ਸੂਬੇ ’ਚ ਖੇਡ ਦਾ ਮਾਹੌਲ ਸਿਰਜਣ ਲਈ ਪੁਰਾਣੇ ਖਿਡਾਰੀਆਂ ਨੂੰ ਅੱਗੇ ਆਉਣਾ ਪਵੇਗਾ : ਪਰਗਟ ਸਿੰਘ

Monday, Nov 01, 2021 - 06:38 PM (IST)

ਸੂਬੇ ’ਚ ਖੇਡ ਦਾ ਮਾਹੌਲ ਸਿਰਜਣ ਲਈ ਪੁਰਾਣੇ ਖਿਡਾਰੀਆਂ ਨੂੰ ਅੱਗੇ ਆਉਣਾ ਪਵੇਗਾ : ਪਰਗਟ ਸਿੰਘ

ਚੰਡੀਗੜ੍ਹ/ਜਲੰਧਰ (ਰਮਨਜੀਤ) : ਪੰਜਾਬ ਨੂੰ ਖੇਡਾਂ ਦੇ ਖੇਤਰ ਵਿਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ, ਜਿਸ ਲਈ ਵਿਸ਼ੇਸ਼ ਤੌਰ ’ਤੇ ਪੁਰਾਣੇ ਖਿਡਾਰੀਆਂ ਨੂੰ ਵੀ ਅੱਗੇ ਆਉਣਾ ਪਵੇਗਾ। ਇਹ ਗੱਲ ਪੰਜਾਬ ਦੇ ਖੇਡ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਇੱਥੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਚੌਥੀ ਬਾਬਾ ਜੀ. ਐੱਸ. ਬੋਧੀ ਵੈਟਰਨ ਹਾਕੀ ਲੀਗ ਦੇ ਫਾਈਨਲ ਮੈਚ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਮੌਕੇ ਪਰਗਟ ਸਿੰਘ, ਜੋ ਸਾਬਕਾ ਹਾਕੀ ਓਲੰਪੀਅਨ ਹਨ, ਨੇ ਵੀ ਵੈਟਰਨ ਖਿਡਾਰੀਆਂ ਨਾਲ ਹਾਕੀ ਮੈਚ ਖੇਡਿਆ। ਹਾਕੀ ਮੈਦਾਨ ਵਿਚ ਪਰਗਟ ਸਿੰਘ ਦਾ ਉਹੀ ਸਕਿੱਲ ਦੇਖਣ ਨੂੰ ਮਿਲਿਆ। ਛੋਟੀ ਉਮਰ ਦੇ ਖਿਡਾਰੀ ਖੇਡ ਮੰਤਰੀ ਪਰਗਟ ਸਿੰਘ ਨੂੰ ਖੇਡਦਾ ਦੇਖ ਕੇ ਬਹੁਤ ਉਤਸ਼ਾਹਿਤ ਹੋਏ ਅਤੇ ਉਨ੍ਹਾਂ ਆਪਣੇ ਸਮੇਂ ਦੇ ਮਹਾਨ ਖਿਡਾਰੀ ਰਹੇ ਪ੍ਰਗਟ ਸਿੰਘ ਨਾਲ ਸੈਲਫੀਆਂ ਵੀ ਲਈਆਂ। 1996 ਐਟਲਾਂਟਾ ਓਲੰਪਿਕਸ ਵਿਚ ਪਰਗਟ ਸਿੰਘ ਦੀ ਕਪਤਾਨੀ ਹੇਠ ਭਾਰਤ ਵੱਲੋਂ ਖੇਡਣ ਵਾਲੇ ਹਰਪ੍ਰੀਤ ਸਿੰਘ ਮੰਡੇਰ ਅਤੇ ਸੰਜੀਵ ਕੁਮਾਰ ਵੀ ਮੌਕੇ ’ਤੇ ਮੌਜੂਦ ਸਨ। ਤਿੱਕੜੀ ਨੇ ਅੱਜ ਹਾਕੀ ਖੇਡ ਕੇ ਪੁਰਾਣੇ ਦਿਨ ਚੇਤੇ ਕੀਤੇ। ਪਰਗਟ ਸਿੰਘ ਨੇ ਲਾਇਲਪੁਰ ਖਾਲਸਾ ਕਾਲਜ ਨੂੰ ਹਾਕੀ ਐਸਟੋਟਰਫ ਲਈ 5 ਲੱਖ ਅਤੇ ਜੀ. ਐੱਸ. ਬੋਧੀ ਕਲੱਬ ਨੂੰ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਹਾਕੀ ਖੇਡ ਨੂੰ ਵੱਡੇ ਮੁਕਾਮ ’ਤੇ ਲਿਆਉਣ ਵਾਲੇ ਸਾਡੇ ਸਾਰਿਆਂ ਦੇ ਮਹਿਬੂਬ ਕੋਚ ਜੀ. ਐੱਸ. ਬੋਧੀ ਦੀ ਯਾਦ ਵਿਚ ਹੁੰਦੀ ਲੀਗ ਵਿਚ ਪੁਰਾਣੇ ਖਿਡਾਰੀਆਂ ਨੂੰ ਖੇਡਦਿਆਂ ਦੇਖ ਕੇ ਖੁਸ਼ੀ ਹੋਈ।

ਇਹ ਵੀ ਪੜ੍ਹੋ : ਜ਼ਬਰਨ ਚੋਣ ਡਿਊਟੀ ਬਣੀ ਆਫਤ... ਮਹਿਲਾ ਅਧਿਆਪਕ ਤਣਾਅ ’ਚ !

ਉਨ੍ਹਾਂ ਕਿਹਾ ਕਿ ਸੂਬੇ ਵਿਚ ਖੇਡ ਪੱਖੀ ਮਾਹੌਲ ਸਿਰਜਣ ਲਈ ਪੁਰਾਣੇ ਖਿਡਾਰੀਆਂ ਨੂੰ ਇਸੇ ਤਰ੍ਹਾਂ ਖੇਡ ਮੈਦਾਨ ਵਿਚ ਨਿੱਤਰਨਾ ਪਵੇਗਾ ਕਿਉਂਕਿ ਖਿਡਾਰੀ ਨੌਜਵਾਨਾਂ ਦੇ ਆਦਰਸ਼ ਹਨ, ਜਿਨ੍ਹਾਂ ਨੂੰ ਦੇਖ ਕੇ ਨੌਜਵਾਨ ਖੇਡਾਂ ਨੂੰ ਸ਼ਿੱਦਤ ਨਾਲ ਅਪਣਾਉਣਗੇ। ਖੇਡ ਮੰਤਰੀ ਨੇ ਕਿਹਾ ਕਿ ਖੇਡਾਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ, ਇਹ ਸਿਰਫ ਬਚਪਨ ਜਾਂ ਜਵਾਨੀ ਦੇ ਦਿਨਾਂ ਵਿਚ ਹੀ ਨਹੀਂ, ਸਗੋਂ ਸਾਰੀ ਉਮਰ ਸਾਨੂੰ ਇਸ ਨਾਲ ਜੁੜੇ ਰਹਿਣਾ ਚਾਹੀਦਾ ਹੈ। ਅੱਜ ਹਾਕੀ ਫੀਲਡ ਵਿਚ ਸਟਿੱਕ ਹੱਥ ਵਿਚ ਫੜ ਕੇ ਜੋ ਖੁਸ਼ੀ ਮਹਿਸੂਸ ਹੁੰਦੀ ਹੈ, ਉਹ ਸ਼ਬਦਾਂ ਵਿਚ ਬਿਆਨੀ ਨਹੀਂ ਜਾ ਸਕਦੀ। ਇਸ ਮੌਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ, ਖੇਡਾਂ, ਸਿੱਖਿਆ ਅਤੇ ਐੱਨ. ਆਰ. ਆਈਜ਼ ਖੁਸ਼ਕਿਸਮਤ ਹਨ, ਜਿਨ੍ਹਾਂ ਦੀ ਅਗਵਾਈ ਇਕ ਸੁਯੋਗ ਅਤੇ ਕਾਬਲ ਸਖਸ਼ੀਅਤ ਦੇ ਹੱਥ ਹੈ। ਇਸ ਮੌਕੇ ਲੀਗ ਦੇ ਮੁੱਖ ਸਪਾਂਸਰ ਬਲਦੇਵ ਸਿੰਘ ਕੰਗ ਨੇ ਵਿਸਵਾਸ਼ ਦਿਵਾਇਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਉਹ ਹਾਕੀ ਨਾਲ ਜੁੜੇ ਰਹਿਣਗੇ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਖੇਤੀ ਵਿਭਾਗ ਵਲੋਂ ਪਰਾਲੀ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਿਜ਼ੀਕਲ ਵੈਰੀਫਿਕੇਸ਼ਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News