ਜਾਣੋ ਓ. ਪੀ. ਸੋਨੀ ਤੋਂ ਕਿਉਂ ਵਾਪਸ ਲਿਆ ਗਿਆ ਵਾਤਾਵਰਣ ਮੰਤਰਾਲਾ
Tuesday, Nov 20, 2018 - 09:13 PM (IST)

ਜਲੰਧਰ,(ਵੈੱਬ ਡੈਸਕ)— ਪੰਜਾਬ ਸਰਕਾਰ ਵਲੋਂ ਵਾਤਾਵਰਣ ਮੰਤਰੀ ਓ. ਪੀ. ਸੋਨੀ ਤੋਂ ਮੰਤਰਾਲਾ ਖੋਹਣ ਦਾ ਵੱਡਾ ਕਾਰਨ ਦਰਿਆਵਾਂ ਦੇ ਪ੍ਰਦੂਸ਼ਣ ਮਾਮਲੇ 'ਚ ਐੱਨ. ਜੀ. ਟੀ. (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਵਲੋਂ ਕੀਤਾ ਗਿਆ 50 ਕਰੋੜ ਰੁਪਏ ਦਾ ਹਰਜ਼ਾਨਾ ਹੈ, ਜਿਸ ਦੀ ਗਾਜ਼ ਓ. ਪੀ. ਸੋਨੀ 'ਤੇ ਅੱਜ ਦੇਰ ਸ਼ਾਮ ਡਿੱਗੀ। ਇਸ ਤੋਂ ਇਲਾਵਾ ਮਈ ਮਹੀਨੇ ਬਿਆਸ ਦਰਿਆ 'ਚ ਸ਼ੂਗਰ ਮਿੱਲ ਦਾ ਗਰਮ ਸਿਰਾ ਸੁੱਟੇ ਜਾਣ ਕਾਰਨ ਲੱਖਾਂ ਮੱਛੀਆਂ ਦੀ ਮੌਤ ਹੋ ਗਈ ਸੀ ਤੇ ਇਹ ਵੀ ਓ. ਪੀ. ਸੋਨੀ ਤੋਂ ਮੰਤਰਾਲਾ ਵਾਪਸ ਲਏ ਜਾਣ ਦਾ ਇਕ ਕਾਰਨ ਬਣਿਆ ਹੈ। ਮੌਜੂਦਾ ਸਮੇਂ 'ਚ ਦਰਿਆਵਾਂ ਦਾ ਪਾਣੀ ਕਾਲਾ ਹੋਣਾ ਅਤੇ ਉਨ੍ਹਾਂ 'ਚ ਕਈ ਤਰ੍ਹਾਂ ਦੇ ਬੇਲੋੜੇ ਪਦਾਰਥ ਤੇ ਗੰਦਗੀ ਸੁੱਟੀ ਜਾ ਰਹੀ ਹੈ, ਜਿਸ ਕਾਰਨ ਦਰਿਆਵਾਂ ਦਾ ਪਾਣੀ ਬਹੁਤ ਦੂਸ਼ਿਤ ਹੋ ਰਿਹਾ ਹੈ। ਜਿਨ੍ਹਾਂ ਦੀ ਸੰਭਾਲ ਤੇ ਜ਼ਿੰਮੇਵਾਰੀ ਓ. ਪੀ. ਸੋਨੀ ਨੂੰ ਦਿੱਤੀ ਗਈ ਸੀ ਅਤੇ ਇਸ ਬਾਰੇ ਸਰਕਾਰ ਵਲੋਂ ਐਨ. ਜੀ. ਟੀ. ਨੂੰ ਜਵਾਬ ਦੇਣਾ ਮੁਸ਼ਕਿਲ ਹੋ ਗਿਆ।
ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਲਗਾਉਣ 'ਤੇ ਲਗਾਈ ਗਈ ਰੋਕ ਦੇ ਬਾਵਜੂਦ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਈ ਗਈ ਅਤੇ ਵਾਤਾਵਰਣ ਨੂੰ ਗੰਦਲਾ ਕੀਤਾ ਗਿਆ। ਸਰਕਾਰ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਪੂਰੀ ਤਰ੍ਹਾਂ ਰੋਕਣ 'ਚ ਨਾਕਾਮ ਰਹੀ, ਜਿਸ ਦਾ ਖਾਮਿਆਜ਼ਾ ਸਿੱਖਿਆ ਮੰਤਰੀ ਓ.ਪੀ. ਸੋਨੀ ਨੂੰ ਭੁਗਤਣਾ ਪਿਆ ਅਤੇ ਉਨ੍ਹਾਂ ਨੂੰ ਵਾਤਾਵਰਣ ਮੰਤਰਾਲੇ ਤੋਂ ਖੁੰਝਣਾ ਪਿਆ। ਜੋ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧੀਨ ਆ ਗਿਆ ਹੈ।
ਦੱਸ ਦਈਏ ਕਿ ਅੱਜ ਦੇਰ ਸ਼ਾਮ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਓ. ਪੀ. ਸੋਨੀ ਤੋਂ ਵਾਤਾਵਰਣ ਮੰਤਰਾਲਾ ਵਾਪਸ ਲੈ ਲਿਆ ਗਿਆ ਹੈ, ਜਿਸ ਦੀ ਜ਼ਿੰਮੇਵਾਰੀ ਹੁਣ ਖੁਦ ਮੁੱਖ ਮੰਤਰੀ ਸੰਭਾਲਣਗੇ। ਜਿਥੇ ਓ. ਪੀ. ਸੋਨੀ ਤੋਂ ਮੰਤਰਾਲਾ ਵਾਪਸ ਲਿਆ ਗਿਆ ਹੈ, ਉਥੇ ਹੀ ਉਨ੍ਹਾਂ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਦੀ ਨਵੀਂ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਓ. ਪੀ. ਸੋਨੀ ਕੋਲ ਹੁਣ ਫੂਡ ਪ੍ਰੋਸੈਸਿੰਗ ਮੰਤਰਾਲਾ, ਸਿੱਖਿਆ ਵਿਭਾਗ ਅਤੇ ਫਰੀਡਮ ਫਾਇਟਰ ਭਲਾਈ ਵਿਭਾਗ ਦੀ ਜ਼ਿੰਮੇਵਾਰੀ ਰਹੇਗੀ।