ਨਰਸਿੰਗ ਵਿਦਿਆਰਥਣਾਂ ਨੇ ਪ੍ਰਿੰਸੀਪਲ ''ਤੇ ਲਗਾਏ ਕੁੱਟਮਾਰ ਦੇ ਦੋਸ਼, ਪਹੁੰਚੀਆਂ ਹਸਪਤਾਲ

Monday, Oct 17, 2022 - 05:31 PM (IST)

ਨਰਸਿੰਗ ਵਿਦਿਆਰਥਣਾਂ ਨੇ ਪ੍ਰਿੰਸੀਪਲ ''ਤੇ ਲਗਾਏ ਕੁੱਟਮਾਰ ਦੇ ਦੋਸ਼, ਪਹੁੰਚੀਆਂ ਹਸਪਤਾਲ

ਮੋਗਾ (ਵਿਪਨ ਓਕਾਰਾ) : ਮੋਗਾ ਦੇ ਸਰਕਾਰੀ ਹਸਪਤਾਲ 'ਚ ਬਣੇ ਨਰਸਿੰਗ ਟਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪ੍ਰਿੰਸੀਪਲ 'ਤੇ ਕੁੱਟਮਾਰ ਕਰਨ ਅਤੇ ਟਾਰਚਰ ਕਰਨ ਦੇ ਦੋਸ਼ ਲਗਾਏ ਗਏ ਹਨ। ਦੋ ਵਿਦਿਆਰਥਣਾਂ ਨੂੰ ਉਲਟੀਆਂ ਆਉਣ ਅਤੇ ਡਿਪ੍ਰੈਸ਼ਨ ਹੋਣ ਕਾਰਨ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਮਾਪਿਆਂ ਨੂੰ ਵੀ ਬੁਲਾਇਆ ਗਿਆ ਹੈ। 

PunjabKesari

ਵਿਦਿਆਰਥਣਾਂ ਨੇ ਦੱਸਿਆ ਕਿ ਉਹ ਸੈਕਿੰਡ ਇਅਰ ਦੀਆਂ ਵਿਦਿਆਰਥਣਾਂ ਹਨ ਅਤੇ ਹੋਸਟਲ ਵਿਚ ਰਹਿੰਦੀਆਂ ਹਨ। ਉਨ੍ਹਾਂ ਦੀ ਫਸਟ ਇਅਰ ਦੀਆਂ ਵਿਦਿਆਰਥਣਾਂ ਨਾਲ ਬਹਿਸ ਹੋ ਗਈ ਸੀ ਜਿਸ 'ਤੇ ਪ੍ਰਿੰਸੀਪਲ ਕਿਰਨ ਗਿੱਲ ਨੇ ਉਨ੍ਹਾਂ ਨੂੰ ਚਪੇੜਾਂ ਮਾਰੀਆਂ ਅਤੇ ਟਾਰਚਰ ਕੀਤਾ। ਉਨ੍ਹਾਂ ਨੂੰ ਮੁਰਗਾ ਬਣਾਇਆ, ਬੈਂਚ 'ਤੇ ਖੜ੍ਹਾ ਕੀਤਾ ਅਤੇ ਉਨ੍ਹਾਂ ਦੀ ਚਰਿੱਤਰ 'ਤੇ ਵੀ ਤੰਜ ਕਸੇ ਜਿਸ ਕਾਰਨ ਉਹ ਬਹੁਤ ਪਰੇਸ਼ਾਨ ਸਨ।

ਇਸ ਮਾਮਲੇ 'ਚ ਵਿਦਿਆਰਥਣਾਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਰਾਹੀਂ ਸੂਚਨਾ ਦਿੱਤੀ ਗਈ ਸੀ ਕਿ ਤੁਹਾਡੀਆਂ ਧੀਆਂ ਐਮਰਜੈਂਸੀ 'ਚ ਦਾਖ਼ਲ ਹਨ। ਉਹ ਇੱਥੇ ਆਏ ਤਾਂ ਧੀਆਂ ਨੇ ਆਪਬੀਤੀ ਦੱਸੀ।

ਇਹ ਖ਼ਬਰ ਵੀ ਪੜ੍ਹੋ - ਪੋਤੇ ਨੇ 80 ਸਾਲਾ ਬਜ਼ੁਰਗ ਦਾਦੇ ’ਤੇ ਕੀਤਾ ਹਮਲਾ, ਹੋਇਆ ਜ਼ਖਮੀ

ਸਰਕਾਰੀ ਹਸਪਤਾਲ ਦੀ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾ. ਕਮਲਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਨਰਸਿੰਗ ਸਕੂਲ ਦੀਆਂ ਦੋ ਵਿਦਿਆਰਥਣਾਂ ਮਨਜੋਤ ਕੌਰ ਅਤੇ ਮਨਪ੍ਰੀਤ ਕੌਰ ਨੂੰ ਦਾਖ਼ਲ ਕੀਤਾ ਗਿਆ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਮਾਰਕੁੱਟ ਕੀਤੀ ਗਈ ਹੈ। ਉਨ੍ਹਾਂ ਦਾ ਸਿਰ ਦਰਦ ਹੋ ਰਿਹਾ ਹੈ ਅਤੇ ਉਲਟੀਆਂ ਆ ਰਹੀਆਂ ਹਨ। ਵਿਦਿਾਰਥਣਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

ਕਿਸੇ ਵਿਦਿਆਰਥਣ ਨਾਲ ਨਹੀਂ ਕੀਤੀ ਕੁੱਟਮਾਰ - ਪ੍ਰਿੰਸੀਪਲ

PunjabKesari

ਇਸ ਸਬੰਧੀ ਪ੍ਰਿੰਸੀਪਲ ਕਿਰਨ ਗਿੱਲ ਨੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਵਿਦਿਆਰਥਣ ਨਾਲ ਮਾਰਕੁੱਟ ਨਹੀਂ ਕੀਤੀ। ਉਨ੍ਹਾਂ ਕੋਲ ਜੂਨੀਅਰ ਵਿਦਿਆਰਥਣਾਂ ਨੇ ਸ਼ਿਕਾਇਤ ਦਿੱਤੀ ਸੀ ਜਿਸ 'ਤੇ ਉਨ੍ਹਾਂ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਸਮਝਾਇਆ ਸੀ। ਪ੍ਰਿੰਸੀਪਲ ਨੇ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਦੀ ਪਹਿਲਾਂ ਵੀ ਸ਼ਿਕਾਇਤ ਆਈ ਸੀ ਅਤੇ ਉਨ੍ਹਾਂ ਨੇ ਲਿਖ਼ਤੀ ਤੌਰ 'ਤੇ ਦਿੱਤਾ ਸੀ ਕਿ ਭਵਿੱਖ 'ਚ ਉਨ੍ਹਾਂ ਦੀ ਕੋਈ ਸ਼ਿਕਾਇਤ ਨਹੀ ਆਵੇਗੀ।

PunjabKesari

ਉੱਥੇ ਹੀ ਜਦ ਇਸ ਬਾਰੇ ਮੋਗਾ ਸਰਕਾਰੀ ਹਸਪਤਾਲ ਦੇ ਐੱਸ. ਐੱਮ. ਓ. ਡਾਕਟਰ ਸੁਖਪ੍ਰੀਤ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਨੇ ਆਪਣੇ ਨਾਲ ਮਾਰਕੁੱਟ ਹੋਣ ਦੀ ਸ਼ਿਕਾਇਤ ਦਿੱਤੀ ਹੈ। ਵਿਦਿਆਰਥਣਾਂ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਉਨ੍ਹਾਂ ਨੂੰ ਬੈਂਚ 'ਤੇ ਖੜ੍ਹਾ ਕੀਤਾ ਗਿਆ ਸੀ ਅਤੇ ਮੁਰਗਾ ਵੀ ਬਣਾਇਆ ਗਿਆ। ਡਾ. ਬਰਾੜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Anuradha

Content Editor

Related News