ਐੱਨ. ਆਰ. ਆਈ. ਨੇ ਪਤਨੀ ਦਾ ਕਤਲ ਕਰ ਕੀਤੀ ਖੁਦਕੁਸ਼ੀ
Saturday, Nov 24, 2018 - 01:45 PM (IST)

ਮੋਗਾ : ਇੱਥੇ ਬਰਿਆਨਾ ਪਿੰਡ ਦੇ ਐੱਨ. ਆਰ. ਆਈ. ਗੁਰਮੇਲ ਸਿੰਘ ਗੇਲਾ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਆਪਣੀ ਨੂੰਹ ਨੂੰ ਜ਼ਖਮੀਂ ਕਰਨ ਤੋਂ ਬਾਅਦ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਇਸ ਵਾਰਦਾਤ ਨੂੰ ਉਸ ਨੇ ਪਿੰਡ ਦੌਧਰ 'ਚ ਅੰਜਾਮ ਦਿੱਤਾ। ਨਿਹਾਲ ਸਿੰਘ ਵਾਲਾ ਦੇ ਡੀ. ਐੱਸ. ਪੀ. ਸੁਬੇਗ ਸਿੰਘ ਮੁਤਾਬਕ ਪੁਲਸ ਨੇ ਮਰਨ ਵਾਲੀ ਔਰਤ ਗੁਰਜੀਤ ਕੌਰ ਦੇ ਰਿਸ਼ਤੇਦਾਰ ਦੇ ਬਿਆਨ 'ਤੇ ਉਸ ਦੇ ਪਤੀ ਗੁਰਮੇਲ ਸਿੰਘ ਖਿਲਾਫ ਕਤਲ, ਕਾਤਲਾਨਾ ਹਮਲਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ। ਪੁਲਸ ਜਾਂਚ 'ਚ ਜੁੱਟੀ ਹੋਈ ਹੈ ਕਿ ਗੁਰਮੇਲ ਸਿੰਘ ਨੇ ਪਤਨੀ 'ਤੇ ਹਮਲਾ ਕਰਨ ਤੋਂ ਬਾਅਦ ਸਲਫਾਸ ਕਿਉਂ ਨਿਗਲ ਲਿਆ।
ਇਸ ਮਾਮਲੇ 'ਚ ਸ਼ਿਕਾਇਤ ਕਰਤਾ ਬੋਪਾਰਾਏ ਪਿੰਡ ਦੀ ਵਾਸੀ ਰਮਨਦੀਪ ਕੌਰ ਹੈ, ਜਿਸ ਦਾ ਵਿਆਹ 17 ਜਨਵਰੀ, 2018 ਨੂੰ ਦੌਧਰ ਪਿੰਡ ਦੇ ਗੁਰਵੀਰ ਸਿੰਘ (ਮ੍ਰਿਤਕ ਗੁਰਜੀਤ ਕੌਰ ਦਾ ਬੇਟਾ) ਹੈ, ਜੋ ਕਿ ਗੁਰਜੀਤ ਕੌਰ ਦੇ ਪਹਿਲੇ ਵਿਆਹ ਤੋਂ ਪੈਦਾ ਹੋਇਆ ਹੈ। ਅਸਲ 'ਚ ਗੁਰਜੀਤ ਕੌਰ ਦੇ ਪਹਿਲੇ ਪਤੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ 12 ਮਾਰਚ, 2017 ਨੂੰ ਬਰਿਆਨਾ ਪਿੰਡ ਦੇ ਐੱਨ. ਆਰ. ਆਈ. ਗੁਰਮੇਲ ਸਿੰਘ ਗੇਲਾ ਨਾਲ ਵਿਆਹ ਕਰਵਾ ਲਿਆ ਸੀ। ਇਸ ਦੇ ਕੁਝ ਦਿਨਾਂ ਬਾਅਦ ਹੀ ਗੁਰਮੇਲ ਸਿੰਘ ਵਿਦੇਸ਼ ਵਾਪਸ ਪਰਤ ਗਿਆ ਅਤੇ ਗੁਰਜੀਤ ਕੌਰ ਦੌਧਰ ਪਿੰਡ 'ਚ ਆਪਣੇ ਬੇਟੇ ਨਾਲ ਰਹਿਣ ਲੱਗੀ। ਗੁਰਮੇਲ ਸਿੰਘ 6 ਨਵੰਬਰ ਨੂੰ ਕੈਨੇਡਾ ਤੋਂ ਫਿਰ ਦੌਧਰ ਆ ਗਿਆ। ਸ਼ੁੱਕਰਵਾਰ ਨੂੰ ਗੁਰਮੇਲ ਸਿੰਘ ਨੇ ਆਪਣੀ ਪਤਨੀ ਗੁਰਜੀਤ ਨੂੰ ਫੋਨ ਕੀਤਾ ਕਿ ਉਹ ਸ਼ਿਮਲਾ ਘੁੰਮਣ ਜਾ ਰਿਹਾ ਹੈ।
ਉਹ ਸ਼ਾਮ ਨੂੰ 5 ਵਜੇ ਅਟੈਚੀ ਲੈ ਕੇ ਦੌਧਰ ਪਹੁੰਚ ਗਿਆ ਅਤੇ ਘਰ 'ਚ ਦਾਖਲ ਹੁੰਦੇ ਹੀ ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਰਮਨਦੀਪ ਕੌਰ ਆਪਣੀ ਸੱਸ ਨੂੰ ਬਚਾਉਣ ਲਈ ਅੱਗੇ ਵਧੀ ਤਾਂ ਗੁਰਮੇਲ ਸਿੰਘ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ। ਉਨ੍ਹਾਂ ਦੋਹਾਂ ਨੂੰ ਮਰਿਆ ਹੋਇਆ ਸਮਝ ਕੇ ਗੁਰਮੇਲ ਸਿੰਘ ਨੇ ਖੁਦ ਵੀ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਗੁਰਜੀਤ ਕੌਰ ਤੇ ਉਸ ਦੀ ਨੂੰਹ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਗੁਰਜੀਤ ਕੌਰ ਦੀ ਮੌਤ ਹੋ ਗਈ।