ਹੁਣ ਫੌਜੀਆਂ ਦੀ ਤਰ੍ਹਾਂ ਪੁਲਸ ਕਰਮਚਾਰੀਆਂ ਨੂੰ ਵੀ ਮਿਲੇਗਾ ਸਸਤੇ ਭਾਅ ''ਚ ਰਾਸ਼ਨ

Thursday, Jul 04, 2019 - 08:03 PM (IST)

ਹੁਣ ਫੌਜੀਆਂ ਦੀ ਤਰ੍ਹਾਂ ਪੁਲਸ ਕਰਮਚਾਰੀਆਂ ਨੂੰ ਵੀ ਮਿਲੇਗਾ ਸਸਤੇ ਭਾਅ ''ਚ ਰਾਸ਼ਨ

ਮੋਗਾ (ਗੋਪੀ ਰਾਊਕੇ)— ਭਾਰਤ ਸਰਕਾਰ ਵੱਲੋਂ ਸੈਨਿਕਾਂ ਨੂੰ ਘਰੇਲੂ ਜ਼ਰੂਰਤ ਲਈ ਸਸਤੇ ਭਾਅ ਵਿਚ ਰਾਸ਼ਨ ਉਪਲਬਧ ਕਰਵਾਉਣ ਲਈ ਕੰਟੀਨ ਬਣਾਈ ਗਈ ਹੈ। ਜਿਥੋਂ ਉਹ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਸਸਤੇ ਭਾਅ 'ਚ ਘਰੇਲੂ ਸਾਮਾਨ ਖਰੀਦ ਸਕਦੇ ਹਨ, ਜਿਸ ਕਰ ਕੇ ਹੁਣ ਪੰਜਾਬ ਸਰਕਾਰ ਨੇ ਉਸੇ ਤਰਜ਼ 'ਤੇ ਪੰਜਾਬ ਪੁਲਸ ਦੇ ਕਰਮਚਾਰੀਆਂ ਨੂੰ ਸਸਤੇ ਭਾਅ ਵਿਚ ਘਰੇਲੂ ਸਾਮਾਨ ਉਪਲਬਧ ਕਰਵਾਉਣ ਲਈ ਕੰਟੀਨ ਖੋਲ੍ਹਣ ਦਾ ਮਤਾ ਰੱਖਿਆ ਹੈ। ਹੁਣ ਹਰ ਥਾਂ ਇਹ ਕੰਟੀਨ ਖੋਲ੍ਹੀ ਜਾਵੇਗੀ।
ਵੀਰਵਾਰ ਦੀ ਸਵੇਰੇ ਮੋਗਾ ਦੀ ਪੁਲਸ ਲਾਈਨ 'ਚ ਵੀ ਸਬਸਿਡੀ ਪੁਲਸ ਕੰਟੀਨ ਦਾ ਉਦਘਾਟਨ ਐੱਸ. ਐੱਸ. ਪੀ. ਅਮਰਜੀਤ ਸਿੰਘ ਬਾਜਵਾ ਨੇ ਕੀਤਾ। ਇਸ ਮੌਕੇ ਐੱਸ. ਪੀ. ਐੱਚ. ਰਤਨ ਸਿੰਘ, ਡੀ. ਐੱਸ. ਪੀ. ਜਸਪਾਲ ਸਿੰਘ, ਡੀ. ਐੱਸ. ਪੀ. ਸਿਟੀ ਪਰਮਜੀਤ ਸਿੰਘ, ਕਈ ਥਾਣਿਆਂ ਦੇ ਐੱਸ. ਐੱਸ. ਓ. ਸਮੇਤ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਹਾਜ਼ਰ ਸਨ। ਇਸ ਦੌਰਾਨ ਐੱਸ. ਐੱਸ. ਪੀ. ਨੇ ਪੁਲਸ ਲਾਈਨ ਵਿਚ ਇਕ ਜਿਮ ਦਾ ਉਦਘਾਟਨ ਕੀਤਾ। ਅਮਰਜੀਤ ਸਿੰਘ ਬਾਜਵਾ ਨੇ ਕਿਹਾ ਕਿ ਜਿਸ ਤਰ੍ਹਾਂ ਫੌਜੀਆਂ ਨੂੰ ਸਸਤੇ ਭਾਅ 'ਚ ਫੌਜੀ ਕੰਟੀਨ ਵਿਚੋਂ ਸਾਮਾਨ ਮਿਲਦਾ ਹੈ, ਉਸੇ ਤਰ੍ਹਾਂ ਹੁਣ ਪੁਲਸ ਕਰਮਚਾਰੀਆਂ ਨੂੰ ਵੀ ਘਰ ਵਿਚ ਰੋਜ਼ਾਨਾ ਇਸਤੇਮਾਲ ਹੋਣ ਵਾਲਾ ਸਾਮਾਨ 15 ਫੀਸਦੀ ਤੋਂ ਲੈ ਕੇ 30 ਫੀਸਦੀ ਬਾਜ਼ਾਰ ਨਾਲੋਂ ਸਸਤਾ ਮਿਲੇਗਾ। ਉਨ੍ਹਾਂ ਕਿਹਾ ਕਿ ਪੁਲਸ ਲਾਈਨ 'ਚ ਬਣਾਏ ਗਏ ਜਿਮ ਵਿਚ ਪੁਲਸ ਕਰਮਚਾਰੀਆਂ ਦੇ ਬੱਚੇ ਵੀ ਜੁਆਇਨ ਕਰ ਸਕਦੇ ਹਨ।


author

KamalJeet Singh

Content Editor

Related News