ਇਲਾਜ ਕਰਨ ਦੀ ਬਜਾਏ ਗ਼ੁੱਸੇ ''ਚ ਆਏ ਡਾਕਟਰ ਨੇ ਪਾੜੀ ਓ. ਪੀ. ਡੀ. ਸਲਿੱਪ
Tuesday, Mar 13, 2018 - 06:48 AM (IST)

ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੇ ਸਰਜਰੀ ਵਿਭਾਗ ਦੇ ਇਕ ਡਾਕਟਰ ਨੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਦਾ ਇਲਾਜ ਕਰਨ ਦੀ ਬਜਾਏ ਡਾਕਟਰ ਨੇ ਗ਼ੁੱਸੇ ਵਿਚ ਆ ਕੇ ਓ. ਪੀ. ਡੀ. ਸਲਿੱਪ ਪਾੜ ਦਿੱਤੀ ਅਤੇ ਉਨ੍ਹਾਂ ਨੂੰ ਭਲਾ-ਬੁਰਾ ਕਿਹਾ। ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਸ਼ਿਕਾਇਤ ਸਰਜਰੀ ਵਿਭਾਗ ਦੇ ਮੁਖੀ ਨੂੰ ਵੀ ਕੀਤੀ ਹੈ । ਹੈਪੀ ਨਿਵਾਸੀ ਗੁਰੂ ਨਾਨਕ ਐਵੀਨਿਊ ਨੇ ਦੱਸਿਆ ਕਿ ਉਨ੍ਹਾਂ ਦਾ 18 ਸਾਲ ਦਾ ਪੁੱਤਰ ਰਿੰਕਲ ਬੇਡਸੋਰ ਨਾਮਕ ਰੋਗ ਨਾਲ ਪੀੜਤ ਹੈ। ਜਦੋਂ ਉਹ ਸਵਾ ਸਾਲ ਦਾ ਸੀ ਤਦ ਉਸ ਦੀ ਪਿੱਠ ਦੇ ਹੇਠਾਂ ਇਕ ਫੋੜਾ ਹੋਇਆ ਸੀ। ਇਕ ਨਿੱਜੀ ਹਸਪਤਾਲ ਨਾਲ ਇਸ ਦਾ ਆਪ੍ਰੇਟ ਕਰਵਾਇਆ ਗਿਆ ਪਰ ਆਪ੍ਰੇਸ਼ਨ ਦੇ ਬਾਅਦ ਰਿੰਕਲ ਦੇ ਸਰੀਰ ਦਾ ਹੇਠਲਾ ਹਿੱਸਾ ਕੰਮ ਕਰਨਾ ਬੰਦ ਕਰ ਗਿਆ, ਉਹ ਦਿਵਿਆਂਗ ਹੋ ਗਿਆ। ਇਸ ਦੇ ਬਾਅਦ ਉਸ ਨੂੰ ਬੇਡਸੋਰ ਰੋਗ ਨੇ ਆਪਣੀ ਲਪੇਟ ਵਿਚ ਲੈ ਲਿਆ। 25 ਫਰਵਰੀ ਨੂੰ ਉਹ ਰਿੰਕਲ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਲੈ ਆਏ। ਇਥੇ ਉਸ ਨੂੰ ਮੈਡੀਸਨ ਵਾਰਡ ਵਿਚ ਦਾਖਲ ਕਰਵਾਇਆ ਗਿਆ। ਮੈਡੀਸਨ ਵਾਰਡ ਦੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ। 8 ਮਾਰਚ ਨੂੰ ਡਾਕਟਰਾਂ ਨੇ ਕਿਹਾ ਕਿ ਰਿੰਕਲ ਨੂੰ ਸਰਜਰੀ ਵਿਭਾਗ ਦੇ ਡਾਕਟਰ ਨੂੰ ਵੀ ਦਿਖਾਉਣਾ ਪਵੇਗਾ। ਹੈਪੀ ਦੇ ਅਨੁਸਾਰ 8 ਮਾਰਚ ਨੂੰ ਮੈਂ ਸਰਜਰੀ ਵਿਭਾਗ ਦੇ ਡਾਕਟਰ ਦੇ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਰਿੰਕਲ ਬਿਸਤਰ ਤੋਂ ਉੱਠ ਨਹੀਂ ਸਕਦਾ, ਇਸ ਲਈ ਤੁਸੀਂ ਮੈਡੀਸਨ ਵਾਰਡ ਵਿਚ ਚੱਲੋ। ਇਸ 'ਤੇ ਡਾਕਟਰ ਨੇ ਕਿਹਾ ਕਿ ਉਹ ਅਜੇ ਬਹੁਤ ਬਿਜ਼ੀ ਹਨ, ਇਸ ਲਈ ਕੁਝ ਦੇਰ ਬਾਅਦ ਆਵੇਗਾ। ਇਸ ਦੇ ਬਾਅਦ ਵਿਚ ਉਸ ਦੇ ਕੋਲ ਕਈ ਵਾਰ ਗਿਆ ਪਰ ਉਹ ਨਹੀਂ ਆਇਆ। ਸੋਮਵਾਰ ਨੂੰ ਮੈਂ ਰਿੰਕਲ ਨੂੰ ਲੈ ਕੇ ਡਾਕਟਰ ਦੇ ਕੋਲ ਪਹੁੰਚਿਆ। ਉਸ ਨੇ ਉਥੇ ਜਵਾਬ ਦਿੱਤਾ ਕਿ ਅਜੇ ਮਰੀਜ਼ ਜ਼ਿਆਦਾ ਹਨ, ਮੈਂ ਬਾਅਦ ਵਿਚ ਆਵਾਂਗਾ। ਹੈਪੀ ਦੇ ਅਨੁਸਾਰ ਮੈਂ ਬੇਟੇ ਦੇ ਬੀਮਾਰ ਹੋਣ ਦੀ ਵਜ੍ਹਾ ਨਾਲ ਉਂਝ ਹੀ ਬਹੁਤ ਪ੍ਰੇਸ਼ਾਨ ਸੀ ਅਤੇ ਉਸ 'ਤੇ ਡਾਕਟਰ ਦਾ ਅਜਿਹਾ ਸੁਭਾਅ ਬਰਦਾਸ਼ਤ ਨਹੀਂ ਹੋਇਆ। ਮੈਂ ਡਾਕਟਰ ਨੂੰ ਕਿਹਾ ਕਿ ਤੁਸੀ ਮੈਨੂੰ ਹਰ-ਰੋਜ਼ ਪ੍ਰੇਸ਼ਾਨ ਕਰ ਰਹੇ ਹੋ। ਤੁਹਾਡੇ ਕੋਲ ਮਰੀਜ਼ ਹਨ ਪਰ ਮੈਂ ਵੀ ਤੁਹਾਨੂੰ ਮਰੀਜ਼ ਦੇਖਣ ਲਈ ਹੀ ਕਹਿ ਰਿਹਾ ਹਾਂ।
ਇਸ ਗੱਲ ਨਾਲ ਡਾਕਟਰ ਗ਼ੁੱਸੇ ਵਿਚ ਆ ਗਿਆ ਅਤੇ ਉਸ ਨੇ ਕਿਹਾ ਕਿ ਤੁਸੀਂ ਆਪਣੇ-ਆਪ ਹੀ ਇਲਾਜ ਕਰ ਲਓ। ਇਸ ਦੌਰਾਨ ਰਿੰਕਲ ਨੂੰ ਅਚਾਨਕ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਿਆ। ਮੈਂ ਉਸ ਨੂੰ ਲੈ ਕੇ ਮੈਡੀਸ਼ਨ ਵਾਰਡ ਵਿਚ ਚਲਾ ਗਿਆ। ਇਸ ਦੇ ਬਾਅਦ ਸਰਜਰੀ ਵਿਭਾਗ ਦੇ ਇਸ ਡਾਕਟਰ ਨੂੰ ਅਪੀਲ ਕੀਤੀ ਕਿ ਉਹ ਘੱਟ ਤੋਂ ਘੱਟ ਇਕ ਵਾਰ ਤਾਂ ਰਿੰਕਲ ਨੂੰ ਵੇਖ ਲੈਣ। ਇਸ 'ਤੇ ਡਾਕਟਰ ਅੱਗ-ਬਬੂਲਾ ਹੋ ਗਿਆ। ਉਸ ਨੇ ਮੇਰੇ ਹੱਥ 'ਚੋਂ ਓ. ਪੀ. ਡੀ. ਸਲਿੱਪ ਫੜੀ ਅਤੇ ਪਾੜ ਦਿੱਤੀ।
ਇਸ ਦੇ ਬਾਅਦ ਦੁਰਵਿਵਹਾਰ ਵੀ ਕੀਤਾ। ਮੈਂ ਡਾਕਟਰ ਦੀ ਸ਼ਿਕਾਇਤ ਸਰਜਰੀ ਵਿਭਾਗ ਦੇ ਮੁਖੀ ਡਾ. ਬਲਦੇਵ ਨਾਲ ਕੀਤੀ। ਉਨ੍ਹਾਂ ਨੇ ਡਾਕਟਰ ਨੂੰ ਸੱਦ ਕੇ ਪੁੱਛਿਆ ਤਾਂ ਉਸ ਨੇ ਦੁਰਵਿਵਹਾਰ ਕਰਨ ਅਤੇ ਓ. ਪੀ. ਡੀ. ਸਲਿੱਪ ਪਾੜਨ ਦੀ ਗੱਲ ਤੋਂ ਮਨਾ ਕਰ ਦਿੱਤਾ। ਇਸ ਸਬੰਧ ਵਿਚ ਜਦੋਂ ਵਾਰਡ ਦੇ ਇੰਚਾਰਜ ਡਾ. ਬਲਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਈ ਵਾਰ ਮਰੀਜ਼ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਡਾਕਟਰ ਆਪਣਾ ਵਾਰਡ ਛੱਡ ਨਹੀਂ ਸਕਦੇ। ਮੈਂ ਰਿੰਕਲ ਦੇ ਇਲਾਜ ਦੀ ਵਿਵਸਥਾ ਕਰਵਾ ਦਿੱਤੀ ਹੈ।