ਅਧਿਕਾਰੀਆਂ ਦੀ ਨਾਲਾਇਕੀ ਨਾਲ 7 ਵਿਦਿਆਰਥੀਆਂ ਦਾ ਸਾਲ ਬਰਬਾਦ

Tuesday, Mar 13, 2018 - 06:59 AM (IST)

ਅਧਿਕਾਰੀਆਂ ਦੀ ਨਾਲਾਇਕੀ ਨਾਲ 7 ਵਿਦਿਆਰਥੀਆਂ ਦਾ ਸਾਲ ਬਰਬਾਦ

ਅੰਮ੍ਰਿਤਸਰ,  (ਦਲਜੀਤ)-  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ। ਬੋਰਡ ਦੀ ਨਾਲਾਇਕੀ ਕਾਰਨ ਅੱਜ 7 ਵਿਦਿਆਰਥੀਆਂ ਦਾ ਸਾਲ ਬਰਬਾਦ ਹੋ ਗਿਆ ਹੈ। ਬੋਰਡ ਵੱਲੋਂ ਪਹਿਲਾਂ ਉਕਤ ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚ ਬੈਠਣ ਲਈ ਜਿਥੇ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਉਥੇ ਅੱਜ ਸ਼ੁਰੂ ਹੋਈ ਪ੍ਰੀਖਿਆ ਵਿਚ ਕਾਗਜ਼ਾਂ ਵਿਚ ਕਮੀ ਹੋਣ ਦਾ ਹਵਾਲਾ ਦਿੰਦੇ ਹੋਏ ਇਕ-ਦਮ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਤੋਂ ਬਾਹਰ ਕੱਢ ਦਿੱਤਾ ਗਿਆ। 
ਬੋਰਡ ਦੀ ਇਸ ਕਾਰਵਾਈ ਕਾਰਨ ਵਿਦਿਆਰਥੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਦਸਵੀਂ ਜਮਾਤ ਦੀ ਅੰਗਰੇਜ਼ੀ ਵਿਸ਼ੇ ਦੀ ਪਹਿਲੀ ਪ੍ਰੀਖਿਆ ਸੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਬਾਗ ਵਿਚ 253 ਜਾਂ ਓਪਨ ਸਕੂਲ ਦੇ ਵਿਦਿਆਰਥੀ ਪ੍ਰੀਖਿਆ ਦੇਣ ਪੁੱਜੇ ਹੋਏ ਸਨ। ਪ੍ਰੀਖਿਆ ਸ਼ੁਰੂ ਹੋਣ ਦੇ ਕੁਝ ਹੀ ਸਮਾਂ ਬਾਅਦ ਬੋਰਡ ਦੇ ਮੁੱਖ ਦਫ਼ਤਰ ਤੋਂ ਸਕੂਲ ਪ੍ਰਸ਼ਾਸਨ ਨੂੰ ਫੋਨ ਆਇਆ ਕਿ ਉਕਤ ਕੇਂਦਰ ਵਿਚ ਪ੍ਰੀਖਿਆ ਦੇ ਰਹੇ 9 ਵਿਦਿਆਰਥੀਆਂ ਦੇ ਕਾਗਜ਼ਾਤ ਪੂਰੇ ਨਹੀਂ ਹਨ। ਇਨ੍ਹਾਂ ਨੂੰ ਪ੍ਰੀਖਿਆ ਵਿਚ ਬੈਠਣ ਨਾ ਦਿੱਤਾ ਜਾਵੇ।  ਸਕੂਲੀ ਪ੍ਰਸ਼ਾਸਨ ਵੱਲੋਂ ਜਦੋਂ ਬੋਰਡ ਤੋਂ ਕਾਗਜ਼ਾਤ ਦੀ ਪੜਤਾਲ ਕਰਵਾਈ ਗਈ ਤਾਂ 4 ਬੱਚਿਆਂ ਦੇ ਕਾਗਜ਼ਾਤ ਠੀਕ ਪਾਏ ਗਏ ਜਦੋਂ ਕਿ 5 ਵਿਦਿਆਰਥੀਆਂ ਦੇ ਕਾਗਜ਼  ਮੁੱਖ ਦਫ਼ਤਰ ਬੋਰਡ ਤੋਂ ਨਹੀਂ ਮਿਲੇ।  ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ, ਵਿਦਿਆਰਥੀ ਪ੍ਰੀਖਿਆ ਲਈ ਗੋਲਡਨ ਐਵੀਨਿਊ ਸਥਿਤ ਬੋਰਡ ਦੇ ਦਫ਼ਤਰ ਵੀ ਗਏ ਪਰ ਉਥੇ ਕਿਸੇ ਨੇ ਕਾਰਵਾਈ ਨਹੀਂ ਕੀਤੀ। ਇਸੇ ਤਰ੍ਹਾਂ ਜਨਤਾ ਗਲਰਜ਼ ਸੀ.ਸੈ.ਸਕੂਲ ਛੇਹਰਟਾ ਵਿਚ ਵੀ ਦੋ ਵਿਦਿਆਰਥੀਆਂ ਦੇ ਕਾਗਜ਼ਾਤ ਪੂਰੇ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਪ੍ਰੀਖਿਆ ਵਿਚ ਬੈਠਣ ਨਹੀਂ ਦਿੱਤਾ ਗਿਆ।  
ਰਾਮ ਬਾਗ ਸਰਕਾਰੀ ਸਕੂਲ ਵਿਚ ਰਾਹੁਲ ਕੁਮਾਰ, ਗੁਰਪ੍ਰੀਤ, ਗੁਰਜੀਤ ਅਤੇ ਮੰਨਤ ਸੁੰਦਰ ਨੂੰ ਪ੍ਰੀਖਿਆ ਲਈ ਦੁਬਾਰਾ ਬਿਠਾ ਲਿਆ ਗਿਆ, ਉਥੇ ਸ਼ਰਨਜੀਤ ਸਿੰਘ, ਪ੍ਰੀਤ ਸਿੰਘ, ਵੀਰ ਸਿੰਘ, ਅਮਰਜੀਤ ਸਿੰਘ ਅਤੇ ਕਰਨ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਗਏ। ਸੋਮਵਾਰ ਨੂੰ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ 11 ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਬੈਠਣ ਨਾ ਦੇਣਾ ਪੀ. ਐੱਸ. ਈ. ਬੀ. ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। 
ਇਨ੍ਹਾਂ ਵਿਦਿਆਰਥੀਆਂ ਦੇ ਡੇਟ ਆਫ ਬਰਥ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ਾਂ ਦੀ ਕਮੀ ਸੀ ਪਰ ਸਾਰੇ ਵਿਦਿਆਰਥੀਆਂ ਕੋਲ ਪ੍ਰੀਖਿਆ ਦੇਣ ਲਈ ਫੋਟੋ ਵਾਲਾ ਪਛਾਣ ਪੱਤਰ ਐਡਮਿਟ ਕਾਰਡ ਮੌਜੂਦ ਸਨ। ਸਾਰੇ ਵਿਦਿਆਰਥੀਆਂ ਨੇ ਇਕ ਆਵਾਜ਼ ਵਿਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਪ੍ਰੀਖਿਆ 'ਚ ਬੈਠਣ ਨਹੀਂ ਦੇਣਾ ਸੀ ਤਾਂ ਰੋਲ ਨੰਬਰ ਅਤੇ ਐਡਮਿਟ ਕਾਰਡ ਕਿਉਂ ਜਾਰੀ ਕੀਤੇ ਗਏ। ਇਸ ਗੱਲ ਦਾ ਜਵਾਬ ਕੰਟਰੋਲਰ ਅਤੇ ਸੁਪਰਿੰਟੈਂਡੈਂਟ ਨਹੀਂ ਦੇ ਸਕੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੋਰਡ ਦਫ਼ਤਰ ਨਾਲ ਸੰਪਰਕ ਕਰਨ ਲਈ ਕਿਹਾ। ਉਥੇ ਇਨ੍ਹਾਂ ਵਿਚੋਂ ਚਾਰ ਵਿਦਿਆਰਥੀਆਂ ਨੇ ਬੋਰਡ ਦਫਤਰ ਵਿਚ ਫੋਨ ਦੇ ਜ਼ਰੀਏ ਆਪਣੀ ਦਸਤਾਵੇਜ਼ ਕਨਫਰਮੇਸ਼ਨ ਦੀ ਗੱਲ ਸੈਂਟਰ ਸੁਪਰਿੰਟੈਂਡੈਂਟ ਅਤੇ ਕੰਟਰੋਲਰ ਤੋਂ ਕਰਵਾਈ ਉਸ ਦੇ ਬਾਅਦ ਇਨ੍ਹਾਂ ਚਾਰਾਂ ਵਿਦਿਆਰਥੀਆਂ ਦੀ ਐਂਟਰੀ ਕਰਵਾਈ ਗਈ। ਇਨ੍ਹਾਂ ਨੰਬਰਾਂ ਤੋਂ ਫੋਨ ਆਉਣ ਦੇ ਬਾਅਦ ਕੱਢਿਆਂ ਵਿਦਿਆਰਥੀਆਂ ਬਾਰੇ ਸੈਂਟਰ ਸੁਪਰਿੰਟੈਂਡੈਂਟ ਰੀਤਿਕਾ ਸਚਦੇਵਾ ਅਤੇ ਕੰਟਰੋਲਰ ਅਤੇ ਸਰਕਾਰੀ ਸੀ. ਸੈ. ਸਕੂਲ ਰਾਮ ਬਾਗ ਦੀ ਪ੍ਰਿੰਸੀਪਲ ਅਰਬਿੰਦਰ ਕੌਰ ਨੇ ਦੱਸਿਆ ਕਿ ਬੋਰਡ ਦਫਤਰ 88726-30909 ਅਤੇ 84377-00586 ਤੋਂ ਆਏ ਫੋਨ ਦੇ ਬਾਅਦ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਨਹੀਂ ਬੈਠਣ ਦਿੱਤਾ ਗਿਆ। ਉਕਤ ਨੰਬਰਾਂ ਤੋਂ ਆਏ ਫੋਨ ਵਿਚ ਅਧਿਕਾਰੀ ਨੇ ਕਿਹਾ ਸੀ ਕਿ ਇਨ੍ਹਾਂ ਬੱਚਿਆਂ ਦੇ ਦਸਤਾਵੇਜ਼ ਪੂਰੇ ਨਹੀਂ ਹੈ। ਇਸ ਲਈ ਇਨ੍ਹਾਂ ਨੂੰ ਪ੍ਰੀਖਿਆ ਵਿਚ ਬੈਠਣ ਦਾ ਕੋਈ ਅਧਿਕਾਰ ਨਹੀਂ।


Related News