NRI ਪਤੀ-ਪਤਨੀ ਨੇ ਰਚਾਇਆ ਅਨੋਖਾ ਵਿਆਹ, 14 ਸਾਲ ਬਾਅਦ ਮਿਲਿਆ ਮੌਕਾ

01/17/2020 6:36:59 PM

ਭਵਾਨੀਗੜ, (ਵਿਕਾਸ) : ਪੰਜਾਬੀ ਜਿੱਥੇ ਵੀ ਵਸਦੇ ਹੋਣ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਦੇ ਜਿਸ ਦਾ ਸਬੂਤ ਪਿੰਡ ਬਾਲਦ ਖੁਰਦ ਦੇ ਇਕ ਨੌਜਵਾਨ ਨੇ ਦਿੱਤਾ। ਵਿਦੇਸ਼ ਜਾਣ ਤੋਂ ਬਾਅਦ ਕਈ ਲੋਕ ਆਪਣੀ ਮਿੱਟੀ ਆਪਣੇ ਪਰਿਵਾਰ, ਆਪਣੇ ਸਭਿਆਚਾਰ ਨੂੰ ਯਾਦ ਨਹੀਂ ਕਰਦੇ, ਉਥੇ ਹੀ ਕੁਝ ਅਜਿਹੇ ਲੋਕ ਵੀ ਹਨ, ਜਿਨ੍ਹਾਂ ਦੇ ਦਿਲ ਤੇ ਦਿਮਾਗ 'ਚ ਉਨ੍ਹਾਂ ਦੇ ਦੇਸ਼ ਦੀ ਮਿੱਟੀ ਉਨ੍ਹਾਂ ਦੀ ਆਪਣੀ ਸੱਭਿਅਤਾ ਘੁੰਮਦੀ ਰਹਿੰਦੀ ਹੈ। ਅਜਿਹਾ ਹੀ ਇਕ ਦਿਲਚਸਪ ਨਜ਼ਾਰਾ ਸਬ-ਡਵੀਜ਼ਨ ਦੇ ਪਿੰਡ ਭਵਾਨੀਗੜ ਬਾਲਦ ਖੁਰਦ 'ਚ ਵੇਖਣ ਨੂੰ ਮਿਲਿਆ, ਜਿਥੇ ਇਕ ਐਨ. ਆਰ. ਆਈ ਪਤੀ-ਪਤਨੀ ਨੇ ਪੰਜਾਬ ਆ ਕੇ ਪੰਜਾਬੀ ਸੱਭਿਆਚਾਰ ਤੇ ਰੀਤੀ ਰਿਵਾਜਾਂ ਅਨੁਸਾਰ 14 ਸਾਲ ਬਾਅਦ ਆਪਣੇ ਦੋ ਬੱਚਿਆਂ ਦੀ ਹਾਜ਼ਰੀ 'ਚ ਦੁਬਾਰਾ ਵਿਆਹ ਕਰਵਾਇਆ।

ਦਰਅਸਲ ਕਈ ਸਾਲ ਪਹਿਲਾਂ ਉਕਤ ਪਿੰਡ ਤੋਂ ਪੜਾਈ ਕਰਨ ਲਈ ਵੈਨਕੂਵਰ ਸਰੀ ਗਏ ਨੌਜਵਾਨ ਰਾਜੇਸ਼ ਕੁਮਾਰ ਕੌਸ਼ਲ ਦੀ ਮੁਲਾਕਾਤ ਉੱਥੇ ਨਵਾਂ ਸ਼ਹਿਰ ਦੇ ਪਿੰਡ ਬੰਗਾ ਦੀ ਸੀਮਾ ਰਾਣੀ ਨਾਲ ਹੋਈ। ਜਿਸ ਤੋਂ ਬਾਅਦ ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਤੇ ਵਿਦੇਸ਼ੀ ਰੀਤੀ ਰਿਵਾਜ਼ਾਂ ਨਾਲ ਦੋਵਾਂ ਨੇ ਵਿਆਹ ਦੇ ਬੰਧਨ ਵਿੱਚ ਆਪਣੇ ਆਪ ਨੂੰ ਬੰਨ੍ਹ ਲਿਆ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਸਮੇਂ ਦੋਵਾਂ ਨੇ ਇੱਕ ਗੱਲ ਪੱਲੇ ਬੰਨ੍ਹ ਲਈ ਸੀ ਕਿ ਉਹ ਯਕੀਨੀ ਤੌਰ 'ਤੇ ਪੰਜਾਬ 'ਚ ਜਾ ਕੇ ਪੰਜਾਬੀ ਰੀਤੀ-ਰਿਵਾਜ਼ਾਂ ਨਾਲ ਵਿਆਹ ਜ਼ਰੂਰ ਕਰਵਾਉਣਗੇ। ਇਸੇ ਤਹਿਤ ਹੁਣ ਜਦ ਉਹ ਪੰਜਾਬ ਆਏ ਤਾਂ ਪਰਿਵਾਰਾਂ 'ਚ ਉਨ੍ਹਾਂ ਦੇ ਵਿਆਹ ਦੀਆਂ ਤਿਆਰੀ ਕੀਤੀਆਂ ਗਈਆਂ ਤੇ ਉਹ ਗਾਜੇ-ਵਾਜੇ ਨਾਲ ਰਿਸ਼ਤੇਦਾਰਾਂ ਸਮੇਤ ਸੀਮਾ ਨੂੰ ਵਿਆਹੁਣ ਲਈ ਬਾਰਾਤ ਲੈ ਕੇ ਬੰਗਾ ਗਿਆ ਤੇ ਆ ਕੇ ਪਿੰਡ ਦੇ ਲੋਕਾਂ, ਦੋਸਤਾਂ, ਰਿਸ਼ਤੇਦਾਰਾਂ ਲਈ ਰਿਸ਼ੈਪਸ਼ਨ ਪਾਰਟੀ ਦਾ ਵੀ ਪ੍ਰਬੰਧ ਕੀਤਾ। ਰਾਜੇਸ਼ ਤੇ ਸੀਮਾ ਦੇ ਵਿਆਹ 'ਚ ਉਨ੍ਹਾਂ ਦੇ ਬੱਚਿਆਂ ਨੇ ਵੀ ਖੂਬ ਭੰਗੜੇ ਪਾਏ। ਰਾਜੇਸ਼ ਕੁਮਾਰ ਨੇ ਪੰਜਾਬ ਆ ਕੇ ਵਿਆਹ ਕਰਵਾਉਣ ਦੇ ਆਪਣੇ ਇਸ ਅਨੁਭਵ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਵਿਆਹ ਸਬੰਧੀ ਬੁਲਾਵਾ ਦੇਣ 'ਤੇ ਰਿਸ਼ਤੇਦਾਰਾਂ ਤੇ ਲੋਕਾਂ ਨੇ ਪਹਿਲਾਂ ਇਸ ਸਭ ਨੂੰ ਇਕ ਮਜ਼ਾਕ ਸਮਝਿਆ ਪਰ ਜਦੋਂ ਉਨ੍ਹਾਂ ਨੇ ਪਰਿਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ 'ਚ ਸ਼ਾਮਲ ਹੋਏ। ਓਧਰ ਇਲਾਕੇ 'ਚ ਇਸ ਐਨ. ਆਰ. ਆਈ. ਜੋੜੇ ਵਲੋਂ ਕਰਵਾਏ ਗਏ ਅਨੋਖੇ ਵਿਆਹ ਦੀ ਇਲਾਕੇ 'ਚ ਖੂਬ ਚਰਚਾ ਹੈ।


Related News