ਕੋਵਿਡ ਟੀਕਾਕਰਨ ਦੀ ਤੈਅ ਤੋਂ ਵੱਧ ਫ਼ੀਸ ਵਸੂਲਣ ਵਾਲੇ ਹਸਪਤਾਲ ਨੂੰ ਭੇਜਿਆ ਗਿਆ ਨੋਟਿਸ
Friday, Apr 22, 2022 - 12:33 PM (IST)
ਲੁਧਿਆਣਾ (ਜ.ਬ.) : ਕੋਵਿਡ-19 ਟੀਕਾਕਰਨ ਦੀ ਤੈਅ ਤੋਂ ਜ਼ਿਆਦਾ ਫ਼ੀਸ ਵਸੂਲਣ ਵਾਲੇ ਇਕ ਨਿੱਜੀ ਹਸਪਤਾਲ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਨ ਦੱਸੋ ਨੋਟਿਸ ਕੱਢਿਆ ਗਿਆ ਹੈ। ਇਕ ਸ਼ਹਿਰੀ ਵੱਲੋਂ ਡੀ. ਸੀ. ਸੁਰਭੀ ਮਲਿਕ ਨੂੰ ਟਵੀਟ ਰਾਹੀਂ ਸ਼ਿਕਾਇਤ ਭੇਜ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹਰਕਤ ਵਿਚ ਆਏ ਪ੍ਰਸ਼ਾਸਨ ਨੇ ਹਸਪਤਾਲ ਨੂੰ ਨੋਟਿਸ ਭੇਜ ਕੇ ਜਵਾਬ ਦੇਣ ਲਈ ਆਖਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ. ਸੀ. ਮਲਿਕ ਨੇ ਦੱਸਿਆ ਕਿ ਇਕ ਸ਼ਹਿਰੀ ਵੱਲੋਂ ਕੀਤੇ ਟਵੀਟ ’ਚ ਦੋਸ਼ ਲਾਇਆ ਗਿਆ ਸੀ ਕਿ ਸ਼ਹਿਰ ’ਚ ਨਿੱਜੀ ਹਸਪਤਾਲ ਸਰਕਾਰ ਵੱਲੋਂ ਕੋਰੋਨਾ ਦੀ ਡੋਜ਼ ਦੀ ਤੈਅ ਫ਼ੀਸ ਤੋਂ ਉਲਟ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ।
ਉਸ ਦਾ ਦੋਸ਼ ਸੀ ਕਿ ਹਸਪਤਾਲ ’ਚ ਕੋਵਿਸ਼ੀਲਡ ਦੀ ਡੋਜ਼ 780 ਰੁਪਏ ਅਤੇ ਕੋਵੈਕਸੀਨ ਲਈ 1200 ਰੁਪਏ ਫ਼ੀਸ ਵਸੂਲੀ ਜਾ ਰਹੀ ਹੈ, ਜਦੋਂਕਿ ਸਰਕਾਰ ਨੇ ਇਸ ਦੇ ਲਈ 225 ਰੁ. ਅਤੇ 150 ਰੁਪਏ ਫ਼ੀਸ ਤੈਅ ਕੀਤੀ ਹੈ। ਡੀ. ਸੀ. ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਜ਼ਿਲਾ ਟੀਕਾਕਰਨ ਅਧਿਕਾਰੀ ਨੂੰ ਉਕਤ ਹਸਪਤਾਲ ’ਚ ਜਾਂਚ ਲਈ ਭੇਜਿਆ ਗਿਆ ਸੀ। ਉਨ੍ਹਾਂ ਹਸਪਤਾਲ ਨੂੰ ਨੋਟਿਸ ਭੇਜ ਕੇ ਪੁੱਛਿਆ ਕਿ ਕਿਉਂ ਨਹੀਂ ਉਨ੍ਹਾਂ ਦੇ ਟੀਕਾਕਰਨ ਨੂੰ ਬੰਦ ਕਰ ਦਿੱਤਾ ਜਾਵੇ। ਉਨ੍ਹਾਂ ਨੇ ਸਾਰੇ ਨਿੱਜੀ ਹਸਪਤਾਲਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਟੀਕਾਕਰਨ ਲਈ ਸਰਕਾਰ ਵੱਲੋਂ ਤੈਅ ਫ਼ੀਸ ਹੀ ਲਵੇ। ਜੇਕਰ ਕੋਈ ਇਸ ਦੇ ਉਲਟ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।