ਹੁਣ ਸਲਫ਼ਾਸ ਨਾਲ ਨਹੀਂ ਹੋਵੇਗੀ ਮੌਤ! PGI ਨੇ ਲੱਭ ਲਿਆ ਤੋੜ, ਬਚੇਗੀ ਹਜ਼ਾਰਾਂ ਮਰੀਜ਼ਾਂ ਦੀ ਜਾਨ
Sunday, Feb 01, 2026 - 01:18 PM (IST)
ਚੰਡੀਗੜ੍ਹ (ਪਾਲ) : ਦੇਸ਼ ’ਚ ਸਭ ਤੋਂ ਖ਼ਤਰਨਾਕ ਜ਼ਹਿਰਾਂ ’ਚ ਗਿਣੇ ਜਾਣ ਵਾਲੇ ਸਲਫ਼ਾਸ (ਐਲਊਮਿਨੀਅਮ ਫਾਸਫਾਇਡ) ਪੁਆਇਜ਼ਨਿੰਗ ਦੇ ਇਲਾਜ ’ਚ ਪੀ. ਜੀ. ਆਈ. ਦੇ ਡਾਕਟਰਾਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ. ਜੀ. ਆਈ.) ਦੇ ਇੰਟਰਨਲ ਮੈਡੀਸਿਨ ਵਿਭਾਗ ਦੀ ਇਸ ਅਹਿਮ ਖੋਜ ਨਾਲ ਹੁਣ ਇਸ ਜਾਨਲੇਵਾ ਜ਼ਹਿਰ ਤੋਂ ਪੀੜਤ ਮਰੀਜ਼ਾਂ ਦੇ ਬਚਣ ਦੀ ਉਮੀਦ ਕਾਫ਼ੀ ਵੱਧ ਗਈ ਹੈ। ਪੀ. ਜੀ. ਆਈ. ਦੀ ਇਹ ਸਟਡੀ ਦੇਸ਼ ਦੀ ਪਹਿਲੀ ਅਜਿਹੀ ਕਲੀਨਿਕਲ ਰਿਸਰਚ ਹੈ, ਜਿਸ ’ਚ ਇਹ ਸਾਬਤ ਹੋਇਆ ਹੈ ਕਿ ਇੰਟਰਾਵੀਨਸ ਲਿਪਿਡ ਇਮਲਸ਼ਨ (ਆਈ. ਵੀ. ਲਿਪਿਡ) ਨਾਮ ਦੀ ਥੈਰੇਪੀ ਸਲਫਾਸ ਜ਼ਹਿਰ ’ਚ ਜਾਨ ਬਚਾਉਣ ’ਚ ਅਸਰਦਾਰ ਸਾਬਤ ਹੋ ਸਕਦੀ ਹੈ। ਇਸ ਖੋਜ ਦੇ ਨਤੀਜੇ ਅੰਤਰਰਾਸ਼ਟਰੀ ਜਰਨਲ ਮੈਡੀਕਲ ਤੇ ਫਾਰਮਾਕੋਲੋਜੀਕਲ ਸਾਇੰਸੇਜ਼ ਦੇ ਯੂਰਪੀਅਨ ਰਿਵਿਊ ’ਚ ਪ੍ਰਕਾਸ਼ਿਤ ਹੋਏ ਹਨ, ਜਿਸ ਨਾਲ ਪੀ. ਜੀ. ਆਈ. ਦੇ ਇਸ ਕੰਮ ਨੂੰ ਦੁਨੀਆ ਭਰ ਵਿਚ ਪਛਾਣ ਮਿਲੀ ਹੈ। ਅਨਾਜ ਨੂੰ ਸੁਰੱਖਿਅਤ ਰੱਖਣ ਲਈ ਵਰਤਿਆ ਜਾਣ ਵਾਲਾ ਜ਼ਹਿਰ ਸਲਫਾਸ ਜ਼ਹਿਰ ਖ਼ਾਸ ਤੌਰ ’ਤੇ ਉੱਤਰੀ ਭਾਰਤ ਦੇ ਖੇਤੀਬਾੜੀ ਸੂਬਿਆਂ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ ਇੱਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਰਾਜਿੰਦਰ ਕੌਰ ਭੱਠਲ ਨੇ ਬੰਬਾਂ ਵਾਲੇ ਬਿਆਨ 'ਤੇ ਤੋੜੀ ਚੁੱਪੀ, ਬੋਲੇ-ਕਿੱਸਾ ਅੱਜ ਤੋਂ 30 ਸਾਲ ਪੁਰਾਣਾ
ਅਨਾਜ ਨੂੰ ਸੁਰੱਖਿਅਤ ਰੱਖਣ ਲਈ ਵਰਤਿਆ ਜਾਣ ਵਾਲਾ ਇਹ ਜ਼ਹਿਰ ਗਲਤੀ ਜਾਂ ਖ਼ੁਦਕੁਸ਼ੀ ਦੇ ਮਾਮਲਿਆਂ ’ਚ ਵੱਡੀ ਗਿਣਤੀ ’ਚ ਮੌਤਾਂ ਦਾ ਕਾਰਨ ਬਣਦਾ ਰਿਹਾ ਹੈ। ਹੁਣ ਤੱਕ ਇਸ ਦਾ ਕੋਈ ਪੱਕਾ ਅਤੇ ਪ੍ਰਭਾਵਸ਼ਾਲੀ ਇਲਾਜ ਨਹੀਂ ਸੀ, ਜਿਸ ਕਾਰਨ ਮਰੀਜ਼ਾਂ ਦੀ ਹਾਲਤ ਅਕਸਰ ਬੇਹੱਦ ਗੰਭੀਰ ਹੋ ਜਾਂਦੀ ਸੀ। ਇਹ ਖੋਜ ਪੀ. ਜੀ. ਆਈ. ਦੇ ਇੰਟਰਨਲ ਮੈਡੀਸਿਨ ਵਿਭਾਗ ’ਚ ਕੀਤੀ ਗਈ, ਜਿਸ ਦਾ ਮਾਰਗ ਦਰਸ਼ਨ ਇੰਟਰਨਲ ਮੈਡੀਸਿਨ ਵਿਭਾਗ ਦੇ ਮੁਖੀ ਪ੍ਰੋ. ਸੰਜੇ ਜੈਨ ਨੇ ਕੀਤਾ ਸੀ। ਇਸ ਅਧਿਐਨ ਦੀ ਅਗਵਾਈ ਐਸੋਸੀਏਟ ਪ੍ਰੋਫੈਸਰ ਡਾ. ਮਨਦੀਪ ਸਿੰਘ ਭਾਟੀਆ ਨੇ ਕੀਤੀ ਸੀ, ਜਦੋਂ ਕਿ ਡਾ. ਸੌਰਭ ਚੰਦਰਭਾਨ ਸ਼ਾਰਦਾ ਕੋ-ਇਨਵੈਸਟੀਗੇਟਰ ਸਨ। ਖੋਜ ਨੂੰ ਪੀ. ਜੀ. ਆਈ. ਦੇ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸੈੱਲ ਤੋਂ ਫੰਡ ਮਿਲਿਆ, ਜੋ ਸੰਸਥਾ ਦੀ ਖੋਜ ਅਤੇ ਨਵੀਨਤਾ ਪ੍ਰਤੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : PM ਮੋਦੀ ਦੇ ਡੇਰਾ ਬੱਲਾਂ ਆਉਣ ਤੋਂ ਪਹਿਲਾਂ ਸੁਨੀਲ ਜਾਖੜ ਨੇ ਆਖੀ ਵੱਡੀ ਗੱਲ, ਪੜ੍ਹੋ ਕੀ ਕਿਹਾ
ਨਵੀਂ ਉਮੀਦ ਆਉਣ ਵਾਲੇ ਸਮੇਂ ’ਚ ਹਜ਼ਾਰਾਂ ਜਾਨਾਂ ਬਚਾ ਸਕਦੀ ਹੈ
ਖੋਜ ’ਚ ਸਾਹਮਣੇ ਆਇਆ ਹੈ ਕਿ ਜਿਹੜੇ ਮਰੀਜ਼ਾਂ ਨੂੰ ਆਮ ਇਲਾਜ ਦੇ ਨਾਲ-ਨਾਲ ਆਈ. ਵੀ. ਲਿਪਿਡ ਥੈਰੇਪੀ ਦਿੱਤੀ ਗਈ, ਉਨ੍ਹਾਂ ’ਚ ਮੌਤ ਦਾ ਖ਼ਤਰਾ ਸਾਫ਼ ਤੌਰ ’ਤੇ ਘੱਟ ਹੋਇਆ। ਇਸ ਤੋਂ ਇਲਾਵਾ ਮਰੀਜ਼ਾਂ ’ਚ ਖੂਨ ਦੀ ਗੰਭੀਰ ਐਸਿਡਿਟੀ ਜਲਦੀ ਠੀਕ ਹੋ ਗਈ, ਬਲੱਡ ਪ੍ਰੈਸ਼ਰ ਬਿਹਤਰ ਢੰਗ ਨਾਲ ਕੰਟਰੋਲ ’ਚ ਆਇਆ ਅਤੇ ਦਿਲ ਨਾਲ ਸਬੰਧਿਤ ਜਟਿਲਤਾਵਾਂ ’ਚ ਵੀ ਸੁਧਾਰ ਦੇਖਿਆ ਗਿਆ। ਡਾਕਟਰਾਂ ਮੁਤਾਬਕ ਜੇਕਰ ਇਸ ਥੈਰੇਪੀ ਨੂੰ ਸਮੇਂ ਸਿਰ ਦਿੱਤਾ ਜਾਂਦਾ ਹੈ, ਤਾਂ ਮਰੀਜ਼ ਦੀ ਹਾਲਤ ਨੂੰ ਵਿਗੜਨ ਤੋਂ ਰੋਕਿਆ ਜਾ ਸਕਦਾ ਹੈ। ਇਸ ਇਲਾਜ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਸਾਦਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
