ਐੱਨ. ਆਰ. ਆਈ. ਭਰਾਵਾਂ ਦੀ ਜ਼ਮੀਨ ’ਤੇ ਜ਼ਬਰਦਸਤੀ ਕਬਜ਼ੇ ਦਾ ਯਤਨ, 6 ਨਾਮਜ਼ਦ

Wednesday, Jun 28, 2023 - 02:10 PM (IST)

ਮੋਗਾ (ਅਜ਼ਾਦ) : ਥਾਣਾ ਕੋਟ ਈਸੇ ਖਾਂ ਦੇ ਅਧੀਨ ਪੈਂਦੇ ਪਿੰਡ ਚੂਹੜਚੱਕ ਸਥਿਤ ਐੱਨ. ਆਰ. ਆਈ. ਭਰਾਵਾਂ ਦੀ ਜ਼ਮੀਨ ’ਤੇ ਕੁਝ ਵਿਅਕਤੀਆਂ ਵੱਲੋਂ ਜ਼ਬਰਦਸਤੀ ਕਬਜ਼ਾ ਕਰਨ ਦਾ ਯਤਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਪੁਲਸ ਨੇ ਕਥਿਤ ਦੋਸ਼ੀਆਂ ਜਗਤਾਰ ਸਿੰਘ ਉਰਫ ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਦੋਵੇਂ ਨਿਵਾਸੀ ਪਿੰਡ ਚੂਹੜਚੱਕ ਅਤੇ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਮਲਾ ਦਰਜ ਦਰਜ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬੂਟਾ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਨਿਵਾਸੀ ਪਿੰਡ ਤਲਵੰਡੀ ਭੰਗੇਰੀਆ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਮਲਕੀਤ ਸਿੰਘ ਨਿਵਾਸੀ ਪਿੰਡ ਤਲਵੰਡੀ ਭੰਗੇਰੀਆ ਨੇ 7 ਜੁਲਾਈ 2008 ਨੂੰ ਕਥਿਤ ਦੋਸ਼ੀ ਜਗਤਾਰ ਸਿੰਘ ਉਰਫ ਅਵਤਾਰ ਸਿੰਘ ਤੋਂ 83 ਕਨਾਲ 2 ਮਰਲੇ ਜ਼ਮੀਨ ਜੋ ਪਿੰਡ ਚੂਹੜਚੱਕ ਵਿਚ ਸਥਿਤ ਹੈ, ਖਰੀਦ ਕੀਤੀ ਸੀ, ਜਿਸ ਨੂੰ ਬਾਅਦ ਵਿਚ ਉਨ੍ਹਾਂ ਆਪਣੇ ਬੇਟਿਆਂ ਬਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਦੇ ਨਾਮ ’ਤੇ ਕਰਵਾ ਦਿੱਤੀ ਸੀ, ਜੋ ਅਮਰੀਕਾ ਰਹਿੰਦੇ ਹਨ।

ਉਸ ਨੇ ਕਿਹਾ ਕਿ ਮੈਂ ਦੋਵੇਂ ਭਰਾਵਾਂ ਦਾ ਮੁਖਤਿਆਰੇ ਆਮ ਖਾਸ ਹਾਂ। ਮੈਂ ਜ਼ਮੀਨ ਦੀ ਖਰੀਦ ਦੇ ਬਾਅਦ ਅਪ੍ਰੈਲ 2022 ਵਿਚ ਉਕਤ ਜ਼ਮੀਨ ਨੂੰ ਮਨਦੀਪ ਸਿੰਘ ਨਿਵਾਸੀ ਪਿੰਡ ਚੂਹੜਚੱਕ ਨੂੰ ਠੇਕੇ ’ਤੇ ਦੇ ਦਿੱਤਾ ਅਤੇ ਅਗਲੇ ਸਾਲ ਇਸ ਨੂੰ ਸੁਰਜੀਤ ਸਿੰਘ ਨਿਵਾਸੀ ਪਿੰਡ ਦਾਤੇਵਾਲ ਨੂੰ ਠੇਕੇ ’ਤੇ ਦਿੱਤਾ। ਉਸ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੇ ਅਪ੍ਰੈਲ 2023 ਵਿਚ 8 ਏਕੜ ਜ਼ਮੀਨ ਵਿਚ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲਗਾ ਦਿੱਤੀ, ਜਿਸ ’ਚ ਬਣੀ ਝੋਂਪੜੀ ਵੀ ਸੜ ਕੇ ਰਾਖ਼ ਹੋ ਗਈ ਸੀ। ਕਥਿਤ ਦੋਸ਼ੀਆਂ ਦੇ ਖਿਲਾਫ਼ ਥਾਣਾ ਕੋਟ ਈਸੇ ਖਾਂ ਵਿਚ ਮਾਮਲਾ ਦਰਜ ਹੋਇਆ ਸੀ।

ਉਸ ਨੇ ਕਿਹਾ ਕਿ ਬੀਤੀ 25 ਜੂਨ ਨੂੰ ਕਥਿਤ ਦੋਸ਼ੀ ਕਾਰ ਅਤੇ ਟਰੈਕਟਰ ’ਤੇ ਆਏ ਅਤੇ ਉਨ੍ਹਾਂ ਸਾਡੇ ਰਿਸ਼ਤੇਦਾਰਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਖੇਤ ਵਿਚ ਪਾਣੀ ਛੱਡ ਦਿੱਤਾ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਜ਼ਮੀਨ ’ਤੇ ਜਬਰੀ ਕਬਜ਼ੇ ਦਾ ਯਤਨ ਕੀਤਾ, ਜਿਸ ’ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
 


Gurminder Singh

Content Editor

Related News