ਲੋਕ ਨਿਰਮਾਣ ਵਿਭਾਗ 'ਚ 30 ਅਧਿਕਾਰੀਆਂ ਨੂੰ ਨੋਟੀਫਿਕੇਸ਼ਨ ਮਾਮਲੇ ਮਗਰੋਂ ਹੋਰ ਮਸਲੇ ਆਉਣ ਲੱਗੇ ਬਾਹਰ

09/22/2022 8:48:32 PM

ਪਟਿਆਲਾ (ਰਾਜੇਸ਼ ਪੰਜੌਲਾ) : ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਾਂਗਰਸ ਸਰਕਾਰ ਵੇਲੇ ਲੋਕ ਨਿਰਮਾਣ ਵਿਭਾਗ 'ਚ ਹੋਏ ਘਪਲਿਆਂ ਖ਼ਿਲਾਫ਼ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਲੋਕ ਨਿਰਮਾਣ ਵਿਭਾਗ 'ਚ 30 ਅਧਿਕਾਰੀਆਂ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਦਾ ਹੁਕਮ ਦਿੱਤਾ ਹੈ ਜਿਸ 'ਚ ਬੀ.ਓ.ਟੀ ਅਧਾਰਿਤ ਸੜਕਾਂ 'ਤੇ ਕਾਰਪੇਂਟਿੰਗ ਲੇਟ ਹੋਣ ਕਾਰਨ ਅਜਿਹਾ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਨ੍ਹਾਂ ਅਧਿਕਾਰੀਆਂ ਦਾ ਕੋਈ ਕਸੂਰ ਨਹੀਂ ਸੀ। ਅਜਿਹੇ ਮੋਟੀ ਰਕਮ ਵਾਲੇ ਕੇਸਾਂ 'ਚ ਉਨ੍ਹਾਂ ਦੇ ਸਿਆਸੀ ਮਾਲਕਾਂ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਜ਼ੁਬਾਨੀ ਹੁਕਮ ਦਿੱਤੇ ਜਾਂਦੇ ਸਨ। ਅਫਸਰਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਜੇਕਰ ਉਹ ਕਾਰਵਾਈ ਕਰ ਕੇ ਉੱਪਰ ਭੇਜਦੇ ਹਨ ਤਾਂ ਉਨ੍ਹਾਂ ਦੇ ਤਬਾਦਲੇ ਕਰਨ ਅਤੇ ਜਲੀਲ ਕੀਤਾ ਜਾਂਦਾ ਹੈ। ਸਿਆਸੀ ਲੋਕਾਂ ਦੇ ਏਜੰਟ ਜੋ ਕਿ ਹਰ ਸ਼ਹਿਰ 'ਚ ਉਨ੍ਹਾਂ ਦੇ ਸਿਰ 'ਤੇ ਬਿਠਾਏ ਗਏ ਸੀ ਉਨ੍ਹਾਂ ਨੂੰ ਅਜਿਹੀ ਕੋਈ ਵੀ ਕਾਰਵਾਈ ਨਾ ਕਰਨ ਲਈ ਧਮਕਾਉਂਦੇ ਸਨ।

ਇਹ ਵੀ ਪੜ੍ਹੋ : MLA ਰਮਨ ਅਰੋੜਾ ਤੋਂ ਬਾਅਦ ਵਿਵਾਦਾਂ 'ਚ ਫਸਿਆ ਵਿਧਾਇਕ ਸ਼ੀਤਲ ਅੰਗੁਰਾਲ ਦਾ ਭਰਾ

ਉਨ੍ਹਾਂ ਖੁਲਾਸਾ ਕੀਤਾ ਕਿ ਅਜਿਹੀਆਂ ਕਈ ਸੜਕਾਂ 'ਤੇ ਮੌਜੂਦ ਕਈ ਟੋਲ ਕੰਪਨੀਆਂ ਜੋ ਕਿ ਡਿਫਾਲਟਰ ਹੋ ਗਈਆਂ ਸਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਚੰਡੀਗੜ੍ਹ ਤੱਕ ਵਾਰ-ਵਾਰ ਰਿਮਾਂਈਡਰ ਭੇਜੇ ਗਏ ਪਰ ਫਾਈਲ ਜਾਣ-ਬੂਝ ਕੇ ਵਾਪਸ ਭੇਜ ਦਿੱਤੀ ਜਾਂਦੀ ਸੀ ਤੇ ਅਖੀਰ ਨੂੰ ਜਦੋਂ ਫਾਈਲ ਵਜੀਰ ਸਾਹਿਬ ਕੋਲ ਪਹੁੰਚੀ ਤਾਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਫਾਈਲਾਂ ਮਹੀਨਿਆਂ ਲੇਟ ਕਰ ਦਿੱਤੀਆਂ ਜਾਂਦੀਆਂ ਸਨ। ਇਨ੍ਹਾਂ ਸਮਾਂ ਮਿਲਣ 'ਤੇ ਕੰਪਨੀ ਵਾਲੇ ਕਰੋੜਾਂ ਰੁਪਏ ਕਮਾ ਲੈਂਦੇ ਸਨ। ਉਸ ਸਮੇਂ ਸਿਆਸੀ ਪੱਧਰ ਤੇ ਸੈਕਟਰੀਏਟ ਪੱਧਰ 'ਤੇ ਅਜਿਹੀਆਂ ਗੋਲੀਆਂ ਫਿੱਟ ਕੀਤੀਆਂ ਜਾਂਦੀਆਂ ਸਨ ਤੇ ਸਾਰੇ ਕੰਮ ਮਿਲ ਜੁਲ ਕੇ ਅੱਖ ਦੇ ਇਸ਼ਾਰੇ ਨਾਲ ਕੀਤੇ ਜਾਂਦੇ ਸਨ। ਅਫ਼ਸਰਾਂ ਨੇ ਕਿਹਾ ਕਿ ਸਰਕਾਰ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦੋਂ ਕਿ ਹੁਣ ਸਾਰੇ ਕਾਲੇ ਧੰਦੇ ਤੇ ਦਲਾਲਾਂ ਦੀ ਲਿਸਟ ਸੋਸ਼ਲ ਮੀਡੀਆ ਤੇ ਫੇਸਬੁੱਕ 'ਤੇ ਮੇਜਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਜੱਗ ਜਾਹਿਰ ਕੀਤੀ ਜਾ ਚੁਕੀ ਹੈ। ਉਸ ਦੇ ਬਾਵਜੂਦ ਵੀ ਜਾਣ-ਬੂਝ ਕੇ ਜਾਂਚ ਕਰ ਅਧਿਕਾਰੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : DCP ਤੇ MLA ਵਿਵਾਦ ਮਾਮਲਾ, ਵਿਧਾਇਕ ਡੀ.ਸੀ.ਪੀ ਨੂੰ ਦੇ ਰਿਹਾ ਧਮਕੀਆਂ, ਆਡੀਓ ਆਈ ਸਾਹਮਣੇ

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਹੀ ਇਨਸਾਫ਼ ਕਰਨਾ ਚਾਹੁੰਦੀ ਹੈ ਤਾਂ ਚੋਰ ਨੂੰ ਨਹੀਂ ਸਗੋਂ ਚੋਰ ਦੀ ਮਾਂ ਨੂੰ ਫੜਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੇ ਹੀ ਪੁਰਾਣੇ ਸਿਸਟਮ ਤੋਂ ਤੰਗ ਆ ਕੇ ਨਵੀਂ ਪਾਰਟੀ ਨੂੰ ਵੋਟ ਪਾ ਕੇ ਸਰਕਾਰ ਬਣਾਈ ਹੈ। ਇਹ ਅੰਕੜੇ ਚੋਣ ਕਮਿਸ਼ਨ ਦੇ ਰਿਕਾਰਡ 'ਚ ਚੈੱਕ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਲੋਕ ਨਿਰਮਾਣ ਵਿਭਾਗ ਦੇ ਬੱਚੇ-ਬੱਚੇ ਨੂੰ ਸਾਰੇ ਗੋਲਮਾਲ ਦੀ ਜਾਣਕਾਰੀ ਹੈ। ਇਸ ਲਈ ਅਲੀ ਬਾਬਾ 40 ਚੋਰ ਵਾਲੀ ਟੀਮ ਵੱਲੋਂ ਕਾਰਵਾਈ ਤੇਜ਼ ਕਰਕੇ ਭਗਵੰਤ ਮਾਨ ਦੀ ਸੋਚ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

30 ਅਧਿਕਾਰੀ ਚਾਰਜਸ਼ੀਟ ਤੇ 4 ਸਸਪੈਂਡ
ਕਾਂਗਰਸ ਸਰਕਾਰ ਦੌਰਾਨ ਲੋਕ ਨਿਰਮਾਣ ਵਿਭਾਗ ਸਿਆਸੀ ਦਬਾਅ 'ਚ ਹੋਏ ਗ਼ੈਰ ਕਾਨੂੰਨੀ ਕੰਮਾਂ ਦੇ ਚਲਦਿਆਂ ਜਿਥੇ 30 ਅਧਿਕਾਰੀ ਚਾਰਜ ਸ਼ੀਟ ਕੀਤੇ ਜਾ ਚੁਕੇ ਹਨ ਉਥੇ ਅੱਜ 4 ਅਧਿਕਾਰੀ ਮੁਅਤੱਲ ਕੀਤੇ ਗਏਹਨ। ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਨੁਰਾਗ ਵਰਮਾ ਵੱਲੋਂ ਦਿੱਤੇ ਗਏ ਹੁਕਮਾਂ 'ਚ ਐਕਸੀਅਨ ਸਤੀਸ਼ ਗੋਇਲ, ਐੱਸ.ਡੀ.ਓ ਤੇਗਵੰਸ਼ ਸਿੰਘ ਸਿੱਧੂ, ਜੇ.ਈ ਦਵਿੰਦਰ ਸਿੰਘ ਤੇ ਪੀਯੂਸ਼ ਬਾਂਸਲ ਨੂੰ ਮੁਅਤੱਲ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਹੈਡ ਕੁਆਟਰ ਚੀਫ਼ ਇੰਜੀਨੀਅਰ ਪਟਿਆਲਾ ਵਿਖੇ ਲਾਈਨ ਹਾਜ਼ਰ ਕਰਦਿਆਂ ਹੁਕਮ ਦਿੱਤੇ ਗਏ ਹਨ ਕਿ ਚੀਫ਼ ਇੰਜੀਨੀਅਰ ਹੈਡ ਕੁਆਟਰ ਦੀ ਮਨਜ਼ੂਰੀ ਤੋਂ ਬਿਨਾਂ ਆਪਣਾ ਸਟੇਸ਼ਨ ਨਹੀਂ ਛੱਡਣਗੇ।   


Mandeep Singh

Content Editor

Related News