ਐੱਨ. ਆਰ. ਆਈ. ਦੀ ਜ਼ਮੀਨ ਹੜੱਪਣ ਦਾ ਯਤਨ ਕਰਨ ਵਾਲੇ 2 ਪ੍ਰਾਪਰਟੀ ਡੀਲਰ ਗ੍ਰਿਫ਼ਤਾਰ
Saturday, Mar 26, 2022 - 06:08 PM (IST)
ਲੁਧਿਆਣਾ (ਰਿਸ਼ੀ) : ਪਿੰਡ ਗੋਇੰਦਵਾਲ ਸਾਹਿਬ ਵਿਚ ਐੱਨ. ਆਰ. ਆਈ. ਦੀ ਜ਼ਮੀਨ ਹੜੱਪਣ ਦਾ ਯਤਨ ਕਰਨ ਦੇ ਮਾਮਲੇ ਵਿਚ 24 ਜੁਲਾਈ 2021 ਨੂੰ ਦਰਜ ਐੱਫ. ਆਈ. ਆਰ. ’ਚ ਐੱਨ. ਆਰ. ਆਈ. ਪੁਲਸ ਸਟੇਸ਼ਨ ਅੰਮ੍ਰਿਤਸਰ ਦੀ ਪੁਲਸ ਨੇ ਡੀ. ਸੀ. ਪ੍ਰਾਪਰਟੀ ਡੀਲਰ ਦੇ ਕੁਲਵੰਤ ਸਿੰਘ ਅਤੇ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਕਾਂਗਰਸੀ ਨੇਤਾ ਬਿੱਟੂ ਚੋਪੜਾ ਅਜੇ ਵੀ ਫਰਾਰ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਵਿਜੇ ਕੁਮਾਰ ਮੁਤਾਬਕ ਫੜੇ ਗਏ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 2-2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਤੋਂ ਕਈ ਜਾਅਲੀ ਦਸਤਾਵੇਜ਼ ਵੀ ਬਰਾਮਦ ਹੋਏ ਹਨ।
ਜ਼ਿਕਰਯੋਗ ਹੈ ਕਿ 11 ਮਈ 2021 ਨੂੰ ਏ. ਡੀ. ਜੀ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਨਾਰਥ ਵੈਨਕੁਵਰ ਡੇਹਰੀ ਕਵੀਨ ਦੇ ਰਹਿਣ ਵਾਲੇ ਗੀਤੀਸ਼ ਭੱਲਾ ਦੇ ਪਿਤਾ ਬਾਵਾ ਹਰੀਸ਼ ਸਿੰਘ ਭੱਲਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਲਗਭਗ 2 ਏਕੜ ਜ਼ਮੀਨ ਨੂੰ ਪ੍ਰਾਪਰਟੀ ਡੀਲਰਾਂ ਦੇ ਨਾਲ ਮਿਲ ਕੇ ਹੜੱਪਣ ਦਾ ਯਤਨ ਕੀਤਾ ਸੀ। ਮੁਲਜ਼ਮਾਂ ਵੱਲੋਂ ਜਾਅਲੀ ਮੋਹਰਾਂ ਬਣਾਉਣ ਦੇ ਨਾਲ-ਨਾਲ ਜਨਮ-ਮੌਤ ਦਾ ਜਾਅਲੀ ਪ੍ਰਮਾਣ ਪੱਤਰ ਤਿਆਰ ਕਰ ਕੇ ਮਾਣਯੋਗ ਅਦਾਲਤ ਵਿਚ ਝੂਠੇ ਬਿਆਨ ਦਰਜ ਕਰਵਾਏ ਸਨ। ਲਗਭਗ 2 ਮਹੀਨਿਆਂ ਤੱਕ ਚੱਲੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਦੇ ਐੱਨ. ਆਰ. ਆਈ. ਪੁਲਸ ਥਾਣੇ ਵਿਚ ਧਾਰਾ 420, 467, 468, 471, 474, 255, 120-ਬੀ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲਸ ਲਖਵਿੰਦਰ ਸਿੰਘ ਅਤੇ ਸ਼ੇਰ ਸਿੰਘ ਨੂੰ ਪਹਿਲਾਂ ਹੀ ਦਬੋਚ ਚੁੱਕੀ ਹੈ।