ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਪੁਰਾਣੇ ਵਾਹਨਾਂ ''ਤੇ ਵਸੂਲੇਗੀ ''ਗ੍ਰੀਨ ਟੈਕਸ''

Thursday, Mar 11, 2021 - 12:03 PM (IST)

ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਪੁਰਾਣੇ ਵਾਹਨਾਂ ''ਤੇ ਵਸੂਲੇਗੀ ''ਗ੍ਰੀਨ ਟੈਕਸ''

ਚੰਡੀਗੜ੍ਹ (ਅਸ਼ਵਨੀ) : ਪੰਜਾਬ ਸਰਕਾਰ ਹੁਣ ਪੁਰਾਣੇ ਵਾਹਨਾਂ ’ਤੇ ਗ੍ਰੀਨ ਟੈਕਸ ਵਸੂਲੇਗੀ। ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦੇ ਆਖ਼ਰੀ ਦਿਨ ਸਰਕਾਰ ਨੇ ਨਵੀਂ ਫ਼ੀਸ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਵਿਧਾਨ ਸਭਾ ਵਿਚ ਬੁੱਧਵਾਰ ਨੂੰ ਕੈਬਿਨਟ ਮੰਤਰੀ ਅਰੁਣਾ ਚੌਧਰੀ ਨੇ ਪੰਜਾਬ ਮੋਟਰ ਵ੍ਹੀਕਲਜ਼ ਟੈਕਸੇਸ਼ਨ (ਸੋਧ) ਬਿੱਲ, 2021 ਪੇਸ਼ ਕੀਤਾ, ਜਿਸ ਨੂੰ ਵਿਧਾਨ ਸਭਾ ਇਜਲਾਸ ਵਿਚ ਪਾਸ ਕਰ ਦਿੱਤਾ ਗਿਆ। ਬਿੱਲ ਵਿਚ ਇਲੈਕਟ੍ਰਿਕ ਵ੍ਹੀਕਲਜ਼ ’ਤੇ ਵੀ ਟੈਕਸ ਵਸੂਲੀ ਦੀ ਵਿਵਸਥਾ ਕੀਤੀ ਗਈ ਹੈ। ਇਸ ਕੜੀ ਵਿਚ ਨਵੇਂ ਸਟੇਜ ਕੈਰਿਜ ਪਰਮਿਟ ਜਾਰੀ ਕਰਦੇ ਸਮੇਂ ਅਜਿਹੀਆਂ ਬੱਸਾਂ ’ਤੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਇਕ ਵਾਰੀ ਦਾ ਟੈਕਸ ਵਸੂਲਿਆ ਜਾਵੇਗਾ ਅਤੇ ਜਦੋਂ ਵੀ ਕਿਸੇ ਵੱਡੀ ਬੱਸ ਦੇ ਮਾਲਕ ਨੂੰ ਵਧਾਏ ਗਏ ਰੂਟ ’ਤੇ ਵਧੀ ਮਾਈਲੇਜ ਦੇ ਨਾਲ ਬੱਸ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਇਕ ਵਾਰੀ ਟੈਕਸ ਦੀ ਵਸੂਲੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, ਅੱਜ ਤੋਂ 3 ਦਿਨ ਨਹੀਂ ਚੱਲਣਗੀਆਂ 'ਸਰਕਾਰੀ ਬੱਸਾਂ'

ਉੱਥੇ ਹੀ ਪੰਜਾਬ ਬੁਨਿਆਦੀ ਢਾਂਚਾ (ਵਿਕਾਸ ਅਤੇ ਵਿਨਿਅਮ) ਸੋਧ ਬਿੱਲ, 2021 ਰਾਹੀਂ ਸਰਕਾਰ ਨੇ 216 ਕਰੋੜ ਰੁਪਏ ਪ੍ਰਤੀ ਸਾਲ ਆਮਦਨ ਦਾ ਰਸਤਾ ਵੀ ਸਾਫ਼ ਕਰ ਲਿਆ ਹੈ। ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਪੰਜਾਬ ਬੁਨਿਆਦੀ ਢਾਂਚਾ (ਵਿਕਾਸ ਅਤੇ ਨਿਯਮ) ਸੋਧ ਬਿੱਲ, 2021 ਵਿਚ ਮੂਲ ਐਕਟ ਦੇ ਸੈਕਸ਼ਨ-25 ਵਿਚ ਨਵਾਂ ਸੈਕਸ਼ਨ-25ਏ ਜੋੜਿਆ ਗਿਆ ਹੈ, ਜਿਸ ਦੇ ਤਹਿਤ ਸੂਬਾ ਸਰਕਾਰ ਪੈਟਰੋਲ, ਡੀਜ਼ਲ ਅਤੇ ਅਚੱਲ ਜਾਇਦਾਦ ’ਤੇ ਸਪੈਸ਼ਲ ਇੰਫ੍ਰਾਸਟ੍ਰੱਕਚਰ ਡਿਵੈਲਪਮੈਂਟ ਫ਼ੀਸ ਵਸੂਲ ਸਕੇਗੀ। ਇਹ ਫ਼ੀਸ ਸਿੱਧੇ ਡਿਵੈਲਪਮੈਂਟ ਫੰਡ ਵਿਚ ਜਾਵੇਗੀ।

ਇਹ ਵੀ ਪੜ੍ਹੋ : ਦਰਦਨਾਕ : ਵੀਡੀਓ ਬਣਾ ਰਹੇ ਨਾਬਾਲਗ ਕਾਰ ਚਾਲਕ ਨੇ ਕੁਚਲਿਆ 'ਬੱਚਾ', ਰੌਂਗਟੇ ਖੜ੍ਹੇ ਕਰਨ ਵਾਲਾ ਸੀ ਭਿਆਨਕ ਮੰਜ਼ਰ
ਵਿਧਾਨ ਸਭਾ 'ਚ ਕੁੱਲ 11 ਬਿੱਲ ਹੋਏ ਪੇਸ਼
ਵਿਧਾਨ ਸਭਾ ਵਿਚ ਇਨ੍ਹਾਂ ਦੋ ਬਿੱਲਾਂ ਸਮੇਤ ਕੁੱਲ 11 ਅਹਿਮ ਬਿੱਲਾਂ ਨੂੰ ਪਾਸ ਕੀਤਾ ਗਿਆ। ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਚਾਰ ਬਿੱਲ ਪੇਸ਼ ਕੀਤੇ ਗਏ, ਜਿਨ੍ਹਾਂ ਵਿਚ ਪੰਜਾਬ ਵਿਲੇਜ ਕਾਮਨ ਲੈਂਡਜ਼ (ਰੈਗੂਲੇਸ਼ਨਜ਼) ਸੋਧ ਬਿੱਲ 2021, ਦਾ ਪੰਜਾਬ ਅਪਾਰਟਮੈਂਟ ਆਨਰਸ਼ਿਪ (ਸੋਧ) ਬਿੱਲ, 2021, ਪੰਜਾਬ ਖੇਤਰੀ ਅਤੇ ਸ਼ਹਿਰੀ ਯੋਜਨਾਬੰਦੀ, ਵਿਕਾਸ (ਸੋਧ) ਬਿੱਲ, 2021 ਅਤੇ ਪੰਜਾਬ ਅਪਾਰਟਮੇਂਟ ਐਂਡ ਪ੍ਰਾਪਰਟੀ ਰੈਗੂਲੇਸ਼ਨਜ (ਸੋਧ) ਬਿੱਲ, 2021 ਸ਼ਾਮਲ ਸਨ ਅਤੇ ਇਨ੍ਹਾਂ ਬਿੱਲਾਂ ਨੂੰ ਵਿਧਾਨ ਸਭਾ ਇਜਲਾਸ ਦੌਰਾਨ ਪਾਸ ਕਰ ਦਿੱਤਾ ਗਿਆ। ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ (ਸੋਧ) ਬਿੱਲ, 2021 ਪੇਸ਼ ਕੀਤਾ ਅਤੇ ਇਸ ਨੂੰ ਵਿਧਾਨ ਸਭਾ ਵਿਚ ਪਾਸ ਕੀਤਾ ਗਿਆ।

ਇਹ ਵੀ ਪੜ੍ਹੋ : ਸਹੁਰਿਆਂ ਦੇ ਅਸਲੀ ਰੰਗ ਨੇ ਮਿੱਟੀ 'ਚ ਰੋਲ੍ਹੀਆਂ ਨਵ-ਵਿਆਹੁਤਾ ਦੀਆਂ ਸੱਧਰਾਂ, ਅੱਕ ਕੇ ਚੁਣਿਆ ਮੌਤ ਦਾ ਰਾਹ

ਸਥਾਨਕ ਸਰਕਾਰਾਂ ਸਬੰਧੀ ਮੰਤਰੀ ਬ੍ਰਹਮ ਮੋਹਿੰਦਰਾ ਵੱਲੋਂ ਪੰਜਾਬ ਐਂਟੀ ਰੈੱਡ ਟੇਪ ਬਿੱਲ, 2021 ਪੇਸ਼ ਕੀਤਾ ਗਿਆ ਅਤੇ ਬਿੱਲ ਨੂੰ ਵਿਧਾਨ ਸਭਾ ਇਜਲਾਸ ਵਿਚ ਪਾਸ ਕੀਤਾ ਗਿਆ। ਲਾਲ ਫੀਤਾਸ਼ਾਹੀ ਖ਼ਿਲਾਫ਼ ਬਿੱਲ ਰਾਹੀਂ ਸਰਕਾਰ ਜਨਹਿਤ ਮਾਮਲਿਆਂ ਦੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰੇਗੀ। ਨਾਲ ਹੀ ਭਰੋਸੇਯੋਗ ਪ੍ਰੀਕਿਰਿਆਵਾਂ ਰਾਹੀਂ ਨਾਗਰਿਕਾਂ ਅਤੇ ਕਾਰੋਬਾਰਾਂ ’ਤੇ ਨਿਯਮਾਂ ਦੀ ਲਾਗਤ ਅਤੇ ਬੋਝ ਨੂੰ ਘਟਾਉਣ ਦੀ ਵਿਵਸਥਾ ਰਹੇਗੀ। ਇਸ ਨਾਲ ਪ੍ਰੀਕਿਰਿਆ ਵਿਚ ਤੇਜ਼ੀ ਆਵੇਗੀ ਅਤੇ ਸ਼ਾਸਨ ਕੁਸ਼ਲ ਬਣੇਗਾ। ਉਥੇ ਹੀ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਬਿੱਲ, 2021 ਅਤੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਬਿੱਲ, 2021 ਨਾਮਕ ਦੋ ਬਿੱਲ ਪੇਸ਼ ਕੀਤੇ ਗਏ ਅਤੇ ਇਨ੍ਹਾਂ ਬਿੱਲਾਂ ਨੂੰ ਵਿਧਾਨ ਸਭਾ ਇਜਲਾਸ ਵਿਚ ਪਾਸ ਕੀਤਾ ਗਿਆ। ਮਾਲ ਮੰਤਰੀ ਗੁਰਪ੍ਰੀਤ ਕਾਂਗੜ ਵੱਲੋਂ ਪੰਜਾਬ ਆਬਾਦੀ ਦੇਹ (ਰਿਕਾਰਡ ਆਫ਼ ਰਾਈਟਸ) ਬਿੱਲ, 2021 ਪੇਸ਼ ਕੀਤਾ ਗਿਆ ਅਤੇ ਬਿੱਲ ਨੂੰ ਵਿਧਾਨ ਸਭਾ ਇਜਲਾਸ ਵਿਚ ਪਾਸ ਕੀਤਾ ਗਿਆ।
ਨੋਟ : ਪੰਜਾਬ ਸਰਕਾਰ ਵੱਲੋਂ ਪੁਰਾਣੇ ਵਾਹਨਾਂ ’ਤੇ ਗ੍ਰੀਨ ਟੈਕਸ ਵਸੂਲਣ ਸਬੰਧੀ ਦਿਓ ਆਪਣੀ ਰਾਏ


author

Babita

Content Editor

Related News