਇਲਾਵਾ ਪੈਸਿਆਂ ਦਾ ਸਾਰਾ ਲੈਣ-ਦੇਣ ਕਰਦਾ ਸੀ।
ਜ਼ਿਕਰਯੋਗ ਹੈ ਕਿ ਪੀ. ਪੀ. ਆਰ. ਮਾਲ ਸਥਿਤ ਉਕਤ ਕੰਪਨੀ ਦੇ ਮਾਲਕ ਆਪਣੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਏ ਸਨ। ਥਾਣਾ ਨੰਬਰ 7 'ਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ, ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਸਮੇਤ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਤਿਆ ਸੇਠੀ, ਨਤਾਸ਼ਾ ਕਪੂਰ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਖਿਲਾਫ ਕੇਸ ਦਰਜ ਕਰ ਲਿਆ ਸੀ।
ਪਿਛਲੇ 10 ਮਹੀਨਿਆਂ 'ਚ ਮੇਰਾ ਕੰਪਨੀ ਨਾਲ ਕੋਈ ਲੈਣ-ਦੇਣ ਨਹੀਂ : ਨਤਾਸ਼ਾ ਕਪੂਰ
ਇਸ ਮਾਮਲੇ ਵਿਚ ਨਾਮਜ਼ਦ ਨਤਾਸ਼ਾ ਕਪੂਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਮੇਰਾ ਇਸ ਕੰਪਨੀ ਨਾਲ ਕੋਈ ਲੈਣ-ਦੇਣ ਨਹੀਂ ਹੈ ਅਤੇ ਉਸ ਨੇ 10 ਮਹੀਨੇ ਪਹਿਲਾਂ ਨੌਕਰੀ ਵੀ ਛੱਡ ਦਿੱਤੀ ਸੀ। ਨੌਕਰੀ ਛੱਡਣ ਦੇ ਬਾਅਦ ਤੋਂ ਉਸ ਦਾ ਕੰਪਨੀ ਮਾਲਕਾਂ ਜਾਂ ਕਿਸੇ ਮੈਂਬਰ ਨਾਲ ਕੋਈ ਸੰਪਰਕ ਨਹੀਂ ਸੀ। ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਖੁਦ ਹੀ ਆਪਣੀ ਜ਼ਮਾਨਤ ਅਰਜ਼ੀ ਲਾਈ ਸੀ। ਉਨ੍ਹਾਂ ਦੀ ਜੋ ਵੀ ਜਾਇਦਾਦ ਹੈ, ਉਹ ਉਨ੍ਹਾਂ ਦੇ ਮਾਤਾ-ਪਿਤਾ ਵੱਲੋਂ ਖਰੀਦੀ ਹੋਈ ਹੈ। ਇਸ ਮਾਮਲੇ ਵਿਚ ਉਲਟਾ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਦਫਤਰ ਵਿਚ ਕੋਈ ਇਵੈਂਟ ਹੁੰਦਾ ਸੀ, ਉਹ ਉਥੇ ਨਹੀਂ ਜਾਂਦੀ ਸੀ ਅਤੇ ਕੰਪਨੀ ਵੱਲੋਂ ਮਾਰੀ ਠੱਗੀ ਉਨ੍ਹਾਂ ਦਾ ਇਕ ਰੁਪਏ ਦਾ ਵੀ ਲੈਣ-ਦੇਣ ਨਹੀਂ ਹੈ।
ਰੋਜ਼ਾਨਾ ਬੈਲੇਂਸ ਸ਼ੀਟ ਖੁਦ ਚੈੱਕ ਕਰਦਾ ਸੀ ਗਗਨਦੀਪ
ਸੂਤਰਾਂ ਦੀ ਮੰਨੀਏ ਤਾਂ ਗਗਨਦੀਪ ਰੋਜ਼ਾਨਾ ਦਫਤਰ 'ਚ ਤਿਆਰ ਹੋਣ ਵਾਲੀ ਬੈਲੇਂਸ ਸ਼ੀਟ ਖੁਦ ਚੈੱਕ ਕਰਦਾ ਸੀ। ਕੰਪਨੀ ਦੇ ਦਫਤਰ 'ਚ ਸੀ. ਏ. ਹਮੇਸ਼ਾ ਮੌਜੂਦ ਹੁੰਦਾ ਸੀ ਅਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਕੰਪਨੀ ਵੱਲੋਂ ਬੈਲੇਂਸ ਸ਼ੀਟ ਅੱਪਡੇਟ ਹੁੰਦੀ ਰਹਿੰਦੀ ਸੀ। ਪੁਲਸ ਨੇ ਸੀ. ਏ. ਨੂੰ ਵੀ ਜਾਂਚ 'ਚ ਸ਼ਾਮਲ ਕਰਨ ਦਾ ਦਾਅਵਾ ਕੀਤਾ ਸੀ।
ਵਧੇਰੇ ਮੈਨੇਜਮੈਂਟ ਮੈਂਬਰ ਅੰਡਰਗਰਾਊਂਡ
ਇਸ ਕੇਸ ਵਿਚ ਨਾਮਜ਼ਦ ਮੈਨੇਜਮੈਂਟ ਮੈਂਬਰ ਅੰਡਰਗਰਾਊਂਡ ਹੋ ਗਏ ਹਨ। ਮੈਨੇਜਮੈਂਟ ਮੈਂਬਰ ਆਦਿੱਤਿਆ ਸੇਠੀ ਆਪਣੀ ਜਾਇਦਾਦ ਵੇਚਣ ਦੀ ਫਿਰਾਕ 'ਚ ਹੈ। ਸੂਤਰਾਂ ਦਾ ਕਹਿਣਾ ਹੈ ਕਿ ਆਦਿੱਤਿਆ ਨੇ ਨਿਵੇਸ਼ਕਾਂ ਦੇ ਪੈਸੇ ਨਾਲ ਹੀ ਉਕਤ ਜਾਇਦਾਦ ਖਰੀਦੀ ਹੈ। ਜੇਕਰ ਉਹ ਆਪਣੀ ਜਾਇਦਾਦ ਵੇਚਣ ਵਿਚ ਸਫਲ ਹੋ ਗਿਆ ਤਾਂ ਇਸ ਨਾਲ ਪੁਲਸ ਦੀ ਇਕ ਵਾਰ ਫਿਰ ਵੱਡੀ ਲਾਪਰਵਾਹੀ ਸਾਹਮਣੇ ਆਵੇਗੀ। ਇਸ ਤੋਂ ਇਲਾਵਾ ਹੋਰ ਮੈਨੇਜਮੈਂਟ ਮੈਂਬਰਾਂ ਦੀ ਜਾਇਦਾਦ ਬਾਰੇ ਪੁਲਸ ਕੋਲ ਕੋਈ ਸੁਰਾਗ ਨਹੀਂ।