ਕਲਯੁਗੀ ਪੁੱਤ ਦੀ ਬੁੱਢੀ ਮਾਂ ਨਾਲ ਸ਼ਰਮਨਾਕ ਕਰਤੂਤ

Wednesday, Dec 27, 2017 - 01:49 PM (IST)

ਕਲਯੁਗੀ ਪੁੱਤ ਦੀ ਬੁੱਢੀ ਮਾਂ ਨਾਲ ਸ਼ਰਮਨਾਕ ਕਰਤੂਤ

ਲੁਧਿਆਣਾ : ਜਿੱਥੇ ਮਾਵਾਂ ਆਪਣੇ ਬੱਚਿਆਂ ਖਾਤਰ ਜਾਨ ਵਾਰਨ ਨੂੰ ਵੀ ਤਿਆਰ ਰਹਿੰਦੀਆਂ ਹਨ, ਉੱਥੇ ਹੀ ਅੱਜ-ਕੱਲ੍ਹ ਦੇ ਕਲਯੁਗੀ ਬੱਚਿਆਂ ਰੱਬ ਸਮਾਨ ਮਾਵਾਂ ਨਾਲ ਅਜਿਹਾ ਸਲੂਕ ਕਰਦੇ ਹਨ ਕਿ ਸ਼ਾਇਦ ਰੱਬ ਵੀ ਸ਼ਰਮਿੰਦਾ ਹੋ ਜਾਵੇ। ਅਜਿਹਾ ਹੀ ਮਾਮਲਾ ਲੁਧਿਆਣਾ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਪੁੱਤ ਨੇ ਡੇਢ ਸਾਲ ਤੋਂ ਆਪਣੀ ਬੁੱਢੀ ਮਾਂ ਨੂੰ ਕੈਦ ਕਰੀ ਛੱਡਿਆ, ਜਿਸ ਨੂੰ ਵੁਮੈਨ ਵੈੱਲਫੇਅਰ ਐਸੋਸੀਏਸ਼ਨ ਵਲੋਂ ਰਿਹਾਅ ਕਰਾਇਆ ਗਿਆ। ਜਾਣਕਾਰੀ ਮੁਤਾਬਕ ਐਸੋਸੀਏਸ਼ਨ ਦੀ ਕੰਚਨ ਸ਼ਰਮਾ ਨੇ ਦੱਸਿਆ ਕਿ 72 ਸਾਲਾ ਬਜ਼ੁਰਗ ਔਰਤ ਸੰਤੋਸ਼ ਚਾਵਲਾ ਦਾ ਇਕ ਬੇਟਾ ਹੈ। ਕਰੀਬ ਡੇਢ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਬੇਟੇ ਨੇ ਸੰਤੋਸ਼ ਨੂੰ ਨਿਊ ਟੈਗੋਰ ਨਗਰ ਸਥਿਤ ਆਪਣੇ ਘਰ 'ਚ ਕਮਰੇ 'ਚ ਹੀ ਬੰਦ ਕਰ ਦਿੱਤਾ ਅਤੇ ਮੇਨ ਗੇਟ ਨੂੰ ਵੀ ਤਾਲਾ ਲਾ ਕੇ ਖੁਦ ਦੂਜੀ ਜਗ੍ਹਾ ਕਿਰਾਏ 'ਤੇ ਰਹਿਣ ਲੱਗਾ। ਉਹ ਰੋਜ਼ਾਨਾ ਸਵੇਰੇ ਆਉਂਦਾ ਅਤੇ ਮਾਂ ਨੂੰ ਦਰਵਾਜ਼ੇ ਦੇ ਹੇਠੋਂ ਰੋਟੀ ਦੇ ਕੇ ਚਲਾ ਜਾਂਦਾ ਸੀ, ਜਦੋਂ ਕਿ ਜ਼ਿਆਦਾ ਚੱਲ ਨਾ ਸਕਣ ਕਾਰਨ ਸੰਤੋਸ਼ ਰੋਟੀ ਨਹੀਂ ਚੁੱਕ ਸਕਦੀ ਸੀ। ਇਸ ਕਾਰਨ ਡਿਗ ਕੇ ਉਸ ਦੀਆਂ ਲੱਤਾਂ 'ਤੇ ਕਾਫੀ ਸੱਟਾਂ ਲੱਗ ਗਈਆਂ। ਦਰਦ ਦੇ ਕਾਰਨ ਜਦੋਂ ਸੰਤੋਸ਼ ਚੀਕਾਂ ਮਾਰਦੀ ਸੀ ਤਾਂ ਲੋਕਾਂ ਨੇ ਇਸ ਦੀ ਸੂਚਨਾ ਵੁਮੈਨ ਵੈੱਲਫੇਅਰ ਐਸੋਸੀਏਸ਼ਨ ਦੀ ਮੈਂਬਰ ਕੰਚਨ ਸ਼ਰਮਾ ਨੂੰ ਦਿੱਤੀ। ਕੰਚਨ ਸ਼ਰਮਾ ਨੇ ਸੂਚਨਾ ਮਿਲਣ 'ਤੇ ਮੰਗਲਵਾਰ ਨੂੰ ਸੰਤੋਸ਼ ਨੂੰ ਆਪਣੀ ਟੀਮ ਸਮੇਤ ਰਿਹਾਅ ਕਰਾਇਆ। ਜਦੋਂ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਹੀ ਪਖਾਨੇ ਜਾਣ ਕਾਰਨ ਕਾਫੀ ਗੰਦਗੀ ਫੈਲੀ ਹੋਈ ਸੀ। ਇਸ ਤੋਂ ਬਾਅਦ ਔਰਤ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸੰਸਥਾ ਨੇ ਜਦੋਂ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਮੌਕੇ 'ਤੇ ਪੁੱਜ ਗਈ ਪਰ ਔਰਤ ਦੇ ਬੇਟੇ ਨੇ ਮਾਫੀਨਾਮਾ ਲਿਖ ਕੇ ਅੱਗੇ ਤੋਂ ਆਪਣੀ ਮਾਂ ਦਾ ਧਿਆਨ ਰੱਖਣ ਦੀ ਗੱਲ ਕਹੀ, ਜਿਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਕੰਚਨ ਨੇ ਦੱਸਿਆ ਕਿ ਸੰਤੋਸ਼ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਅਤੇ ਲੱਤਾਂ 'ਤੇ ਸੱਟਾਂ ਲੱਗੀਆਂ ਹੋਣ ਕਾਰਨ ਉਸ ਨੂੰ ਤੁਰਨ 'ਚ ਕਾਫੀ ਪਰੇਸ਼ਾਨੀ ਹੋ ਰਹੀ ਹੈ। 


Related News