ਹੁਣ ਫਲੈਟਾਂ ''ਚ ਵੀ ਹੋਣ ਲੱਗੀਆਂ ਚੋਰੀਆਂ

Tuesday, Oct 24, 2017 - 07:46 AM (IST)

ਹੁਣ ਫਲੈਟਾਂ ''ਚ ਵੀ ਹੋਣ ਲੱਗੀਆਂ ਚੋਰੀਆਂ

ਖਰੜ, (ਅਮਰਦੀਪ)–ਲੋਕਾਂ ਵਲੋਂ ਸੁਰੱਖਿਆ ਲਈ ਫਲੈਟ ਲਏ ਜਾ ਰਹੇ ਹਨ ਪਰ ਫਲੈਟਾਂ ਵਿਚ ਕੋਈ ਸੁਰੱਖਿਆ ਨਹੀਂ। ਟੀ. ਡੀ. ਆਈ. ਸੈਕਟਰ-117 ਵੈਲਿੰਗਟਨ ਹਾਈਟਸ ਸਿੰਪਲ ਫਲੈਟਾਂ ਵਿਚ ਚੋਰਾਂ ਵਲੋਂ ਚਾਰ ਫਲੈਟਾਂ ਦੇ ਤਾਲੇ ਤੋੜਨ ਨਾਲ ਟੀ. ਡੀ. ਆਈ. ਦੇ ਵਸਨੀਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਫਲੈਟ ਨੰਬਰ ਸੀ-204 ਦੇ ਵਸਨੀਕ ਜਗਜੀਵਨ ਜੋਤ ਸਿੰਘ ਪੁੱਤਰ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਦੀਵਾਲੀ ਦੇ ਤਿਉਹਾਰ ਕਾਰਨ ਆਪਣੇ ਘਰ ਕਸਬਾ ਪੂਰਨਪੁਰ ਜ਼ਿਲਾ ਪੀਲੀਭੀਤ ਉਤਰ ਪ੍ਰਦੇਸ਼ ਗਏ ਹੋਏ ਸਨ ਕਿ ਜਦੋਂ ਅੱਜ ਉਹ ਆਪਣੇ ਘਰ ਆਏ ਤਾਂ ਦੇਖਿਆ ਕਿ ਫਲੈਟ ਦੇ ਲੋਹੇ ਦੇ ਗੇਟ ਦੇ ਤਾਲੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੋਈ ਸੀ ਅਤੇ ਇਸੇ ਤਰ੍ਹਾਂ ਫਲੈਟ ਨੰਬਰ ਸੀ-202 ਦੇ ਵੀ ਤਾਲੇ ਟੁੱਟੇ ਹੋਏ ਸਨ। ਫਲੈਟ ਨੰਬਰ ਸੀ-203 ਦੇ ਵਸਨੀਕ ਅਭਿਸ਼ੇਕ ਸ਼੍ਰੀਵਾਸਤਵ, ਜੋ ਕਿ ਦੁਬਈ ਵਿਖੇ ਰਹਿੰਦੇ ਹਨ, ਨੇ ਮੋਬਾਇਲ ਫੋਨ 'ਤੇ ਦੱਸਿਆ ਕਿ ਉਨ੍ਹਾਂ ਨੇ ਸੁਰੱਖਿਆ ਲਈ ਫਲੈਟ ਲਿਆ ਹੋਇਆ ਹੈ ਪਰ ਫਲੈਟਾਂ ਵਿਚ ਕੋਈ ਸੁਰੱਖਿਆ ਨਹੀਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਫਲੈਟ ਦਾ ਤਾਲਾ ਟੁੱਟਾ ਪਿਆ ਸੀ ਅਤੇ ਚੋਰ ਘਰ ਦੇ ਅੰਦਰੋਂ ਸਾਰਾ ਸਾਮਾਨ ਖਿਲਾਰ ਕੇ ਗਏ ਹੋਏ ਹਨ। ਉਹ ਹੁਣ ਦੁਬਈ ਤੋਂ ਆ ਕੇ ਦੇਖਣਗੇ ਕਿ ਕਿਹੜ-ਕਿਹੜਾ ਸਾਮਾਨ ਚੋਰੀ ਹੋਇਆ ਹੈ। ਉਨ੍ਹਾਂ ਆਖਿਆ ਕਿ ਟੀ. ਡੀ. ਆਈ. ਫਲੈਟਾਂ ਵਿਚ ਕੋਈ ਸੁਰੱਖਿਆ ਨਹੀਂ, ਜਿਸ ਕਾਰਨ ਪਹਿਲਾਂ ਵੀ ਕਈ ਬਲਾਕਾਂ ਵਿਚ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਕੰਪਨੀ ਵਾਲੇ ਫਲੈਟਾਂ ਅੰਦਰ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਅਸਫਲ ਰਹਿ ਰਹੇ ਹਨ। 
ਉਨ੍ਹਾਂ ਕਿਹਾ ਕਿ ਟੀ. ਡੀ. ਆਈ. ਦੇ ਸਕਿਓਰਿਟੀ ਗਾਰਡ ਵੀ ਫਲੈਟਾਂ ਅੰਦਰ ਜਾਣ ਵਾਲੇ ਵਿਅਕਤੀਆਂ ਦੀ ਪੂਰੀ ਛਾਣ-ਬੀਣ ਨਹੀਂ ਕਰ ਰਹੇ, ਜਿਸ ਕਾਰਨ ਫਲੈਟਾਂ ਅੰਦਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਫਲੈਟਾਂ ਦੀ ਚਾਰਦੀਵਾਰੀ ਵੀ ਛੋਟੀ ਹੋਣ ਕਾਰਨ ਕੋਈ ਵੀ ਵਿਅਕਤੀ ਛਾਲ ਮਾਰ ਕੇ ਫਲੈਟ ਕੰਪਲੈਕਸ ਅੰਦਰ ਦਾਖਲ ਹੋ ਸਕਦਾ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵਸਨੀਕਾਂ ਕਿਹਾ-ਸਕਿਓਰਿਟੀ ਕੰਪਨੀ ਦੀ ਲਾਪਰਵਾਹੀ ਨਾਲ ਹੋ ਰਹੀਆਂ ਚੋਰੀਆਂ : ਟੀ. ਡੀ. ਆਈ. ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜੋ ਫਲੈਟਾਂ ਵਿਚ ਪਹਿਲਾਂ ਸਕਿਓਰਿਟੀ ਕੰਪਨੀ ਦੇ ਗਾਰਡ ਤਾਇਨਾਤ ਸਨ, ਉਹ ਹਰ ਇਕ ਫਲੈਟ ਅੰਦਰ ਜਾਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਨੋਟ ਕਰਨ ਤੋਂ ਬਾਅਦ ਫਲੈਟ ਮਾਲਕ ਤੋਂ ਫੋਨ 'ਤੇ ਪਤਾ ਕਰਦੇ ਸਨ ਕਿ ਵਿਅਕਤੀ ਉਨ੍ਹਾਂ ਨੂੰ ਮਿਲਣ ਆ ਰਿਹਾ ਹੈ ਪਰ ਹੁਣ ਜਦੋਂ ਤੋਂ ਨਵੀਂ ਸਕਿਓਰਿਟੀ ਕੰਪਨੀ ਆਈ ਹੈ, ਗਾਰਡ ਲਾਪਰਵਾਹੀ ਕਰਦੇ ਹਨ, ਜਿਸ ਕਾਰਨ ਅਨਜਾਣ ਲੋਕ ਫਲੈਟਾਂ ਅੰਦਰ ਸ਼ਰੇਆਮ ਦਾਖਲ ਹੋ ਰਹੇ ਹਨ। 


Related News