ਸੰਘਣੀ ਧੁੰਦ ਨੇ ਟਰੇਨਾਂ ਦੀ ਰਫ਼ਤਾਰ ''ਤੇ ਲਾਈ ''ਬ੍ਰੇਕ'' ! ਦੇਰੀ ਕਾਰਨ ਯਾਤਰੀਆਂ ਨੂੰ ਕਰਨੀ ਪਈ ਲੰਬੀ ਉਡੀਕ
Wednesday, Feb 04, 2026 - 09:54 AM (IST)
ਨਵੀਂ ਦਿੱਲੀ : ਉੱਤਰੀ ਭਾਰਤ 'ਚ ਠੰਡ ਤੋਂ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਇਕ ਵਾਰ ਫ਼ਿਰ ਤੋਂ ਸੰਘਣੀ ਧੁੰਦ ਪਈ ਹੈ, ਤੇ ਵਿਜ਼ੀਬਿਲਟੀ ਵੀ ਕਾਫ਼ੀ ਘੱਟ ਹੈ, ਜਿਸ ਕਾਰਨ ਆਵਾਜਾਈ 'ਚ ਵਿਘਨ ਪੈ ਰਿਹਾ ਹੈ। ਇਸੇ ਦੌਰਾਨ ਦਿੱਲੀ ਤੋਂ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਨੂੰ ਜਾਣ ਵਾਲੇ ਰੇਲ ਮੁਸਾਫਰਾਂ ਨੂੰ ਅੱਜ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਤੋਂ ਰਵਾਨਾ ਹੋਣ ਵਾਲੀ ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਆਪਣੇ ਨਿਰਧਾਰਿਤ ਸਮੇਂ ਤੋਂ ਲਗਭਗ 1 ਤੋਂ 1.30 ਘੰਟੇ ਦੀ ਦੇਰੀ ਨਾਲ ਰਵਾਨਾ ਹੋਈ ਹੈ।
ਰੇਲਵੇ ਸੂਤਰਾਂ ਅਨੁਸਾਰ, ਸਵੇਰ ਵੇਲੇ ਪਈ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਸੀ, ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਟ੍ਰੇਨਾਂ ਦੀ ਰਫ਼ਤਾਰ ਘਟਾਈ ਗਈ। ਸਿਰਫ਼ ਸ਼ਤਾਬਦੀ ਹੀ ਨਹੀਂ, ਸਗੋਂ ਸ਼ਾਨ-ਏ-ਪੰਜਾਬ ਅਤੇ ਦਿੱਲੀ-ਪਠਾਨਕੋਟ ਐਕਸਪ੍ਰੈਸ ਵਰਗੀਆਂ ਟ੍ਰੇਨਾਂ ਵੀ ਆਪਣੇ ਸਮੇਂ ਤੋਂ ਪਿੱਛੇ ਚੱਲ ਰਹੀਆਂ ਹਨ।
ਟ੍ਰੇਨਾਂ ਲੇਟ ਹੋਣ ਕਾਰਨ ਨਵੀਂ ਦਿੱਲੀ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨਾਂ 'ਤੇ ਮੁਸਾਫਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ, ਜਦਕਿ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਪਲੇਟਫਾਰਮਾਂ 'ਤੇ ਲੰਬੀ ਉਡੀਕ ਕਰਨੀ ਪਈ।
