ਵਿਆਹ ਦੇ ਸਾਲ ਬਾਅਦ NRI ਪਤੀ ਨੇ ਵਿਖਾਏ ਅਸਲੀ ਰੰਗ, ਕੀਤਾ ਉਹ ਜੋ ਸੋਚਿਆ ਨਾ ਸੀ
Monday, Nov 25, 2024 - 07:17 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਨ ਵਾਲੇ ਪ੍ਰਵਾਸੀ ਭਾਰਤੀ ਪਤੀ ਅਤੇ ਸੱਸ ਖ਼ਿਲਾਫ਼ ਥਾਣਾ ਸਦਰ ਦੀ ਪੁਲਸ ਨੇ ਦਾਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਸੰਦੀਪ ਕੌਰ ਪੁੱਤਰੀ ਸੋਹਣ ਸਿੰਘ ਵਾਸੀ ਪਿੰਡ ਮੋਜੋਵਾਲ ਮਜਾਰਾ ਤਹਿਸੀਲ ਬਲਾਚੌਰ ਨੇ ਦੱਸਿਆ ਕਿ ਉਸ ਨੇ ਐੱਮ. ਏ. ਬੀ. ਐੱਡ. ਦੀ ਪੜ੍ਹਾਈ ਕੀਤੀ ਹੈ। ਉਸ ਦਾ ਵਿਆਹ 7 ਜਨਵਰੀ 2018 ਨੂੰ ਜਸਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਹਾਲ ਵਾਸੀ ਜਰਮਨ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਤਹਿਤ ਸੰਪੰਨ ਹੋਇਆ ਸੀ।
ਉਸ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਵਿਆਹ ਵੇਲੇ ਬਰਾਤ ਦੀ ਮੇਜ਼ਬਾਨੀ ਕਰਨ ਲਈ ਆਪਣੀ ਹੈਸੀਅਤ ਤੋਂ ਵੱਧ ਕੀਤੀ ਸੀ ਅਤੇ ਵਿਆਹ ਵਿਚ ਉਸ ਨੂੰ ਸੋਨੇ ਸਮੇਤ ਮਹਿੰਗੇ ਤੋਹਫ਼ੇ ਦਿੱਤੇ ਸਨ। ਉਸ ਨੇ ਦੱਸਿਆ ਕਿ ਉਸ ਦਾ ਪਤੀ ਵਿਆਹ ਤੋਂ ਇਕ ਮਹੀਨੇ ਬਾਅਦ ਜਰਮਨੀ ਚਲਾ ਗਿਆ ਸੀ। ਵਿਆਹ ਤੋਂ ਬਾਅਦ ਕੁਝ ਸਮੇਂ ਤੱਕ ਉਸ ਦੇ ਪਤੀ ਅਤੇ ਸਹੁਰਿਆਂ ਦਾ ਵਿਵਹਾਰ ਉਸ ਨਾਲ ਠੀਕ ਰਿਹਾ, ਪਰ ਬਾਅਦ ਵਿਚ ਉਸ ਦਾ ਵਿਵਹਾਰ ਉਸ ਪ੍ਰਤੀ ਬਦਲ ਗਿਆ ਅਤੇ ਉਸ ਨੇ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਦੱਸਿਆ ਕਿ ਉਸਦਾ ਪਤੀ ਫਰਵਰੀ 2019 ਵਿੱਚ ਭਾਰਤ ਆਇਆ ਸੀ ਅਤੇ ਇੱਕ ਮਹੀਨਾ ਰਹਿਣ ਤੋਂ ਬਾਅਦ ਵਾਪਸ ਜਰਮਨੀ ਚਲਾ ਗਿਆ ਸੀ। ਉਸ ਨੇ ਦੱਸਿਆ ਕਿ 1 ਨਵੰਬਰ 2019 ਨੂੰ ਉਸ ਨੇ ਲੜਕੇ ਨੂੰ ਜਨਮ ਦਿੱਤਾ। ਬੇਟੇ ਦੇ ਜਨਮ ਤੋਂ ਬਾਅਦ ਉਸ ਦਾ ਪਤੀ ਕੁਝ ਸਮੇਂ ਤੱਕ ਉਸ ਨਾਲ ਗੱਲਾਂ ਕਰਦਾ ਰਿਹਾ।
ਇਹ ਵੀ ਪੜ੍ਹੋ- ਦੀਵਾਲੀ ਦੇ ਦਿਨ ਗੋਲ਼ੀਆਂ ਮਾਰ ਕੇ ਕਤਲ ਕੀਤੇ ਬਾਦਸ਼ਾਹ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ
ਉਸ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪਤੀ ਨੂੰ ਵਿਦੇਸ਼ ਬੁਲਾਉਣ ਲਈ ਕਾਗਜ਼ ਭੇਜਣ ਦੀ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਜਰਮਨ ਵਿਚ ਪੱਕਾ ਹੋਣ ਦੀ ਗੱਲ ਆਖੀ। ਉਸ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੇ ਪਤੀ ਦੇ ਵਿਆਹ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ। ਉਸ ਨੇ ਦੱਸਿਆ ਕਿ ਜਦੋਂ ਉਸ ਦੇ ਮਾਤਾ-ਪਿਤਾ ਇਸ ਸਬੰਧੀ ਗੱਲ ਕਰਨ ਲਈ ਉਸ ਦੇ ਸਹੁਰੇ ਘਰ ਗਏ ਤਾਂ ਉਸ ਦੀ ਸੱਸ ਨੇ ਉਨ੍ਹਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ।
ਉਸ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਆਪਣੇ ਨਾਨਕੇ ਘਰ ਰਹਿ ਰਹੀ ਹੈ ਅਤੇ ਪ੍ਰਾਈਵੇਟ ਨੌਕਰੀ ਕਰਕੇ ਆਪਣਾ ਅਤੇ ਆਪਣੇ ਪੁੱਤਰ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਉਸ ਦੇ ਸਹੁਰੇ ਪਰਿਵਾਰ ਦਾ ਕੋਈ ਮੈਂਬਰ ਉਸ ਨਾਲ ਗੱਲ ਨਹੀਂ ਕਰਦਾ ਅਤੇ ਨਾ ਹੀ ਉਸ ਦਾ ਕੋਈ ਖ਼ਰਚਾ ਅਦਾ ਕਰਦਾ ਹੈ। ਉਸ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਉਸ ਨੇ ਪਤਵੰਤਿਆਂ ਦੀ ਹਾਜ਼ਰੀ ਵਿਚ ਸਮਝੌਤਾ ਕਰ ਲਿਆ ਪਰ ਉਸ ਦਾ ਸਹੁਰਾ ਪਰਿਵਾਰ ਇਸ ਲਈ ਰਾਜ਼ੀ ਨਹੀਂ ਹੋਇਆ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਸਹੁਰਾ ਪਰਿਵਾਰ ਖ਼ਿਲਾਫ਼ ਕਾਨੂੰਨ ਤਹਿਤ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਉਪਰੋਕਤ ਸ਼ਿਕਾਇਤ ਦੀ ਪੜਤਾਲ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਦਰ ਬਲਾਚੌਰ ਦੀ ਪੁਲਸ ਨੇ ਔਰਤ ਦੇ ਪਤੀ ਜਸਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਫਿਰਨੀ ਮਜਾਰਾ ਹਾਲ ਜਰਮਨ ਅਤੇ ਮਹਿੰਦਰ ਕੌਰ ਪਤਨੀ ਮਹਿੰਦਰ ਕੌਰ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ। ਸੁਰਜੀਤ ਸਿੰਘ ਖ਼ਿਲਾਫ਼ ਧਾਰਾ 498-ਏ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਮੱਥਾ ਟੇਕ ਘਰ ਆਏ ਮੁੰਡੇ ਨੂੰ ਦੋਸਤਾਂ ਨੇ ਬਾਹਰ ਬੁਲਾਇਆ, ਫਿਰ ਮਾਪਿਆਂ ਨੂੰ ਆਏ ਫੋਨ ਨੇ ਉਡਾ 'ਤੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8