ਹੁਣ ਔਖੇ ਸਮੇਂ ਬਜ਼ੁਰਗਾਂ ਨੂੰ ਨਹੀਂ ਹੋਣਾ ਪਵੇਗਾ ਖੱਜਲ-ਖੁਆਰ, ਪੰਜਾਬ ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ
Friday, Nov 10, 2023 - 04:09 PM (IST)
ਚੰਡੀਗੜ੍ਹ : ਪੰਜਾਬ ਦੀ ਸੱਤਾ ’ਚ ਲਗਭਗ ਡੇਢ ਸਾਲ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਆਈ ਸਰਕਾਰ ਸਿਰਫ਼ ਬੱਚਿਆਂ ਤੇ ਨੌਜਵਾਨਾਂ ਦੀ ਪੜਾਈ ਤੇ ਕਰੀਅਰ ਨੂੰ ਲੈ ਕੇ ਹੀ ਗੰਭੀਰ ਨਹੀਂ ਸਗੋਂ ਬਜ਼ੁਰਗਾਂ ਪ੍ਰਤੀ ਵੀ ਉਹ ਪੂਰੀ ਤਰ੍ਹਾਂ ਸੁਚੇਤ ਹੈ। ਹੁਣ ਪੰਜਾਬ ’ਚ ਬਜ਼ੁਰਗਾਂ ਨੂੰ ਬੁੜਾਪੇ ’ਚ ਖੱਜਲ-ਖੁਆਰ ਨਹੀਂ ਹੋਣਾ ਪਵੇਗਾ।
ਪੰਜਾਬ ’ਚ ਹੁਣ ਪਰਿਵਾਰਾਂ ਵਲੋਂ ਇਕੱਲੇ ਜ਼ਿੰਦਗੀ ਬਿਤਾਉਣ ਲਈ ਘਰੋਂ ਕੱਢ ਦਿੱਤੇ ਗਏ ਬਜ਼ੁਰਗਾਂ ਨੂੰ ਸੜਕਾਂ ਜਾਂ ਪਾਰਕਾਂ ’ਚ ਰਾਤਾਂ ਨਹੀਂ ਬਿਤਾਉਣੀਆਂ ਪੈਣਗੀਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਸਮੱਸਿਆ ਦੇ ਹੱਲ ਲਈ ਮੋਹਾਲੀ ਸਮੇਤ 10 ਵੱਡੇ ਜ਼ਿਲ੍ਹਿਆਂ ’ਚ ਵ੍ਰਿਧ ਆਸ਼ਰਮ ਬਣਾਉਣ ਦੀ ਦਿਸ਼ਾ ’ਚ ਕੰਮ ਸ਼ੁਰੂ ਕੀਤਾ ਹੈ। ਜੇ ਸਭ ਕੁਝ ਸਹੀ ਰਿਹਾ ਤਾਂ ਛੇਤੀ ਹੀ ਆਉਣ ਵਾਲੇ 6 ਮਹੀਨਿਆਂ ’ਚ ਇਹ ਸਹੂਲਤ ਲੋਕਾਂ ਨੂੰ ਮਿਲ ਜਾਵੇਗੀ। ਸਰਕਾਰ ਵਲੋਂ ਬਠਿੰਡਾ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਪਟਿਆਲਾ, ਤਰਨਤਾਰਨ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ, ਮੋਹਾਲੀ ਅਤੇ ਮਲੇਰਕੋਟਲਾ ’ਚ ਵ੍ਰਿਧ ਆਸ਼ਰਮ ਬਣਾਏ ਜਾਣਗੇ।
ਇਹ ਵੀ ਪੜ੍ਹੋ : ਇੰਗਲੈਂਡ ਤੋਂ ਆਏ ਪਿਓ ਨੇ ਹਥਿਆਰਾਂ ਦੀ ਨੋਕ 'ਤੇ ਆਪਣੇ ਹੀ ਪੁੱਤ ਨੂੰ ਕੀਤਾ ਅਗਵਾ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਕੁਝ ਜ਼ਿਲ੍ਹਿਆਂ ’ਚ ਵ੍ਰਿਧ ਆਸ਼ਰਮ ਬਣਾਉਣ ਲਈ ਜਗ੍ਹਾ ਅਲਾਟ ਹੋਈ ਹੈ ਜਦਕਿ ਕੁਝ ਜ਼ਿਲਿਆਂ ’ਚ ਵ੍ਰਿਧ ਆਸ਼ਰਮ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਜ਼ਿਲ੍ਹਾ ਮਾਨਸਾ ਅਤੇ ਬਰਨਾਲਾ ’ਚ ਵ੍ਰਿਧ ਆਸ਼ਰਮ ਦਾ ਨਿਰਮਾਣ ਆਪਣੇ ਆਖ਼ਰੀ ਪੜਾਅ ’ਚ ਪਹੁੰਚ ਚੁੱਕਾ ਹੈ ਜਦਕਿ ਮੋਹਾਲੀ ’ਚ 2.92 ਏਕੜ ਜਗ੍ਹਾ ਗਮਾਡਾ ਵਲੋਂ ਸੋਸ਼ਲ ਐਂਡ ਵੈੱਲਫੇਅਰ ਵਿਭਾਗ ਨੂੰ ਅਲਾਟ ਕਰ ਦਿੱਤੀ ਗਈ ਹੈ। ਬਾਕੀ ਜ਼ਿਲਿਆਂ ’ਚ ਵੀ ਹਾਲਾਤ ਸਾਜ਼ਗਾਰ ਹਨ। ਹਾਲਾਂਕਿ ਜਦ ਤੱਕ ਇਹ ਆਸ਼ਰਮ ਬਣ ਕੇ ਤਿਆਰ ਨਹੀਂ ਹੋ ਜਾਂਦੇ, ਉਦੋਂ ਤੱਕ ਕੁਝ ਜ਼ਿਲਿਆਂ ’ਚ ਸਮਾਜ ਸੇਵੀ ਸੰਸਥਾਵਾਂ ਵਲੋਂ ਬਜ਼ੁਰਗਾਂ ਨੂੰ ਸੰਭਾਲਿਆ ਜਾ ਰਿਹਾ ਹੈ।
ਬਜ਼ੁਰਗਾਂ ’ਤੇ ਕੀਤਾ ਅੱਤਿਆਚਾਰ ਤਾਂ ਨਹੀਂ ਮਿਲੇਗੀ ਜਾਇਦਾਦ
ਪੰਜਾਬ ਸਰਕਾਰ ਨੇ ਪੂਰੇ ਸੂਬੇ ’ਚ ਸੀਨੀਅਰ ਸਿਟੀਜ਼ਨ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਜੇ ਬੱਚੇ ਆਪਣੇ ਬਜ਼ੁਰਗਾਂ ਨੂੰ ਤੰਗ ਕਰਦੇ ਹਨ ਤਾਂ ਉਨ੍ਹਾਂ ’ਤੇ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਅਜਿਹੇ ’ਚ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਦੂਜੇ ਪਾਸੇ ਜੇ ਬੱਚਿਆਂ ਵਲੋਂ ਧੋਖਾਧੜੀ ਕਰ ਕੇ ਬਜ਼ੁਰਗਾਂ ਦੀ ਜਾਇਦਾਦ ਆਪਣੇ ਨਾਂ ਕਰਵਾਈ ਗਈ ਤਾਂ ਉਹ ਵੀ ਕੈਂਸਲ ਕੀਤੀ ਜਾਵੇਗੀ। ਬੱਚਿਆਂ ਨੂੰ ਬਜ਼ੁਰਗਾਂ ਨੂੰ ਆਪਣੇ ਨਾਲ ਰੱਖਣਾ ਪਵੇਗਾ, ਭਾਵੇਂ ਹੀ ਘਰ ਬੱਚਿਆਂ ਨੇ ਬਣਵਾਇਆ ਹੋਵੇ। ਉਨ੍ਹਾਂ ਨੂੰ ਬਜ਼ੁਰਗਾਂ ਨੂੰ ਗੁਜ਼ਾਰਾ-ਭੱਤਾ ਦੇਣਾ ਪਵੇਗਾ। ਕੁਝ ਸਮਾਂ ਪਹਿਲਾਂ ਮੋਹਾਲੀ ਅਤੇ ਰੋਪੜ ’ਚ ਬੱਚਿਆਂ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਤੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ’ਤੇ ਸਖਤ ਕਾਰਵਾਈ ਕੀਤੀ ਗਈ ਸੀ।
ਇਹ ਵੀ ਪੜ੍ਹੋ : ਕਾਰ ਸਵਾਰ ਬਾਰਾਤੀਆਂ ਵੱਲੋਂ ਟਰੱਕ ਡਰਾਈਵਰ ਤੇ ਸਾਥੀ ਨਾਲ ਕੁੱਟਮਾਰ, ਖੋਹੇ ਪੈਸੇ ਤੇ ਚਾਬੀਆਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8