NRIs ਨੂੰ ਆਪਣਾ ਪਾਸਪੋਰਟ ਵਾਪਸ ਲੈਣ ਲਈ ਹੋਣਾ ਪੈ ਰਿਹਾ ਖੱਜਲ-ਖੁਆਰ!
Friday, Aug 21, 2020 - 02:05 PM (IST)
ਸੁਲਤਾਨਪੁਰ ਲੋਧੀ(ਧੀਰ) - ਵਿਦੇਸ਼ਾਂ ਤੋਂ ਆਉਣ ਵਾਲੇ ਐੱਨ. ਆਰ. ਆਈ. ਵੀਰਾਂ ਨੂੰ ਉਨ੍ਹਾਂ ਦੇ ਪਾਸਪੋਰਟ ਵਾਪਸ ਦੇਣ ਸਮੇਂ ਪ੍ਰਸ਼ਾਸਨਿਕ ਅਮਲੇ ਵਲੋਂ ਬਹੁਤ ਹੀ ਖੱਜਲ-ਖੁਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ।
ਪ੍ਰੈੱਸ ਨੂੰ ਇਹ ਜਾਣਕਾਰੀ ਸੰਮਤੀ ਮੈਂਬਰ ਤੇ ਐੱਨ. ਆਰ. ਆਈ. ਇੰਦਰਜੀਤ ਸਿੰਘ ਲਿਫਟਰ ਟਿੱਬਾ ਨੇ ਦਿੰਦਿਆਂ ਦੱਸਿਆ ਕਿ ਉਹ ਕਰੀਬ 2 ਮਹੀਨੇ ਪਹਿਲਾਂ 16 ਜੂਨ ਨੂੰ ਜਰਮਨੀ ਦੇ ਵਿਦੇਸ਼ੀ ਦੌਰੇ ਤੋਂ ਵਾਪਸ ਆਪਣੇ ਪਿੰਡ ਟਿੱਬਾ ਹਲਕਾ ਸੁਲਤਾਨਪੁਰ ਲੋਧੀ ’ਚ ਆਇਆ ਸੀ। ਕੋਰੋਨਾ ਮਹਾਮਾਰੀ ਕਾਰਨ ਉਨ੍ਹਾਂ ਪਾਸਪੋਰਟ ਦਿੱਲੀ ਏਅਰਪੋਰਟ ਅਥਾਰਟੀ ਨੇ ਰੱਖ ਲਿਆ ਅਤੇ ਕਿਹਾ ਕਿ ਤੁਹਾਡੇ ਪਾਸਪੋਰਟ ਤੁਹਾਨੂ ਵਾਪਸ ਤੁਹਾਡੇ ਜ਼ਿਲ੍ਹੇ ਦੇ ਡੀ. ਸੀ. ਦਫਤਰ ਤੋਂ ਪ੍ਰਾਪਤ ਹੋਣਗੇ। ਇਸ ਦੌਰਾਨ ਕੋਈ ਵੀ ਪ੍ਰੇਸ਼ਾਨੀ ਆਉਣ ’ਤੇ ਇਕ ਫੋਨ ਨੰਬਰ ਵੀ ਦਿੱਤਾ।
ਲਿਫਟਰ ਨੇ ਦੱਸਿਆ ਕਿ ਦਿੱਲੀ ਤੋਂ ਵਾਪਸ ਪਰਤਨ ਤੋਂ ਬਾਅਦ ਉਸਨੂੰ ਪਹਿਲਾਂ ਗੁਰਦੁਆਰਾ ਬੇਰ ਸਾਹਿਬ ਦੇ ਬੇਬੇ ਨਾਨਕੀ ਨਿਵਾਸ ’ਤੇ ਫਿਰ ਰਿਪੋਰਟ ਨੈਗੇਟਿਵ ਆਉਣ ’ਤੇ 12 ਦਿਨ ਹੋਮ ਕੁਆਰੰਟਾਈਨ ਕੀਤਾ ਗਿਆ।
ਪਾਸਪੋਰਟ ਲੈਣ ਲਈ ਜਦੋਂ ਉਨ੍ਹਾਂ ਦਿੱਲੀ ਏਅਰਪੋਰਟ ਅਥਾਰਟੀ ਵੱਲੋਂ ਦਿੱਤੇ ਫੋਨ ਨੰ. ’ਤੇ ਸੰਪਰਕ ਕੀਤਾ ਤਾਂ ਅੱਗਿਓ ਜਵਾਬ ਮਿਲਿਆ ਕਿ ਤੁਹਾਡਾ ਪਾਸਪੋਰਟ ਤੁਹਾਡੇ ਜ਼ਿਲ੍ਹੇ ਵੱਲੋਂ ਹਾਲੇ ਤੱਕ ਕੋਈ ਲੈਣ ਨਹੀਂ ਆਇਆ ਅਤੇ ਪਾਸਪੋਰਟ ਲੈਣ ਲਈ ਤੁਸੀ ਜ਼ਿਲ੍ਹਾ ਦਫਤਰ ਨਾਲ ਸੰਪਰਕ ਕਰੋ। ਸੰਮਤੀ ਮੈਂਬਰ ਨੇ ਦੱਸਿਆ ਕਿ ਡੀ. ਸੀ. ਦਫਤਰ ਤੋਂ ਪਤਾ ਲੱਗਿਆ ਗਿਆ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਨੰਦ ਕਾਲਜ ਆਰ. ਸੀ. ਐੱਫ. ਵਿਖੇ ਆਪਣਾ ਅਮਲਾ ਬਿਠਾਇਆ ਹੋਇਆ ਹੈ। ਜਿਥੇ ਤੁਸੀਂ ਪਾਸਪੋਰਟ ਪ੍ਰਾਪਤ ਕਰ ਸਕਦੇ ਹੋ। ਜਦੋਂ ਉਹ ਅਨੰਦ ਕਾਲਜ ਵਿਖੇ ਪਾਸਪੋਰਟ ਲੈਣ ਪੁੱਜਾ ਤਾਂ ਉਸਨੂੰ ਕਿਹਾ ਗਿਆ, ਜਿਸ ਸਥਾਨ ’ਤੇ ਤੁਸੀਂ ਕੁਆਰੰਟਾਈਨ ਹੋਏ ਸੀ ਉਥੇ ਦੇ ਸਿਹਤ ਵਿਭਾਗ ਦੀ ਰਿਪੋਰਟ ਲੈ ਕੇ ਆਓ। ਜਿਸ ’ਤੇ ਉਸਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵਲੋਂ ਉਸਨੂੰ ਰਿਪੋਰਟ ਅਤੇ ਕੁਆਰਟਾਈਨ ਸਬੰਧੀ ਵਿਭਾਗ ਵੱਲੋਂ ਜਾਰੀ ਪ੍ਰੋਫਾਰਮਾ ਦਿੱਤਾ ਗਿਆ। ਜਿਸ ਨੂੰ ਲੈ ਕੇ ਫਿਰ ਅਨੰਦ ਕਾਲਜ ਆਇਆ ਤਾਂ ਪ੍ਰਸ਼ਾਸਨਿਕ ਅਮਲੇ ਨੇ ਕਿਹਾ ਕਿ ਇਹ ਠੀਕ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਉਸਨੇ ਕਿਹਾ ਕਿ ਉਸਦੀ ਰਿਪੋਰਟ ਨੈਗੇਟਿਵ ਹੈ ਅਤੇ ਸਿਹਤ ਵਿਭਾਗ ਵਲੋਂ ਪੌਰੋਫਾਰਮਾ ਵੀ ਦਿੱਤਾ ਗਿਆ ਹੈ ਤਾਂ ਮੈਨੂੰ ਮੇਰਾ ਪਾਸਪੋਰਟ ਦਿੱਤਾ ਜਾਵੇ। ਜਿਸ ਤੋਂ ਬਾਅਦ ਕਾਫੀ ਮੁਸ਼ੱਕਤ ਤੋਂ ਬਾਅਦ ਉਸਨੂੰ ਉਸਦਾ ਪਾਸਪੋਰਟ ਵਾਪਸ ਮਿਲਿਆ। ਐੱਨ. ਆਰ. ਆਈ. ਲਿਫਟਰ ਨੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਤੋਂ ਮੰਗ ਕੀਤੀ ਕਿ ਉਹ ਐੱਨ. ਆਰ. ਆਈ. ਵੀਰਾਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਹੁਕਮ ਜਾਰੀ ਕਰਨ।
ਮਾਮਲੇ ਜਾਂਚ ਗੰਭੀਰਤਾ ਨਾਲ ਕੀਤੀ ਜਾਵੇਗੀ : ਡੀ. ਸੀ.
ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਦਿਪਤੀ ਉੱਪਲ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨਗੇ ਤਾਂ ਜੋ ਅੱਗੇ ਤੋਂ ਕਿਸੇ ਐੱਨ. ਆਰ. ਆਈ. ਨੂੰ ਪਾਸਪੋਰਟ ਲੈਣ ਲਈ ਖੱਜਲ-ਖੁਆਰ ਨਾ ਹੋਣਾ ਪਵੇ।