ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ਬਰ, 3 ਅਗਸਤ ਤੱਕ ਮਿਲਿਆ ਮੌਕਾ

Wednesday, Jul 29, 2026 - 11:25 AM (IST)

ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ਬਰ, 3 ਅਗਸਤ ਤੱਕ ਮਿਲਿਆ ਮੌਕਾ

ਲੁਧਿਆਣਾ (ਵਿੱਕੀ) : ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਪੰਜਾਬ ਵੱਲੋਂ ਸਟੇਟ ਟੀਚਰ ਅਵਾਰਡ, ਯੰਗ ਟੀਚਰ ਅਵਾਰਡ, ਐਡਮਿਨਿਸਟ੍ਰੇਟਿਵ ਅਵਾਰਡ ਅਤੇ ਸਪੈਸ਼ਲ ਟੀਚਰ ਅਵਾਰਡ ਲਈ ਆਨਲਾਈਨ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਯੋਗ ਅਧਿਆਪਕ, ਸਕੂਲ ਮੁਖੀ ਤੇ ਪ੍ਰਬੰਧਕੀ ਅਧਿਕਾਰੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ epunjabschool.gov.in ’ਤੇ 3 ਅਗਸਤ ਤੱਕ ਆਨਲਾਈਨ ਨਾਮਜ਼ਦਗੀ ਕਰ ਸਕਦੇ ਹਨ। ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਅਨੁਸਾਰ ਕੋਈ ਵੀ ਅਧਿਆਪਕ, ਸਕੂਲ ਮੁਖੀ ਜਾਂ ਪ੍ਰਬੰਧਕ ਖ਼ੁਦ ਆਪਣੇ ਲਈ ਅਵਾਰਡ ਦੀ ਅਰਜ਼ੀ ਨਹੀਂ ਦੇ ਸਕੇਗਾ। ਕਿਸੇ ਵੀ ਅਧਿਆਪਕ ਜਾਂ ਸਕੂਲ ਮੁਖੀ ਦੀ ਨਾਮਜ਼ਦਗੀ ਕੋਈ ਦੂਜਾ ਅਧਿਆਪਕ, ਸਕੂਲ ਮੁਖੀ ਜਾਂ ਇੰਚਾਰਜ ਹੀ ਕਰ ਸਕਦਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਜਿਵੇਂ ਜ਼ਿਲ੍ਹਾ ਸਿੱਖਿਆ ਅਫ਼ਸਰ, ਸਹਾਇਕ ਡਾਇਰੈਕਟਰ, ਡਿਪਟੀ ਡਾਇਰੈਕਟਰ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਤੇ ਸਿੱਖਿਆ ਸਕੱਤਰ ਵੀ ਕਿਸੇ ਵੀ ਯੋਗ ਅਧਿਆਪਕ ਜਾਂ ਅਧਿਕਾਰੀ ਦਾ ਨਾਂ ਨਾਮਜ਼ਦ ਕਰ ਸਕਦੇ ਹਨ। ਨਾਮਜ਼ਦਗੀ ਕਰਨ ਵਾਲੇ ਵਿਅਕਤੀ ਨੂੰ ਘੱਟੋ-ਘੱਟ 250 ਸ਼ਬਦਾਂ ’ਚ ਹੱਥ ਨਾਲ ਲਿਖੀ ਰਿਪੋਰਟ ਵੈੱਬਸਾਈਟ ’ਤੇ ਅਪਲੋਡ ਕਰਨੀ ਹੋਵੇਗੀ ਕਿ ਉਹ ਸਬੰਧਤ ਵਿਅਕਤੀ ਨੂੰ ਇਸ ਪੁਰਸਕਾਰ ਲਈ ਕਿਉਂ ਚੁਣ ਰਹੇ ਹਨ।

ਇਹ ਵੀ ਪੜ੍ਹੋ : ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ

ਵੱਖ-ਵੱਖ ਸ਼੍ਰੇਣੀਆਂ ਲਈ ਤੈਅ ਯੋਗਤਾ ਸ਼ਰਤਾਂ

ਸਟੇਟ ਟੀਚਰ ਅਵਾਰਡ ਲਈ ਉਹ ਸਾਰੇ ਸਕੂਲ ਮੁਖੀ, ਇੰਚਾਰਜ, ਪ੍ਰਬੰਧਕ ਤੇ ਅਧਿਆਪਕ ਪਾਤਰ ਹੋਣਗੇ, ਜਿਨ੍ਹਾਂ ਦੀ ਰੈਗੂਲਰ ਸਰਵਿਸ ਅਰਜ਼ੀ ਦੀ ਮਿਤੀ ਤੱਕ ਘੱਟੋ-ਘੱਟ 10 ਸਾਲ ਪੂਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਮਗਰ ਸਿੱਖਿਆ ਅਤੇ ਪਿਕਟਸ ਦੇ ਤਹਿਤ ਕੰਮ ਕਰਨ ਵਾਲੇ ਅਧਿਆਪਕ ਵੀ ਜੇਕਰ 10 ਸਾਲ ਦੀ ਸੇਵਾ ਪੂਰੀ ਕਰਦੇ ਹਨ ਤਾਂ ਉਹ ਪਾਤਰ ਹੋਣਗੇ। 3 ਸਾਲ ਤੋਂ ਵੱਧ ਤੇ 10 ਸਾਲ ਤੋਂ ਘੱਟ ਦੀ ਰੈਗੂਲਰ ਸਰਵਿਸ ਵਾਲੇ ਅਤੇ ਪ੍ਰੋਬੇਸ਼ਨ ਪੂਰਾ ਕਰ ਚੁੱਕੇ ਅਧਿਆਪਕ ਯੰਗ ਟੀਚਰ ਅਵਾਰਡ ਲਈ ਨਾਮਜ਼ਦ ਕੀਤੇ ਜਾ ਸਕਦੇ ਹਨ। ਐਡਮਿਨਿਸਟ੍ਰੇਟਿਵ ਅਵਾਰਡ ਲਈ ਮੁੱਖ ਦਫ਼ਤਰ ਦੇ ਸਿੱਖਿਆ ਅਫ਼ਸਰ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਤੇ ਐਲੀਮੈਂਟਰੀ), ਉਪ ਜ਼ਿਲਾ ਸਿੱਖਿਆ ਅਫ਼ਸਰ, ਡਾਇਟ ਪ੍ਰਿੰਸੀਪਲ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀ.ਪੀ.ਈ.ਓ.), ਜਿਨ੍ਹਾਂ ਨੇ ਆਪਣੀ ਪੋਸਟ ’ਤੇ ਘੱਟੋ-ਘੱਟ 1 ਸਾਲ ਕੰਮ ਕੀਤਾ ਹੋਵੇ, ਉਹ ਪਾਤਰ ਹਨ। ਉੱਥੇ ਹੀ 7 ਅਕਤੂਬਰ 2022 ਦੀ ਪਾਲਿਸੀ ਤਹਿਤ ਸ਼ਾਮਲ ਕੀਤੇ ਅਧਿਆਪਕਾਂ ਲਈ ਸਪੈਸ਼ਲ ਟੀਚਰ ਅਵਾਰਡ ਤੈਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਬਿਜਲੀ ਵਿਭਾਗ ਨੇ ਜੇ. ਈ. 'ਤੇ ਕੀਤੀ ਵੱਡੀ ਕਾਰਵਾਈ, ਇਸ ਕਾਰਣ ਲਿਆ ਐਕਸ਼ਨ

ਸਕ੍ਰੀਨਿੰਗ ਅਤੇ ਫਿਜ਼ੀਕਲ ਵੈਰੀਫਿਕੇਸ਼ਨ ਪ੍ਰਕਿਰਿਆ

ਪ੍ਰਾਪਤ ਸਾਰੀਆਂ ਨਾਮਜ਼ਦਗੀਆਂ ਦੀ ਐੱਮ.ਆਈ.ਐੱਸ. ਵਿੰਗ ਵੱਲੋਂ ਸਕਰੂਟਨੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਜ਼ਿਲ੍ਹਾ ਪੱਧਰ ’ਤੇ ਡੀ.ਈ.ਓ. ਦੀ ਪ੍ਰਧਾਨਗੀ ਵਾਲੀ ਕਮੇਟੀ ਵੱਲੋਂ ਫਿਜ਼ੀਕਲ ਵੈਰੀਫਿਕੇਸ਼ਨ ਤੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਜਿਨ੍ਹਾਂ ਅਧਿਕਾਰੀਆਂ ਜਾਂ ਅਧਿਆਪਕਾਂ ’ਤੇ ਕੋਈ ਵਿਭਾਗੀ ਜਾਂਚ, ਚਾਰਜਸ਼ੀਟ ਜਾਂ ਹੋਰ ਗੰਭੀਰ ਮਾਮਲੇ ਵਿਚਾਰਅਧੀਨ ਹੋਣਗੇ, ਉਹ ਇਸ ਪੁਰਸਕਾਰ ਲਈ ਯੋਗ ਨਹੀਂ ਮੰਨੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਲਾਟਾਂ ਦੇ ਮਾਲਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ

5 ਸਤੰਬਰ ਨੂੰ ਅਧਿਆਪਕ ਦਿਵਸ ’ਤੇ ਮਿਲੇਗਾ ਸਨਮਾਨ

ਸ਼ਾਰਟਲਿਸਟ ਕੀਤੇ ਗਏ ਅਧਿਆਪਕਾਂ ਤੇ ਅਧਿਕਾਰੀਆਂ ਨੂੰ ਅੰਤਿਮ ਚੋਣ ਤੋਂ ਪਹਿਲਾਂ ਰਾਜ ਪੱਧਰੀ ਕਮੇਟੀ ਅੱਗੇ ਪਾਵਰਪੁਆਇੰਟ ਪ੍ਰੈਜ਼ੈਂਟੇਸ਼ਨ ਦੇਣੀ ਹੋਵੇਗੀ। ਅੰਤਿਮ ਰੂਪ ’ਚ ਚੁਣੇ ਅਧਿਆਪਕਾਂ ਨੂੰ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਅਵਸਰ ’ਤੇ ਰਾਜ ਪੱਧਰੀ ਸਮਾਗਮ ’ਚ ਸਨਮਾਨਿਤ ਕੀਤਾ ਜਾਵੇਗਾ। ਸਟੇਟ ਟੀਚਰ ਅਵਾਰਡ ਜੇਤੂਆਂ ਨੂੰ ਸਰਵਿਸ ’ਚ 1 ਸਾਲ ਦੀ ਐਕਸਟੈਂਸ਼ਨ ਦਿੱਤੀ ਜਾਵੇਗੀ, ਜਦਕਿ ਹੋਰਨਾਂ ਸ਼੍ਰੇਣੀਆਂ ’ਚ ਮੈਡਲ, ਸ਼ਾਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਬੰਦ ਦੀ ਕਾਲ, ਕਈ ਸਕੂਲਾਂ ਵਿਚ ਕੀਤੀ ਗਈ ਛੁੱਟੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News