NRI ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ, ਜਨਾਨੀ ਸਮੇਤ 2 ਮੁਲਜ਼ਮ ਗ੍ਰਿਫ਼ਤਾਰ, ਇਕ ਦੀ ਭਾਲ ਜਾਰੀ
Wednesday, May 04, 2022 - 01:03 PM (IST)
ਤਰਨਤਾਰਨ (ਰਮਨ)- ਬੀਤੀ 24 ਅਪ੍ਰੈਲ ਦੀ ਦੇਰ ਰਾਤ ਐੱਨ. ਆਰ. ਆਈ. ਨੌਜਵਾਨ ਦੀ ਗੋਲੀ ਮਾਰ ਹੱਤਿਆ ਕਰਨ ਦੇ ਮਾਮਲੇ ਨੂੰ ਪੁਲਸ ਵਲੋਂ ਟਰੇਸ ਕਰ ਲਿਆ ਗਿਆ ਹੈ। ਇਸ ਬਾਬਤ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਇਕ ਜਨਾਨੀ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਨਾਲ ਸਬੰਧਤ ਨਾਮਜ਼ਦ ਇਕ ਹੋਰ ਫਰਾਰ ਮੁਲਜ਼ਮ ਦੀ ਭਾਲ ਜਾਰੀ ਹੈ, ਜਿਸ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਲਸ ਨੇ ਮੁਲਜ਼ਮਾਂ ਦਾ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਸੀ ਮਾਮਲਾ
ਜਾਣਕਾਰੀ ਅਨੁਸਾਰ ਜਤਿੰਦਰਪਾਲ ਸਿੰਘ (24) ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਪਿੰਡ ਸੁਹਾਵਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਕਰੀਬ 4 ਸਾਲ ਪਹਿਲਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ’ਚ ਪੜ੍ਹਾਈ ਲਈ ਗਿਆ ਸੀ, ਜਿੱਥੇ ਪਾਰਟ ਟਾਈਮ ਲਈ ਉਹ ਡਰਾਈਵਰੀ ਦਾ ਕੰਮ ਕਰਨ ਲੱਗ ਪਿਆ। ਬੀਤੀ 15 ਅਪ੍ਰੈਲ ਨੂੰ ਅਚਾਨਕ ਭਾਰਤ ਪੁੱਜੇ ਜਤਿੰਦਰਪਾਲ ਸਿੰਘ ਨੂੰ ਵੇਖ ਘਰ ’ਚ ਖੁਸ਼ੀਆਂ ਭਰਿਆ ਮਾਹੌਲ ਬਣ ਗਿਆ। 24 ਅਪ੍ਰੈਲ ਦੀ ਰਾਤ ਨੂੰ ਜਤਿੰਦਰਪਾਲ ਸਿੰਘ ਆਪਣੇ ਦੋਸਤ ਜਸਲੀਨ ਸਿੰਘ, ਜੁਨੇਜਾ ਪਾਲ ਸਿੰਘ, ਗੁਰਜੀਤ ਸਿੰਘ ਨਾਲ ਆਪਣੀ ਨਵੀਂ ਖਰੀਦੀ ਸਕਾਰਪੀਓ ਗੱਡੀ ’ਤੇ ਸਵਾਰ ਹੋ ਤਰਨਤਾਰਨ ਆਇਆ। ਇਕ ਹੋਟਲ ’ਚ ਖਾਣਾ ਖਾਣ ਤੋਂ ਬਾਅਦ ਉਕਤ ਸਾਰੇ ਨੌਜਵਾਨ ਜਦੋਂ ਰਾਤ ਕਰੀਬ ਸਾਢੇ ਗਿਆਰਾਂ ਵਜੇ ਘਰ ਪਰਤ ਰਹੇ ਸਨ ਤਾਂ ਚਾਰ ਖੰਭਾ ਚੌਂਕ ਵਿਖੇ 2 ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ’ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ। ਇਕ ਗੋਲੀ ਕਾਰ ਸਵਾਰ ਜਤਿੰਦਰਪਾਲ ਸਿੰਘ ਦੇ ਲੱਗ ਗਈ। ਜ਼ਖ਼ਮੀ ਹਾਲਤ ’ਚ ਦੋਸਤਾਂ ਵਲੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਇਸ ਸਬੰਧ ’ਚ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਭਾਲ ਸ਼ੁਰੂ ਕਰ ਦਿੱਤੀ।
ਮੁਲਜ਼ਮਾਂ ਨੇ ਗੁਨਾਹ ਕਬੂਲਿਆ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਮਨਜਿੰਦਰ ਸਿੰਘ ਉਰਫ ਮਨੀ ਪੁੱਤਰ ਇਕਬਾਲ ਸਿੰਘ ਵਾਸੀ ਜੋਧਪੁਰ ਅਤੇ ਲਖਵਿੰਦਰ ਕੌਰ ਉਰਫ ਨਿੱਕੀ ਪਤਨੀ ਪ੍ਰਗਟ ਸਿੰਘ ਵਾਸੀ ਨਿਊ ਦੀਪ ਐਵੇਨਿਊ ਤਰਨਤਾਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਨੇ ਸ਼ੁਰੂਆਤੀ ਜਾਂਚ ਵਿਚ ਕਬੂਲ ਕੀਤਾ ਹੈ ਕਿ ਜਤਿੰਦਰਪਾਲ ਸਿੰਘ ਦਾ ਕਤਲ ਉਨ੍ਹਾਂ ਵੱਲੋਂ ਕਰਵਾਇਆ ਗਿਆ ਹੈ।
ਐੱਸ. ਐੱਸ. ਪੀ ਢਿੱਲੋਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮਨਜਿੰਦਰ ਸਿੰਘ ਉਰਫ ਮਨੀ ਨੇ ਦੱਸਿਆ ਕਿ ਜਤਿੰਦਰਪਾਲ ਸਿੰਘ ਵੱਲੋਂ ਉਸ ਰਾਤ ਫੋਨ ’ਤੇ ਇਕ ਕੁੜੀ ਸਬੰਧੀ ਹੋਈ ਬਹਿਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਚੈਲੇਂਜ ਕੀਤੇ ਗਏ ਸਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਮਨੀ ਵੱਲੋਂ ਦਿੱਤੇ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਉਸ ਰਾਤ ਉਸ ਦੇ ਸਾਥੀ ਗੁਰਭੇਜ ਸਿੰਘ ਉਰਫ ਬਾਬਾ ਪੁੱਤਰ ਬਲਵਿੰਦਰ ਸਿੰਘ ਵਾਸੀ ਚੁਤਾਲਾ, ਜੋ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ, ਵੱਲੋਂ ਜਤਿੰਦਰਪਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਬਾਬਤ ਫ਼ਰਾਰ ਗੁਰਭੇਜ ਸਿੰਘ ਉਰਫ਼ ਬਾਬਾ ਜਿਸ ਦੇ ਸਬੰਧ ਮਾੜੇ ਅਨਸਰਾਂ ਨਾਲ ਪਾਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ, ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਭੇਜ ਸਿੰਘ ਉਰਫ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸ. ਪੀ. (ਆਈ) ਵਿਸ਼ਾਲਜੀਤ ਸਿੰਘ, ਥਾਣਾ ਮੁਖੀ ਬਲਜੀਤ ਕੌਰ, ਸਾਈਬਰ ਸੈੱਲ ਇੰਚਾਰਜ ਰਣਬੀਰ ਸਿੰਘ, ਏ.ਐੱਸ.ਆਈ ਵਿਪਨ ਕੁਮਾਰ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।