ਜੱਜ ਸਾਹਮਣੇ ਰੋਇਆ ਗਰਲਫ੍ਰੈਂਡ ਨਰਸ ਦਾ ਕਾਤਲ, ''''ਗਲਤੀ ਹੋ ਗਈ''''

Thursday, Jan 16, 2020 - 12:11 PM (IST)

ਜੱਜ ਸਾਹਮਣੇ ਰੋਇਆ ਗਰਲਫ੍ਰੈਂਡ ਨਰਸ ਦਾ ਕਾਤਲ, ''''ਗਲਤੀ ਹੋ ਗਈ''''

ਚੰਡੀਗੜ੍ਹ (ਸੰਦੀਪ) : ਹੋਟਲ ਦੇ ਕਮਰੇ 'ਚ ਦੋਸਤ ਲੜਕੀ ਨਰਸ ਦਾ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸਦਾ ਕਤਲ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਮਨਿੰਦਰ ਸਿੰਘ ਨੂੰ ਪੁਲਸ ਨੇ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਕੇਸ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਪੁਲਸ ਨੇ ਅਦਾਲਤ ਤੋਂ ਮੁਲਜ਼ਮ ਦੇ 6 ਦਿਨਾ ਰਿਮਾਂਡ ਦੀ ਮੰਗ ਕੀਤੀ। ਸੁਣਵਾਈ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ 5 ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਸੁਣਵਾਈ ਦੌਰਾਨ ਮੁਲਜ਼ਮ ਅਦਾਲਤ 'ਚ ਰੋਣ ਲੱਗਾ ਅਤੇ ਉਸਨੇ ਰੋਂਦੇ-ਵਿਲਕਦੇ ਹੋਏ ਕਿਹਾ ਕਿ ਉਸ ਤੋਂ ਗਲਤੀ ਹੋ ਗਈ।
ਇਸ 'ਤੇ ਮੁਨਸਫ਼ ਨੇ ਮੁਲਜ਼ਮ ਨੂੰ ਸ਼ਾਂਤ ਹੋਣ ਨੂੰ ਕਿਹਾ। ਜੱਜ ਤੋਂ ਆਗਿਆ ਲੈ ਕੇ ਮੁਲਜ਼ਮ ਨੂੰ ਪਾਣੀ ਪਿਲਾਇਆ ਗਿਆ। ਪੁਲਸ ਹੁਣ ਮੁਲਜ਼ਮ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ 20 ਜਨਵਰੀ ਨੂੰ ਅਦਾਲਤ 'ਚ ਪੇਸ਼ ਕਰੇਗੀ। ਪੁਲਸ ਅਨੁਸਾਰ ਰਿਮਾਂਡ ਦੌਰਾਨ ਪੁਲਸ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਤੇਜ਼ਧਾਰ ਹਥਿਆਰ ਬਰਾਮਦ ਕਰੇਗੀ, ਜਿਸਦਾ ਪ੍ਰਯੋਗ ਕਰ ਕੇ ਉਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਪੁਲਸ ਮੁਲਜ਼ਮ ਤੋਂ ਵਾਰਦਾਤ ਨੂੰ ਲੈ ਕੇ ਜ਼ਰੂਰੀ ਪੁੱਛਗਿੱਛ ਕਰੇਗੀ।
ਹੋਟਲ ਦੇ ਕਮਰੇ 'ਚ ਖੂਨ ਨਾਲ ਲਥਪਥ ਮਿਲੀ ਸੀ ਲਾਸ਼
1 ਜਨਵਰੀ ਦੀ ਦੁਪਹਿਰ ਪੁਲਸ ਕੰਟਰੋਲ ਰੂਮ 'ਤੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਸਕਾਈ ਹੋਟਲ 'ਚ ਇਕ ਲੜਕੀ ਦਾ ਕਤਲ ਕੀਤੇ ਜਾਣ ਨਾਲ ਸਬੰਧਤ ਸੂਚਨਾ ਦਿੱਤੀ ਗਈ ਸੀ। ਹੋਟਲ ਦੇ ਕਮਰੇ 'ਚ ਲੜਕੀ ਦੀ ਲਾਸ਼ ਖੂਨ ਨਾਲ ਲਥਪਥ ਬੈੱਡ 'ਤੇ ਪਈ ਹੋਈ ਸੀ। ਪੁਲਸ ਜਾਂਚ ਦੌਰਾਨ ਲੜਕੀ ਦੀ ਪਹਿਚਾਣ ਮੂਲ ਰੂਪ 'ਚ ਸੰਗਰੂਰ ਨਿਵਾਸੀ ਸਰਬਜੀਤ ਕੌਰ ਦੇ ਤੌਰ 'ਤੇ ਹੋਈ ਸੀ। ਪੁਲਸ ਜਾਂਚ 'ਚ ਸਾਹਮਣੇ ਆਇਆ ਸੀ ਕਿ 30 ਦਸੰਬਰ ਦੀ ਸ਼ਾਮ ਸਰਬਜੀਤ ਕੌਰ ਅਤੇ ਉਸਦਾ ਪ੍ਰੇਮੀ ਮਨਿੰਦਰ ਸਿੰਘ ਹੋਟਲ ਪਹੁੰਚੇ ਅਤੇ ਦੋਹਾਂ ਨੇ ਉਥੇ ਕਮਰਾ ਲਿਆ ਸੀ।
1 ਜਨਵਰੀ ਨੂੰ ਦੁਪਹਿਰ ਕਰੀਬ 12 ਵਜੇ ਦੋਹਾਂ ਨੇ ਹੋਟਲ 'ਚ ਚੈੱਕ ਆਊਟ ਕਰਨਾ ਸੀ। ਰਿਸੈਪਸ਼ਨਿਸਟ ਨੇ ਜਦੋਂ ਸਰਬਜੀਤ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਸ਼ੱਕ ਦੇ ਆਧਾਰ 'ਤੇ ਜਦੋਂ ਹੋਟਲ ਸਟਾਫ ਨੇ ਰੂਮ ਦਾ ਦਰਵਾਜ਼ਾ ਮਾਸਟਰ ਚਾਬੀ ਨਾਲ ਖੋਲ੍ਹਿਆ ਤਾਂ ਪਾਇਆ ਕਿ ਕਮਰੇ ਅੰਦਰ ਸਰਬਜੀਤ ਦੀ ਲਾਸ਼ ਖੂਨ ਨਾਲ ਲਥਪਥ ਹਾਲਤ 'ਚ ਪਈ ਸੀ। ਉਸਦੀ ਗਰਦਨ 'ਤੇ ਤੇਜ਼ਧਾਰ ਸੂਏ ਵਰਗੇ ਹਥਿਆਰ ਨਾਲ ਵਾਰ ਕੀਤਾ ਗਿਆ ਸੀ। ਪੁਲਸ ਨੇ ਜਾਂਚ ਦੇ ਆਧਾਰ 'ਤੇ ਹੀ ਮਨਿੰਦਰ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਸੀ।


author

Babita

Content Editor

Related News