ਨੀਂਦ ਦੀਆਂ ਗੋਲੀਆਂ ਖੁਆ ਕੇ ਲੁੱਟ ਨੂੰ ਦਿੱਤਾ ਅੰਜਾਮ, ਓਵਰਡੋਜ਼ ਕਾਰਨ ਬਜ਼ੁਰਗ ਦੀ ਮੌਤ

Monday, Oct 03, 2022 - 12:08 PM (IST)

ਨੀਂਦ ਦੀਆਂ ਗੋਲੀਆਂ ਖੁਆ ਕੇ ਲੁੱਟ ਨੂੰ ਦਿੱਤਾ ਅੰਜਾਮ, ਓਵਰਡੋਜ਼ ਕਾਰਨ ਬਜ਼ੁਰਗ ਦੀ ਮੌਤ

ਜ਼ੀਰਕਪੁਰ (ਗੁਰਪ੍ਰੀਤ) : ਜ਼ੀਰਕਪੁਰ ਖੇਤਰ ਅਧੀਨ ਪੈਂਦੇ ਬਿਸ਼ਨਪੁਰਾ ਵਿਖੇ 2 ਝੁੱਗੀਆਂ 'ਚ ਰਹਿੰਦੇ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਖੁਆ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਨ੍ਹਾਂ ਗੋਲੀਆਂ ਦੀ ਓਵਰਡੋਜ਼ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀਆਂ ਦੋ ਭੈਣਾਂ ਅਤੇ ਜੀਜਾ ਚੰਡੀਗੜ੍ਹ ਸਥਿਤ ਸੈਕਟਰ-32 ਹਸਪਤਾਲ 'ਚ ਜ਼ੇਰੇ ਇਲਾਜ ਹਨ। ਮ੍ਰਿਤਕ ਦੀ ਪਛਾਣ 55 ਸਾਲਾਂ ਬਿਲਖਾ ਸਿੰਘ ਵਜੋਂ ਹੋਈ ਹੈ। ਬਾਕੀਆਂ ਦੀ ਪਛਾਣ ਮ੍ਰਿਤਕ ਦੀਆਂ ਦੋ ਭੈਣਾਂ ਕਲਾਸ਼ੋ ਅਤੇ ਬਿਜਲੀ ਅਤੇ ਜੀਜਾ ਛੱਜੂ ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਗੁਲਾਬ ਸਿੰਘ ਨੇ ਦੱਸਿਆ ਕਿ ਉਸ ਨੂੰ ਉਸ ਦੇ ਪਿਤਾ ਬਿਲਖਾ ਸਿੰਘ ਨੇ ਗੋਦ ਲਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਰੇਲ ਦਾ ਸਫ਼ਰ ਕਰਨ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ, ਅੱਜ 3 ਘੰਟੇ ਬੰਦ ਰਹਿਣਗੇ ਰੇਲਵੇ ਟਰੈਕ

ਉਸਦੇ ਪਿਤਾ ਆਪਣੀਆਂ 2 ਭੈਣਾਂ ਕਲਾਸ਼ੋ ਅਤੇ ਬਿਜਲੀ ਕੋਲ ਇੱਥੇ ਰਹਿ ਰਹੇ ਸਨ। ਲੰਘੀ ਰਾਤ ਉਸਦੀ 12 ਵਜੇ ਆਪਣੇ ਪਿਤਾ ਨਾਲ ਗੱਲ ਹੋਈ ਸੀ। ਸਵੇਰੇ ਗੁਆਂਢੀਆਂ ਨੇ ਦੱਸਿਆ ਕਿ ਉਸ ਦੇ ਪਿਤਾ ਅਤੇ ਭੂਆ ਬੇਹੋਸ਼ ਪਈਆਂ ਹਨ। ਸਵੇਰ ਗੁਲਾਬ ਸਿੰਘ ਨੇ ਆ ਕੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਪਹੁੰਚਣ ’ਤੇ ਡਾਕਟਰ ਨੇ ਉਸਦੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਉਸਦੀਆਂ 2 ਭੂਆ ਅਤੇ ਫੁੱਫੜ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਰੈਫ਼ਰ ਕਰ ਦਿੱਤਾ। ਉੱਥੇ ਉਹ ਜ਼ੇਰੇ ਇਲਾਜ ਹਨ, ਜੋ ਅਜੇ ਤੱਕ ਪੂਰੀ ਤਰ੍ਹਾਂ ਹੋਸ਼ ’ਚ ਨਹੀਂ ਆਏ ਹਨ। ਇਹ ਬੰਜਾਰਾ ਪਰਿਵਾਰ ਬਿਸ਼ਨਪੁਰਾ ਵਿਖੇ ਇਕ ਖ਼ਾਲੀ ਪਲਾਟ 'ਚ ਬਣਾਈਆਂ 2 ਝੁੱਗੀਆਂ 'ਚ ਰਹਿੰਦਾ ਹੈ, ਜੋ ਘੁੰਮ ਕੇ ਤਸਲੇ, ਦਾਤਰੀਆਂ ਸਣੇ ਹੋਰ ਸਮਾਨ ਵੇਚਦੇ ਹਨ। ਗੁਲਾਬ ਸਿੰਘ ਨੇ ਦੱਸਿਆ ਕਿ ਉਸਦੀਆਂ ਭੂਆ, ਪਿਤਾ ਅਤੇ ਫੁੱਫੜ ਵਲੋਂ ਪਾਏ ਗਹਿਣੇ ਗਾਇਬ ਸਨ, ਜੋ ਮੁਲਜ਼ਮ ਲੁੱਟ ਕੇ ਲੈ ਗਏ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਆਖ਼ਰੀ ਦਿਨ, ਭਰੋਸਗੀ ਮਤੇ 'ਤੇ ਬਹਿਸ ਦੇ ਨਾਲ ਹੋਵੇਗੀ ਵੋਟਿੰਗ
ਖਾਣੇ ’ਚ ਨੀਂਦ ਦੀਆਂ ਗੋਲੀਆਂ ਖੁਆਈਆਂ
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਹਸਪਤਾਲ 'ਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਦੋਵੇਂ ਪਰਿਵਾਰਾਂ ਨੂੰ ਕਿਸੇ ਨੇ ਖਾਣੇ 'ਚ ਨੀਂਦ ਦੀਆਂ ਗੋਲੀਆਂ ਖੁਆਈਆਂ ਹਨ, ਜਿਸ ਨਾਲ ਉਹ ਬੇਹੋਸ਼ ਹੋ ਗਏ। ਉਨ੍ਹਾਂ ਨੇ ਇਕ ਬਜ਼ੁਰਗ ਨੂੰ ਦਵਾਈ ਦੀ ਓਵਰਡੋਜ਼ ਦੇ ਦਿੱਤੀ, ਜਿਸ ਨਾਲ ਉਸਦੀ ਮੌਤ ਹੋ ਗਈ। ਲੰਘੀ ਰਾਤ ਨੇੜੇ ਘਰ 'ਚ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ 'ਚ ਇਕ ਐਕਟਿਵਾ ’ਤੇ ਸਵਾਰ 3 ਅਣਪਛਾਤੇ ਸ਼ੱਕੀ ਵੀ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News