''ਪੜ੍ਹੋ ਪੰਜਾਬ'' ਪ੍ਰਾਜੈਕਟ ਰੋਕਣ ਵਾਲੇ 163 ਹੋਰ ਅਧਿਆਪਕਾਂ ਨੂੰ ਨੋਟਿਸ

Friday, Apr 20, 2018 - 07:38 AM (IST)

ਚੰਡੀਗੜ੍ਹ  (ਭੁੱਲਰ) - ਸਿੱਖਿਆ ਵਿਭਾਗ ਪੰਜਾਬ ਨੇ ਆਧੁਨਿਕ ਤਰੀਕੇ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ਗਏ 'ਪੜ੍ਹੋ ਪੰਜਾਬ' ਪ੍ਰਾਜੈਕਟ ਨੂੰ ਰੋਕਣ ਦੇ ਦੋਸ਼ਾਂ ਵਿਚ 163 ਹੋਰ ਅਧਿਆਪਕਾਂ 'ਤੇ ਕਾਰਵਾਈ ਕੀਤੀ ਹੈ। ਵਿਭਾਗ ਵਲੋਂ ਬੀਤੇ ਦਿਨੀਂ ਫਿਰੋਜ਼ਪੁਰ ਵਿਖੇ ਸਿੱਖਿਆ ਸਕੱਤਰ ਵਲੋਂ ਤਾਇਨਾਤ ਵਿਸ਼ੇਸ਼ ਟੀਮਾਂ ਦਾ ਸਕੂਲਾਂ 'ਚ ਪੜ੍ਹੋ ਪੰਜਾਬ ਪ੍ਰਾਜੈਕਟ ਦੇ ਵਿਜ਼ਿਟ ਲਈ ਪਹੁੰਚਣ ਸਮੇਂ ਘਿਰਾਓ ਕੀਤੇ ਜਾਣ ਕਾਰਨ ਇਨ੍ਹਾਂ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਚਾਰਜਸ਼ੀਟ ਵੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਵਿਭਾਗ ਵਲੋਂ ਪੂਰੇ ਪੰਜਾਬ ਵਿਚ ਸਾਰੇ ਜ਼ਿਲਿਆਂ ਤੋਂ ਪੜ੍ਹੋ ਪੰਜਾਬ ਪ੍ਰਾਜੈਕਟ ਦਾ ਵਿਰੋਧ ਕਰਨ ਵਾਲੇ ਅਧਿਆਪਕਾਂ ਦੀ ਜਾਣਕਾਰੀ ਮੰਗੀ ਗਈ ਹੈ। ਅਧਿਆਪਕਾਂ ਦੇ ਸਾਂਝੇ ਮੰਚ ਵਲੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਤੇ ਅਧਿਆਪਕ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਅੰਦੋਲਨ ਜਾਰੀ ਰੱਖਣ ਲਈ ਅੜੇ ਹੋਏ ਹਨ। ਇਸੇ ਦੌਰਾਨ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ, ਐਕਸ਼ਨ ਕਮੇਟੀ ਐੱਸ.ਐੱਸ.ਏ ਰਮਸਾ ਟੀਚਰਜ਼ ਯੂਨੀਅਨ ਪੰਜਾਬ ਅਤੇ 5178 ਮਾਸਟਰ ਕਾਡਰ ਯੂਨੀਅਨ ਨੇ ਵਿਭਾਗ ਵਲੋਂ ਅਧਿਆਪਕਾਂ ਨੂੰ ਜਾਰੀ ਕੀਤੇ ਜਾ ਰਹੇ ਨੋਟਿਸਾਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਪੜ੍ਹੋ ਪੰਜਾਬ ਪ੍ਰਾਜੈਕਟ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਮੰਗ ਉਠਾਈ ਹੈ। 
ਇਨ੍ਹਾਂ ਅਧਿਆਪਕ ਜਥੇਬੰਦੀਆਂ ਦੇ ਸੂਬਾਈ ਆਗੂਆਂ ਭੁਪਿੰਦਰ ਸਿੰਘ ਵੜੈਚ, ਦਵਿੰਦਰ ਸਿੰਘ ਪੂਨੀਆ, ਜਰਮਨਜੀਤ ਸਿੰਘ, ਵਿਕਰਮ ਦੇਵ ਸਿੰਘ, ਹਰਦੀਪ ਸਿੰਘ ਟੋਡਰਪੁਰ, ਸੁਖਦੀਪ ਸਿੰਘ ਤਪਾ, ਇੰਦਰਜੀਤ ਸਿੰਘ ਅਤੇ ਕੁਲਦੀਪ ਸਿੰਘ ਗੋਬਿੰਦਪੁਰਾ ਨੇ ਕਿਹਾ ਕਿ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀਆਂ ਡਿਊਟੀਆਂ ਤਹਿਤ ਹਜ਼ਾਰਾਂ ਅਧਿਆਪਕਾਂ ਨੂੰ ਸਕੂਲਾਂ ਵਿਚੋਂ ਬਾਹਰ ਕਰ ਕੇ ਫਜ਼ੂਲ ਦੇ ਅੰਕੜੇ ਇਕੱਠੇ ਕਰਨ ਅਤੇ ਗੈਰ-ਵਿੱਦਿਅਕ ਕੰਮਾਂ ਵਿਚ ਲਾ ਕੇ ਵਿਦਿਆਰਥੀਆਂ ਦੀ ਸਿੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।


Related News