ਪਾਣੀ ਦੀ ਬਰਬਾਦੀ ’ਤੇ 52 ਘਰਾਂ ਨੂੰ ਜਾਰੀ ਕੀਤੇ ਗਏ ਨੋਟਿਸ

Monday, Apr 17, 2023 - 12:52 PM (IST)

ਚੰਡੀਗੜ੍ਹ (ਰਾਜਿੰਦਰ) : ਗਰਮੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਸ਼ਹਿਰ 'ਚ ਪਾਣੀ ਦੀ ਮੰਗ ਵੱਧ ਗਈ ਹੈ। ਅਜਿਹੇ 'ਚ ਜਿਹੜੇ ਲੋਕ ਪਾਣੀ ਦੀ ਬਰਬਾਦੀ ਕਰਦੇ ਹਨ, ਉਨ੍ਹਾਂ ’ਤੇ ਚੰਡੀਗੜ੍ਹ ਨਗਰ ਨਿਗਮ ਸਖ਼ਤੀ ਕਰ ਰਿਹਾ ਹੈ। ਐਤਵਾਰ ਸਵੇਰੇ ਪਾਣੀ ਨੂੰ ਬਰਬਾਦ ਕਰਨ ’ਤੇ 52 ਘਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਨੂੰ 2 ਦਿਨ ਦਾ ਸਮਾਂ ਦਿੱਤਾ ਗਿਆ ਹੈ। ਇਹ ਪਾਣੀ ਦੀ ਬਰਬਾਦੀ ਨੂੰ ਨਹੀਂ ਰੋਕਦੇ ਤਾਂ ਇਨ੍ਹਾਂ ਦਾ 5250 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਨਿਗਮ ਨੇ ਚਲਾਨ ਕੱਟਣ ਤੇ ਨੋਟਿਸ ਦੇਣ ਦੀ ਪ੍ਰਕਿਰਿਆ ਸ਼ਨੀਵਾਰ ਤੋਂ ਸ਼ੁਰੂ ਕੀਤੀ ਹੈ। ਪਹਿਲੇ ਦਿਨ ਸ਼ਨੀਵਾਰ 74 ਘਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਦੋ ਲੋਕਾਂ ਦੇ 5250 ਰੁਪਏ ਦੇ ਚਲਾਨ ਕੱਟੇ ਗਏ ਸਨ। ਨਿਗਮ ਦੀਆਂ ਵੱਖ-ਵੱਖ ਟੀਮਾਂ ਰੋਜ਼ਾਨਾ ਸਵੇਰੇ 5.30 ਤੋਂ 8.30 ਵਜੇ ਦੇ ਵਿਚਕਾਰ ਵੱਖ-ਵੱਖ ਹਿੱਸਿਆਂ 'ਚ ਘੁੰਮ ਰਹੀਆਂ ਹਨ। ਇਸ ਦੌਰਾਨ ਜੋ ਵੀ ਵਿਅਕਤੀ ਪਾਣੀ ਦੀ ਬਰਬਾਦੀ ਕਰਦਾ ਪਾਇਆ ਜਾਂਦਾ ਹੈ, ਉਸ ਨੂੰ ਨੋਟਿਸ ਦਿੱਤਾ ਜਾ ਰਿਹਾ ਹੈ ਜਾਂ ਚਲਾਨ ਕੱਟਿਆ ਜਾ ਰਿਹਾ ਹੈ।
ਇੰਝ ਨੋਟਿਸ ਨਹੀਂ, ਸਿੱਧਾ ਚਲਾਨ
ਨਿਗਮ ਵਲੋਂ ਦੱਸਿਆ ਗਿਆ ਹੈ ਕਿ ਕੋਈ ਵੀ ਤਾਜ਼ੇ ਪਾਣੀ ਨਾਲ ਵਾਹਨ ਜਾਂ ਵਿਹੜਾ ਧੋਂਦਾ ਜਾਂ ਲਾਅਨ ਨੂੰ ਪਾਣੀ ਦਿੰਦਾ ਮਿਲਿਆ ਤਾਂ ਨੋਟਿਸ ਨਹੀਂ, ਸਗੋਂ ਸਿੱਧਾ 5250 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਚਲਾਨ ਦੀ ਰਾਸ਼ੀ ਬਿੱਲ 'ਚ ਜੋੜ ਕੇ ਭੇਜ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੀਟਰ ਚੈਂਬਰ 'ਚ ਰਿਸਾਅ ਜਾਂ ਟੈਂਕੀ ਓਵਰਫਲੋਅ ਹੋ ਰਹੀ ਹੋਵੇਗੀ ਤਾਂ ਸਬੰਧਿਤ ਵਿਅਕਤੀ ਨੂੰ ਦੋ ਦਿਨ ਦਾ ਨੋਟਿਸ ਦਿੱਤਾ ਜਾਵੇਗਾ। ਦੋ ਦਿਨਾਂ ਵਿਚ ਰਿਸਾਅ ਨੂੰ ਬੰਦ ਨਾ ਕੀਤਾ ਤਾਂ 5250 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ।


Babita

Content Editor

Related News