ਪਟਵਾਰੀ ਦੇ ਦਫ਼ਤਰ 'ਚ ਅਚਾਨਕ ਪੁੱਜੇ MLA ਦਿਆਲਪੁਰਾ, ਨੰਬਰਦਾਰ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਫੜ੍ਹਿਆ

Monday, Oct 30, 2023 - 02:37 PM (IST)

ਪਟਵਾਰੀ ਦੇ ਦਫ਼ਤਰ 'ਚ ਅਚਾਨਕ ਪੁੱਜੇ MLA ਦਿਆਲਪੁਰਾ, ਨੰਬਰਦਾਰ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਫੜ੍ਹਿਆ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸਬ-ਤਹਿਸੀਲ ’ਚ ਅੱਜ ਉਸ ਸਮੇਂ ਰੌਲਾ ਪੈ ਗਿਆ, ਜਦੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਇੱਥੇ ਤਾਇਨਾਤ ਪਟਵਾਰੀ ਨੂੰ ਰਿਸ਼ਵਤ ਦੇ ਪੈਸੇ ਦੇਣ ਲਈ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਨੰਬਰਦਾਰ ਗੁਰਇਕਬਾਲ ਸਿੰਘ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਵਿਧਾਇਕ ਦਿਆਲਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਝੜੌਦੀ ਦੇ ਵਾਸੀ ਤੇਜਵਿੰਦਰ ਸਿੰਘ ਨੇ ਅਦਾਲਤ ਤੋਂ ਇੱਕ ਪਲਾਟ ਦਾ ਸਟੇਅ ਪ੍ਰਾਪਤ ਕੀਤਾ ਸੀ, ਜੋ ਉਸਨੇ ਮਾਲ ਵਿਭਾਗ ਦੇ ਰਿਕਾਰਡ ਵਿਚ ਦਰਜ ਕਰਵਾਉਣਾ ਸੀ। ਸ਼ਿਕਾਇਤਕਰਤਾ ਤੇਜਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਹ ਤਹਿਸੀਲ ਵਿਚ ਇਹ ਪਲਾਟ ਦਾ ਸਟੇਅ ਦਰਜ ਕਰਵਾਉਣ ਲਈ ਗਿਆ ਤਾਂ ਉਸ ਤੋਂ ਪਟਵਾਰੀ ਪਰਮਿੰਦਰ ਸਿੰਘ ਨੇ 3000 ਰੁਪਏ ਰਿਸ਼ਵਤ ਦੇ ਮੰਗੇ ਅਤੇ 2500 ਰੁਪਏ ਵਿਚ ਸੌਦਾ ਤੈਅ ਹੋ ਗਿਆ।

ਤੇਜਵਿੰਦਰ ਸਿੰਘ ਨੇ ਇਹ ਸਾਰਾ ਮਾਮਲਾ ਵਿਧਾਇਕ ਦਿਆਲਪੁਰਾ ਦੇ ਧਿਆਨ ਵਿਚ ਲਿਆਂਦਾ, ਜਿਨ੍ਹਾਂ 2500 ਰੁਪਏ ਰਿਸ਼ਵਤ ਦੇਣ ਵਾਲੇ ਨੋਟਾਂ ਦੀ ਫੋਟੋ ਸਟੇਟ ਕਰਵਾ ਕੇ ਆਪਣੇ ਕੋਲ ਰੱਖ ਲਈ ਅਤੇ ਸ਼ਿਕਾਇਤਕਰਤਾ ਰਿਸ਼ਵਤ ਦੇ ਪੈਸੇ ਦੇਣ ਲਈ ਸਬ-ਤਹਿਸੀਲ ਮਾਛੀਵਾੜਾ ਪਹੁੰਚ ਗਿਆ। ਤੇਜਵਿੰਦਰ ਸਿੰਘ ਜਦੋਂ ਪਟਵਾਰੀ ਦੇ ਕਮਰੇ ’ਚ ਰਿਸ਼ਵਤ ਦੇ ਪੈਸੇ ਦੇਣ ਅਤੇ ਸਟੇਅ ਦਰਜ ਕਰਵਾਉਣ ਪੁੱਜਾ ਤਾਂ ਉੱਥੇ ਉਹ ਮੌਜੂਦ ਨਹੀਂ ਸੀ। ਪਟਵਾਰੀ ਦੇ ਕਮਰੇ ’ਚ ਨੰਬਰਦਾਰ ਗੁਰਇਕਬਾਲ ਸਿੰਘ ਬੈਠਾ ਸੀ, ਜਿਸ ਨੇ ਸ਼ਿਕਾਇਤਕਰਤਾ ਤੇਜਵਿੰਦਰ ਸਿੰਘ ਦੀ ਫੋਨ ’ਤੇ ਗੱਲ ਕਰਵਾਈ ਅਤੇ ਪਟਵਾਰੀ ਨੂੰ ਦੇਣ ਵਾਲੀ ਰਿਸ਼ਵਤ ਉਸਨੇ ਨੰਬਰਦਾਰ ਨੂੰ ਫੜ੍ਹਾ ਦਿੱਤੀ। ਇਸ ਦੌਰਾਨ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਪਟਵਾਰੀ ਨੂੰ ਜਾਣ ਵਾਲੀ ਰਿਸ਼ਵਤ ਦੇ ਪੈਸੇ ਲੈਂਦਿਆਂ ਨੰਬਰਦਾਰ ਗੁਰਇਕਬਾਲ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ, ਜਿਸ ’ਤੇ ਡੀ. ਐੱਸ. ਪੀ. ਸਮਰਾਲਾ ਜਸਪਿੰਦਰ ਸਿੰਘ ਤੇ ਥਾਣਾ ਮੁਖੀ ਸੰਤੋਖ ਸਿੰਘ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਵਲੋਂ ਨੰਬਰਦਾਰ ਗੁਰਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡੀ. ਐੱਸ. ਪੀ. ਸਮਰਾਲਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਜੋ ਵੀ ਇਸ ਮਾਮਲੇ ’ਚ ਦੋਸ਼ੀ ਹੋਵੇਗਾ ਉਸ ਖਿਲਾਫ਼ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ : ਲੁਧਿਆਣਾ ਦੀਆਂ ਡਾਇੰਗ ਯੂਨਿਟਾਂ 'ਤੇ ਲਟਕੀ ਸੀਵਰੇਜ ਕੁਨੈਕਸ਼ਨ ਕੱਟਣ ਦੀ ਤਲਵਾਰ, ਜਾਣੋ ਪੂਰਾ ਮਾਮਲਾ
ਨੰਬਰਦਾਰ ਦਾ ਕਹਿਣਾ, ਮੇਰਾ ਨਹੀਂ ਕੋਈ ਕਸੂਰ

ਪਟਵਾਰੀ ਨੂੰ ਜਾਣ ਵਾਲੀ ਰਿਸ਼ਵਤ ਦੇ ਪੈਸੇ ਲੈਣ ਵਾਲੇ ਨੰਬਰਦਾਰ ਗੁਰਇਕਬਾਲ ਸਿੰਘ ਨੇ ਕਿਹਾ ਕਿ ਉਸਦਾ ਕੋਈ ਕਸੂਰ ਨਹੀਂ ਕਿਉਂਕਿ ਉਸਨੇ ਤਾਂ ਪਟਵਾਰੀ ਦੇ ਕਹਿਣ ’ਤੇ ਤੇਜਵਿੰਦਰ ਸਿੰਘ ਤੋਂ 2500 ਰੁਪਏ ਫੜ੍ਹੇ ਸਨ। ਉਸਨੇ ਕਿਹਾ ਕਿ ਪੁਲਸ ਜੋ ਵੀ ਇਸ ਮਾਮਲੇ ’ਚ ਪੁੱਛਗਿੱਛ ਕਰੇਗੀ, ਉਸਨੂੰ ਸਹਿਯੋਗ ਦੇਵੇਗਾ ਕਿਉਂਕਿ ਇਸ ਰਿਸ਼ਵਤ ਦੇ ਪੈਸੇ ਵਿਚ ਉਸਦਾ ਕੋਈ ਲੈਣ-ਦੇਣ ਨਹੀਂ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਦੌਰਾਨ ਦੋਪਹੀਆ ਵਾਹਨ ਖ਼ਰੀਦਣ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਝਟਕਾ

ਲੋਕ ਸਰਕਾਰੀ ਦਫ਼ਤਰਾਂ ’ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਹਿਯੋਗ ਦੇਣ: ਵਿਧਾਇਕ 

ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਸਰਕਾਰੀ ਦਫ਼ਤਰਾਂ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਗੇ ਅਤੇ ਅੱਜ ਉਨ੍ਹਾਂ ਮਾਛੀਵਾੜਾ ਸਬ-ਤਹਿਸੀਲ ਵਿਚ ਪਟਵਾਰੀ ਨੂੰ ਦਿੱਤੀ ਜਾਣ ਵਾਲੀ ਲੈਂਦਿਆਂ ਨੰਬਰਦਾਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ’ਚ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ ਅਤੇ ਲੋਕ ਸਹਿਯੋਗ ਦੇਣ ਕਿ ਜੇਕਰ ਉਨ੍ਹਾਂ ਤੋਂ ਕੋਈ ਰਿਸ਼ਵਤ ਮੰਗਦਾ ਹੈ ਤਾਂ ਤੁਰੰਤ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਉਣ। ਵਿਧਾਇਕ ਦਿਆਲਪੁਰਾ ਨੇ ਰਿਸ਼ਵਤ ਦਾ ਮਾਮਲਾ ਸਾਹਮਣੇ ਲਿਆਉਣ ’ਤੇ ਸ਼ਿਕਾਇਤਕਰਤਾ ਤੇਜਵਿੰਦਰ ਸਿੰਘ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਤਾਂ ਹੀ ਭ੍ਰਿਸ਼ਟਾਚਾਰ ਦਾ ਸਫ਼ਾਇਆ ਹੋਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News