ਨਰਸਿੰਗ ਸਟਾਫ ਅਣਮਿੱਥੇ ਸਮੇਂ ਦੀ ਹਡ਼ਤਾਲ ’ਤੇ
Thursday, Jul 19, 2018 - 02:08 AM (IST)

ਅੰਮ੍ਰਿਤਸਰ, (ਦਲਜੀਤ)- ਗੁਰੂੁ ਨਾਨਕ ਦੇਵ ਹਸਪਤਾਲ ’ਚ ਠੇਕੇ ’ਤੇ ਕੰਮ ਕਰ ਰਹੀਆਂ 233 ਨਰਸਿੰਗ ਸਟਾਫ ਮੈਂਬਰਾਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹਡ਼ਤਾਲ ’ਤੇ ਚਲੇ ਗਈਅਾਂ ਹਨ, ਜਿਸ ਕਾਰਨ ਸਿਹਤ ਸੇਵਾਵਾਂ ਠੱਪ ਹੋ ਗਈਅਾਂ ਹਨ ਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟਾਫ ਦੀ ਇਸ ਹਡ਼ਤਾਲ ਨੂੰ ਮੈਡੀਕਲ ਕਾਲਜ ਦੀ ਜੂਨੀਅਰ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਵੀ ਸਮਰਥਨ ਦਿੱਤਾ ਹੈ। ਗੁਰੂ ਨਾਨਕ ਦੇਵ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਬੈਠੇ ਨਰਸਿੰਗ ਸਟਾਫ ਨੂੰ ਸੰਬੋਧਨ ਕਰਦਿਅਾਂ ਪੰਜਾਬ ਠੇਕਾ ਆਧਾਰਿਤ ਨਰਸਿੰਗ ਅਤੇ ਪੈਡਾ ਮੈਡੀਕਲ ਇੰਪਲਾਈਜ਼ ਐਸੋਸੀਏਸ਼ਨ ਦੀ ਪ੍ਰਧਾਨ ਸਵਰੂਪ ਕੌਰ ਨੇ ਕਿਹਾ ਕਿ ਸਰਕਾਰ ਨੇ ਕਰਮਚਾਰੀਆਂ ਨੂੰ 33 ਫ਼ੀਸਦੀ ਤਨਖਾਹ ਦੀ ਤੀਜੀ ਕਿਸ਼ਤ ਜਾਰੀ ਨਹੀਂ ਕੀਤੀ, ਪਹਿਲੀਆਂ 2 ਕਿਸ਼ਤਾਂ ਹਾਸਲ ਕਰਨ ਲਈ ਸਾਨੂੰ ਸਖਤ ਸੰਘਰਸ਼ ਕਰਨਾ ਪਿਆ, ਪਟਿਆਲਾ ਵਿਚ ਯੂਨੀਅਨ ਦੀ ਪ੍ਰਧਾਨ ਨੇ 7 ਦਿਨਾਂ ਤੱਕ ਲਗਾਤਾਰ ਭੁੱਖ ਹਡ਼ਤਾਲ ਕੀਤੀ, ਇਸ ਤੋਂ ਬਾਅਦ ਸਰਕਾਰ ਨੇ ਪਹਿਲੀ ਕਿਸ਼ਤ ਜਾਰੀ ਕੀਤੀ। ਦੂਜੀ ਕਿਸ਼ਤ ਜਾਰੀ ਕਰਵਾਉਣ ਲਈ ਇਕ ਕਰਮਚਾਰੀ ਨੇ ਭਾਖਡ਼ਾ ਨਹਿਰ ’ਚ ਛਾਲ ਮਾਰੀ ਸੀ ਤੇ ਹੁਣ ਤੀਜੀ ਕਿਸ਼ਤ ਜਾਰੀ ਕਰਵਾਉਣ ਲਈ ਸਾਨੂੰ ਪਤਾ ਨਹੀਂ ਕੀ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਨਰਸਿੰਗ ਸਟਾਫ ਨੂੰ 7500 ਰੁਪਏ ਤਨਖਾਹ ਮਿਲਦੀ ਸੀ। ਪਹਿਲੀ ਕਿਸ਼ਤ ਮਿਲਣ ਤੋਂ ਬਾਅਦ ਇਹ 12 ਹਜ਼ਾਰ ਹੋਈ ਤੇ ਦੂਜੀ ਕਿਸ਼ਤ ਜਾਰੀ ਹੋਣ ਤੋਂ ਬਾਅਦ 16 ਹਜ਼ਾਰ। ਹੁਣ ਜੇਕਰ ਸਰਕਾਰ ਤੀਜੀ ਕਿਸ਼ਤ ਜਾਰੀ ਕਰ ਦਿੰਦੀ ਹੈ ਤਾਂ ਕਰਮਚਾਰੀਆਂ ਦੀ ਤਨਖਾਹ 22 ਹਜ਼ਾਰ ਦੇ ਕਰੀਬ ਹੋ ਜਾਵੇਗੀ। ਇਸ ਸਬੰਧੀ 2 ਮਹੀਨੇ ਪਹਿਲਾਂ ਸਿੱਖਿਆ ਮੰਤਰੀ ਬ੍ਰਹਮਾ ਮਹਿੰਦਰਾ ਨਾਲ ਚੰਡੀਗਡ਼੍ਹ ਵਿਚ ਕਰਮਚਾਰੀਆਂ ਦੀ ਗੱਲ ਹੋਈ ਸੀ। ਮੰਤਰੀ ਨੇ ਕਰਮਚਾਰੀਆਂ ਨੂੰ 5 ਫ਼ੀਸਦੀ ਹਾਊੁਸ ਲੋਨ, ਸੁੰਦਰਤਾ ਅਤੇ ਮੈਡੀਕਲ ਫ੍ਰੀ ਕਰਨ ਦੀ ਮੰਗ ਲਾਗੂ ਕਰ ਦਿੱਤੀ ਤੇ 33 ਫ਼ੀਸਦੀ ਦੀ ਤੀਜੀ ਕਿਸ਼ਤ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ ਸੀ। ਮੰਤਰੀ ਦੇ ਭਰੋਸੇ ਤੋਂ ਬਾਅਦ ਸਾਨੂੰ ਉਮੀਦ ਦੀ ਕਿਰਨ ਨਜ਼ਰ ਆਈ ਪਰ ਹੁਣ ਪਤਾ ਲੱਗਾ ਹੈ ਕਿ ਇਹ ਕਿਸ਼ਤ ਪ੍ਰਸੋਨਲ ਵਿਭਾਗ ਨੇ ਰੋਕ ਰੱਖੀ ਹੈ, ਜਦੋਂ ਤੱਕ ਵਿਭਾਗ ਤੀਜੀ ਕਿਸ਼ਤ ਜਾਰੀ ਨਹੀਂ ਕਰਦਾ, ਅਸੀਂ ਹਡ਼ਤਾਲ ਜਾਰੀ ਰੱਖਾਂਗੇ।